ਹੋਲਾ ਮਹੱਲਾ! ਪ੍ਰਸਾਸ਼ਨ ਦੀ ਡੇਰਾ ਪ੍ਰਬੰਧਕਾਂ ਨੂੰ ਅਪੀਲ, ਡੇਰਿਆਂ 'ਚ CCTV ਕੈਮਰੇ ਲਗਵਾਉਣ
ਸ੍ਰੀ ਅਨੰਦਪੁਰ ਸਾਹਿਬ ਪ੍ਰਸਾਸ਼ਨ ਵਲੋਂ ਡੇਰਾ ਮੁਖੀ/ਪ੍ਰਬੰਧਕਾਂ ਨੂੰ ਹੋਲਾ ਮਹੱਲਾ ਦੌਰਾਨ ਸਹਿਯੋਗ ਦੀ ਅਪੀਲ
ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਅਤੇ ਐਸ.ਪੀ ਰਾਜਪਾਲ ਸਿੰਘ ਹੁੰਦਲ ਨੇ ਡੇਰਾ ਪ੍ਰਬੰਧਕਾ ਨਾਲ ਕੀਤੀ ਵਿਸ਼ੇਸ ਮੀਟਿੰਗ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 18 ਮਾਰਚ ,2024 ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਅਤੇ ਐਸ.ਪੀ ਰਾਜਪਾਲ ਸਿੰਘ ਹੁੰਦਲ ਨੇ ਹੋਲਾ ਮਹੱਲਾ ਦੇ ਤਿਉਹਾਰ ਮੌਕੇ ਸਥਾਨਕ ਡੇਰਾ ਮੁਖੀਆ/ਪ੍ਰਬੰਧਕਾਂ ਨਾਲ ਇੱਕ ਵਿਸੇਸ਼ ਮੀਟਿੰਗ ਕੀਤੀ ਅਤੇ ਹੋਲਾ ਮਹੱਲਾ ਦੌਰਾਨ ਉਨ੍ਹਾਂ ਤੋ ਸਹਿਯੋਗ ਦੀ ਮੰਗ ਕੀਤੀ।
ਅੱਜ ਦੀ ਮੀਟਿੰਗ ਵਿਚ ਸਥਾਨਕ ਡੇਰਿਆ ਦੇ ਮੁਖੀ, ਸੇਵਾਦਾਰ/ਪ੍ਰਬੰਧਕ ਵੱਡੀ ਗਿਣਤੀ ਵਿਚ ਹਾਜ਼ਰ ਸਨ। ਜਿਨ੍ਹਾਂ ਵਿਚ ਮੁੱਖ ਤੌਰ ਤੇ ਬਾਬਾ ਅਵਤਾਰ ਸਿੰਘ ਹੈਡ ਦਰਬਾਰ ਕੋਟ ਪ੍ਰਾਣ ਟਿੱਬੀ ਸਾਹਿਬ, ਬਾਬਾ ਹਰਬੰਸ ਸਿੰਘ ਡੇਰਾ ਨਾਨਕ ਰਾਏ, ਬਾਬਾ ਬੱਲਮ ਸਿੰਘ ਡੇਰਾ ਸ਼ਹੀਦ ਭਾਈ ਉਦੇ ਸਿੰਘ ਗੁਰਦੁਆਰਾ ਥੜ੍ਹਾ ਸਾਹਿਬ, ਬਾਬਾ ਮੇਜਰ ਸਿੰਘ ਗੁ.