ਹਰੀਸ਼ ਕਾਲੜਾ
ਰੂਪਨਗਰ, 11 ਅਗਸਤ 2020 - ਪੰਜਾਬੀ ਅਤੇ ਤੇਲਗੂ ਫ਼ਿਲਮਾਂ ਦੀ ਮਸ਼ਹੂਰ ਫ਼ਿਲਮੀ ਅਭਿਨੇਤਰੀ ਪਾਇਲ ਰਾਜਪੂਤ ਨੇ ਇੱਛਾ ਪ੍ਰਗਟ ਕੀਤੀ ਹੈ ਉਹ ਲੋੜਵੰਦ ਬਜ਼ੁਰਗਾਂ ਲਈ ਓਲਡ ਏਜ਼ ਹੋਮ ਕਾਇਮ ਕਰੇਗੀ। ਉਨ੍ਹਾਂ ਇਸ ਗੱਲ ਦਾ ਪ੍ਰਗਟਾਵਾ ਇੱਥੇ ਹਵੇਲੀ ਕਲਾਂ ਵਿਖੇ ਸਰਸਵਤੀ ਦੇਵੀ ਮੁੰਦਰਾ ਚੇਰੀਟੇਬਲ ਟਰੱਸਟ (ਰਜਿ.) ਵਲੋਂ ਬਜ਼ੁਰਗਾਂ ਲਈ ਕਾਇਮ ਕੀਤੇ ''ਆਪਣਾ ਘਰ" ਵੇਖਣ ਸਮੇਂ ਕੀਤਾ। ਅਭਿਨੇਤਰੀ ਪਾਇਲ ਰਾਜਪੂਤ ਜੋ ਕਿ ਰੂਪਨਗਰ ਦੇ ਨੋਜਵਾਨਾਂ ਵਲੋਂ ਤਿਆਰ ਕੀਤੇ ਗਏ ਰਾਸਕ ਐਪ ਨੂੰ ਲਾਂਚ ਕਰਨ ਆਏ ਸਨ।
ਉਹ ''ਆਪਣਾ ਘਰ" 'ਚ ਰਹਿ ਰਹੇ ਬਜ਼ੁਰਗਾਂ ਨੂੰ ਮਿਲੇ ਅਤੇ ਉਨ੍ਹਾਂ ਇਸ ਘਰ 'ਚ ਬਜ਼ੁਰਗਾਂ ਦੀ ਰਿਹਾਇਸ ਲਈ ਕੀਤੇ ਵਧੀਆ ਪ੍ਰਬੰਧਾਂ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਇਹ ਵੇਖ ਕੇ ਬਹੁਤ ਚੰਗਾ ਲਗਿਆ ਹੈ ਕਿ ਇਹ ਘਰ 'ਚ ਬਜ਼ੁਰਗਾਂ ਦੇ ਰਹਿਣ ਲਈ ਖੁਲ੍ਹੀ ਥਾਂ ਤੇ ਸਾਫ ਸੁਥਰੇ ਵਾਤਾਵਰਣ ਦਾ ਪ੍ਰਬੰਧ ਹੈ। ਜਦਕਿ ਉਨ੍ਹਾਂ ਨੂੰ ਮੁੰਬਈ ਵਰਗੇ ਵੱਡੇ ਸਹਿਰਾਂ 'ਚ ਓਲਡ ਏਜ਼ ਹੋਮ ਵਿੱਚ ਅਜਿਹਾ ਮਹੌਲ ਵੇਖਣ ਨੂੰ ਨਹੀਂ ਮਿਲਦਾ।
ਉਨ੍ਹਾਂ ਪ੍ਰਬੰਧਕਾਂ ਵਲੋਂ ਬਜ਼ੁਰਗਾਂ ਲਈ ਕੀਤੇ ਵਧਿਆ ਪ੍ਰਬੰਧਾਂ ਲਈ ਵਧਾਈ ਦਿੱਤੀ। ਇਸ ਮੌਕੇ ਟਰੱਸਟ ਪ੍ਰਧਾਨ ਰਾਜਿੰਦਰ ਸੈਣੀ ਨੇ ਅਭਿਨੇਤਰੀ ਦਾ ਬਜ਼ੁਰਗਾਂ ਦਾ ''ਆਪਣਾ ਘਰ" ਵੇਖਣ ਲਈ ਆਉਣ ਤੇ ਉਨ੍ਹਾਂ ਸਵਾਗਤ ਕੀਤਾ ਅਤੇ ਆਪਣਾ ਘਰ ਦੇ ਬਾਨੀ ਲੇਟ ਸ਼੍ਰੀ ਐਲ. ਆਰ. ਮੁੰਦਰਾ ਦੇ ਸਮਾਜਸੇਵੀ ਕਾਰਜ਼ਾ ਤੋਂ ਜਾਣੂ ਕਰਵਾਇਆ। ਇਸ ਮੌਕੇ ਸੰਸਥਾ ਦੇ ਟਰੱਸਟੀ ਬਹਾਦਰਜੀਤ ਸਿੰਘ, ਸੈਣੀ ਭਵਨ ਦੇ ਟਰੱਸਟੀ ਦੇਵਿੰਦਰ ਸਿੰਘ ਜਟਾਣਾ, ਕੇ. ਐਸ ਭੋਗਲ ਮੈਨੇਜਰ ਆਪਣਾ ਘਰ, ਸਮਾਜਿਕ ਕਾਰਜਕਰਤਾ ਵਕੀਲ ਦਿਨੇਸ਼ ਚੱਢਾ, ਕੇਸ਼ਵ ਸ਼ਰਮਾ, ਸੌਰਭ ਢੀਂਗਰਾ ਆਦਿ ਹਾਜ਼ਰ ਸਨ।
ਚੰਨਾ ਮੇਰਿਆ, ਮੈਰਿਜ ਪੈਲਿਸ, ਮਿਸਟਰ ਐਂਡ ਮਿਸਿਜ਼ 420 ਰਿਟਰਨਜ਼, ਵਰਗੀਆਂ ਮਸ਼ਹੂਰ ਪੰਜਾਬੀ ਫ਼ਿਲਮਾਂ ਅਤੇ ਵੈਂਕੀ ਮਾਮਾ, ਡਿਸਕੋ ਰਾਜਾ, ਆਰ ਦੀ ਐਕਸ ਲਵ ਵਰਗੀਆਂ ਤੇਲਗੂ ਫ਼ਿਲਮਾਂ ਕਰ ਚੁੱਕੀ ਅਭਿਨੇਤਰੀ ਪਾਇਲ ਰਾਜਪੂਤ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਪੰਜਾਬੀ ਫਿਲਮਾਂ ਦਾ ਭਵਿੱਖ ਬਹੁਤ ਉਜ਼ਲ ਹੈ। ਪੰਜਾਬੀ ਸਭਿਆਚਾਰ ਦਾ ਵਿਸਵ ਵਿੱਚ ਕੋਈ ਮੁਕਾਬਲਾ ਨਹੀਂ ਹੈ। ਮੈਨੂੰ ਪੰਜਾਬ ਵਰਗਾ ਪਿਆਰ ਕਿਤੇ ਵੀ ਵੇਖਣ ਨੂੰ ਨਹੀਂ ਮਿਲਿਆ।