ਅਨੰਦਪੁਰ ਸਾਹਿਬ ਲੋਪੋਵਾਲਾ, ਬਾਬਾ ਖੜਕ ਸਿੰਘ ਡੇਰਾ ਗੁਪਤਸਰ ਪਿੰਡ ਲੋਦੀਪੁਰ, ਬਾਬਾ ਅਮਰਜੀਤ ਸਿੰਘ ਸ੍ਰੀ ਹਰਗੋਬਿੰਦ ਸਾਹਿਬ ਰਣਜੀਤ, ਬਾਬਾ ਮੇਜਰ ਸਿੰਘ- ਬਾਬਾ ਸੁਲੱਖਣ ਸਿੰਘ ਲੋਧੀਪੁਰ, ਬਾਬਾ ਦਵਿੰਦਰ ਸਿੰਘ ਲੰਗਰ ਗੁ. ਰਾਮਪੁਰ ਖੰਨਾ ਹੁਸ਼ਿਆਰਪੁਰ, ਬਾਬਾ ਗੁਰਤੇਜ ਸਿੰਘ ਗੁ. ਬੋਹੜ ਸਾਹਿਬ ਪਾਤਸ਼ਾਹੀ 6ਵੀਂ, ਸੰਤ ਬਾਬਾ ਨਰਿੰਦਰ ਸਿੰਘ ਬੁੰਗਾ- ਸੰਤ ਹਰੀ ਸਿੰਘ ਕਹਾੜਪੁਰੀ, ਬਾਬਾ ਪੂਰਨ ਸਿੰਘ- ਬਾਬਾ ਸ੍ਰੀ ਚੰਦ ਬਾਬਾ ਬਲਕਾਰ ਸਿੰਘ, ਡੇਰਾ ਸੰਤ ਘਨੱਇਆ ਸਿੰਘ-ਵੈਦ ਜੁਗਿੰਦਰ ਸਿੰਘ, ਸ.ਆਤਮਾ ਸਿੰਘ ਡੇਰਾ ਡੁਮੇਲੀਵਾਲੇ, ਬਾਬਾ ਅਰਜਨ ਸਿੰਘ ਗ੍ਰੰਥੀ ਗੁ.ਦਸ਼ਮੇਸ਼ ਬੰਗਾ ਪਰਿਵਾਰ ਵਿਛੋੜਾ, ਬਾਬਾ ਗੁਰਨੈਬ ਸਿੰਘ ਸ੍ਰੀ ਅਨੰਦਪੁਰ ਸਾਹਿਬ-ਨੂਰਪੁਰਬੇਦੀ, ਬਾਬਾ ਕੁਲਦੀਪ ਸਿੰਘ ਸੈਕੂਪੁਰ, ਬਾਬਾ ਤਰਨਪਾਲ ਸਿੰਘ ਗੁ.ਸੰਤ ਬਾਬਾ ਕਰਮ ਸਿੰਘ ਰਾੜਾ ਸਾਹਿਬ, ਬਾਬਾ ਗੁਰਦਿਤਾ ਸਿੰਘ ਗੁ. ਅੰਗੀਠਾ ਸਾਹਿਬ ਅਤੇ ਹੋਰ ਡੇਰਿਆ ਦੇ ਮੁਖੀ, ਪ੍ਰਬੰਧਕ ਤੇ ਸੇਵਾਦਾਰ ਹਾਜ਼ਰ ਸਨ।
ਵਧੀਕ ਡਿਪਟੀ ਕਮਿਸ਼ਨਰ ਪੂਜਾ ਸਿਆਲ ਗਰੇਵਾਲ ਨੇ ਕਿਹਾ ਕਿ ਹੋਲਾ ਮਹੱਲਾ ਦੌਰਾਨ ਪ੍ਰਸਾਸ਼ਨ ਵਲੋ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਵਿਚ ਡੇਰਿਆ ਦੇ ਪ੍ਰਬੰਧਕਾਂ ਦਾ ਸਹਿਯੋਗ ਬੇਹੱਦ ਜਰੂਰੀ ਹੈ, ਸੰਗਤਾਂ/ਸ਼ਰਧਾਲੂਆਂ ਦੀਆ ਭਾਵਨਾਵਾਂ ਧਾਰਮਿਕ ਸਥਾਨਾ ਨਾਲ ਜੁੜੀਆਂ ਹਨ। ਹੋਲਾ ਮਹੱਲਾ ਦੌਰਾਨ ਆਉਣ ਵਾਲੀ ਸੰਗਤ ਲਈ ਸੰਤ ਸਮਾਜ ਅਪੀਲ ਕਰੇ ਕਿ ਸੰਗਤ ਪ੍ਰਸਾਸ਼ਨ ਨੂੰ ਸਹਿਯੋਗ ਦੇਵੇ। ਲੰਗਰ ਲਈ ਰਸਦ ਲੈ ਕੇ ਆਉਣ ਵਾਲੇ ਸ਼ਰਧਾਲੂਆ ਲਈ ਵਿਸੇਸ਼ ਸਮਾਂ ਸਾਰਨੀ ਤਹਿ ਕਰਕੇ ਉਚੇਚੇ ਪ੍ਰਬੰਧ ਕੀਤੇ ਜਾਣਗੇ ਤਾਂ ਜੋ ਉਨ੍ਹਾਂ ਨੂੰ ਆਪਣੀ ਸ਼ਰਧਾ ਮੁਤਾਬਿਕ ਢੁਕਵੇ ਸਥਾਨ ਤੇ ਰਸਦ ਪਹੁੰਚਾਉਣ ਵਿੱਚ ਕੋਈ ਔਕੜ ਨਾ ਹੋਵੇ। ਉਨ੍ਹਾਂ ਕਿਹਾ ਕਿ ਹੋਲਾ ਮਹੱਲਾ ਇੱਕ ਧਾਰਮਿਕ ਤਿਉਹਾਰ ਹੈ, ਕਈ ਵਾਰ ਸ਼ਰਧਾਲੂ ਮੋਟਰਸਾਈਕਲਾਂ ਦੇ ਸਾਈਲੈਸਰ ਉਤਾਰ ਕੇ ਟਰੈਕਟਰ, ਟਰਾਲੀਆਂ ਜਾ ਟਰਾਲਿਆ ਉਤੇ ਵੱਡੇ ਵੱਡੇ ਸਪੀਕਰ ਲਗਾ ਕੇ ਮੇਲਾ ਖੇਤਰ ਵਿਚ ਦਾਖਲ ਹੁੰਦੇ ਹਨ, ਜਿਸ ਨਾਲ ਪ੍ਰਸਾਸ਼ਨ ਵਲੋ ਆਮ ਸੰਗਤ ਤੱਕ ਪਹੁੰਚਾਈ ਜਾ ਰਹੀ ਜਰੂਰੀ ਸੂਚਨਾ ਵਧੇਰੇ ਸ਼ੋਰ ਸਰਾਬਾ ਹੋਣ ਕਾਰਨ ਸੰਗਤਾ ਤੱਕ ਨਹੀ ਪਹੁੰਚ ਸਕਦੀ।
ਇਸ ਲਈ ਸ਼ਰਧਾਲੂ/ਸੰਗਤਾ ਨੂੰ ਅਪੀਲ ਕੀਤੀ ਹੈ ਕਿ ਉਹ ਅਜਿਹੇ ਵੱਡੇ ਸਪੀਕਰ ਜਾਂ ਬਿਨਾ ਸਾਈਲੈਸਰ ਮੋਟਰਸਾਈਕਲ ਲੈ ਕੇ ਮੇਲਾ ਖੇਤਰ ਵਿਚ ਦਾਖਲ ਨਾ ਹੋਣ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਮਾਡਲ ਆਦਰਸ਼ ਚੋਣ ਜਾਬਤਾ ਲਾਗੂ ਹੋ ਚੁੱਕਾ ਹੈ, ਵਿਦਿਆਰਥੀਆਂ ਦੀਆ ਪ੍ਰੀਖਿਆਵਾ ਵੀ ਹਨ, ਇਸ ਲਈ ਸੰਜਮ ਵਰਤਿਆ ਜਾਵੇ। ਉਨ੍ਹਾਂ ਨੇ ਕਿਹਾ ਕਿ ਪ੍ਰਸਾਸ਼ਨ ਦੇ ਸਾਰੇ ਅਧਿਕਾਰੀ ਇਸ ਪਵਿੱਤਰ ਗੁਰੂ ਨਗਰੀ ਵਿੱਚ ਸੇਵਾਂ ਦੀ ਭਾਵਨਾ ਨਾਲ ਹੀ ਕੰਮ ਕਰ ਰਹੇ ਹਨ। ਅੱਜ ਦੀ ਇਸ ਵਿਸੇਸ਼ ਮੀਟਿੰਗ ਦਾ ਮੰਤਵ ਡੇਰਾ ਮੁਖੀਆਂ ਤੋ ਫੀਡਬੈਂਕ ਲੈ ਕੇ ਦਰਪੇਸ਼ ਔਕੜਾ ਨੂੰ ਦੂਰ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਹੋਲਾ ਮਹੱਲਾ ਤੋ ਪਹਿਲਾ ਸਮੁੱਚੇ ਮੇਲਾ ਖੇਤਰ ਦੀ ਸਾਫ ਸਫਾਈ ਕਰਵਾਈ ਜਾ ਰਹੀ ਹੈ ਅਤੇ ਸੰਗਤਾ ਦੀ ਸਹੂਲਤ ਲਈ ਸਾਰੇ ਪ੍ਰਬੰਧ ਸੁਚਾਰੂ ਕਰ ਲਏ ਗਏ ਹਨ।
ਐਸ.ਪੀ ਰਾਜਪਾਲ ਸਿੰਘ ਹੁੰਦਲ ਨੇ ਕਿਹਾ ਕਿ ਅਸੀ ਡੇਰਾ ਪ੍ਰਬੰਧਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹ ਡੇਰਿਆ ਵਿਚ ਸੀ.ਸੀ.ਟੀ.ਵੀ ਕੈਮਰੇ ਲਗਵਾਉਣ, ਜਿਸ ਨਾਲ ਹੋਰ ਸੁਰੱਖਿਆ ਦਾ ਵਾਤਾਵਰਣ ਤਿਆਰ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਇਨ੍ਹਾਂ ਡੇਰਿਆ ਵਲੋਂ ਹਮੇਸ਼ਾ ਪ੍ਰਸਾਸ਼ਨ ਨੂੰ ਸਹਿਯੋਗ ਦਿੱਤਾ ਜਾਂਦਾ ਹੈ ਅਤੇ ਸੰਗਤ ਦੇ ਸਹਿਯੋਗ ਨਾਲ ਹੀ ਇਹ ਸੰਭਵ ਹੈ। ਡੇਰਾ ਪ੍ਰਬੰਧਕਾਂ ਨੇ ਵਧੀਕ ਡਿਪਟੀ ਕਮਿਸਨਰ ਅਤੇ ਐਸ.ਪੀ ਨੂੰ ਭਰੋਸਾ ਦਿੱਤਾ ਕਿ ਉਹ ਪ੍ਰਸਾਸ਼ਨ ਨੂੰ ਆਪਣਾ ਪੂਰਾ ਸਹਿਯੋਗ ਦੇਣਗੇ। ਉਨ੍ਹਾਂ ਨੇ ਸੰਗਤ ਦੀ ਸਹੂਲਤ ਲਈ ਕੁਝ ਸੁਝਾਅ ਦਿੱਤੇ ਜ਼ਿਨ੍ਹਾਂ ਬਾਰੇ ਅਧਿਕਾਰੀਆਂ ਨੇ ਗੰਭੀਰਤਾ ਨਾਲ ਵਿਚਾਰ ਕਰਨ ਉਪਰੰਤ ਸਾਰੀਆਂ ਮੁਸਕਿਲਾ ਹੱਲ ਕਰਨ ਦਾ ਭਰੋਸਾ ਦਿੱਤਾ।ਅੱਜ ਦੀ ਇਸ ਮੀਟਿੰਗ ਵਿੱਚ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਵਾਲਿਆਂ ਨੇ ਪ੍ਰਸਾਸ਼ਨ ਨੂੰ ਮਸ਼ਵਰਾ ਦਿੱਤਾ ਕਿ ਸੜਕਾਂ ਦੇ ਆਲੇ ਦੁਆਲੇ ਹੋਣ ਵਾਲੇ ਨਜਾਇਜ ਕਬਜੇ ਅਤੇ ਲੱਗਣ ਵਾਲੀਆਂ ਰੇਹੜੀਆਂ/ਫੜਿਆਂ ਤੇ ਮੁਕੰਮਲ ਪਾਬੰਦੀ ਲਗਾਈ ਜਾਵੇ, ਨਸ਼ਾ ਵੇਚਣ ਵਾਲਿਆਂ ਨੂੰ ਕਾਬੂ ਕਰਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ, ਭੰਗ ਅਤੇ ਸੁੱਖੇ ਦੀ ਵਰਤੋ ਤੇ ਮੁਕੰਮਲ ਪਾਬੰਦੀ ਲਗਾਈ ਜਾਵੇ, ਜਿਸ ਤੇ ਵਧੀਕ ਡਿਪਟੀ ਕਮਿਸ਼ਨਰ ਤੇ ਐਸ.ਪੀ ਐਚ ਨੇ ਭਰੋਸਾ ਦਿੱਤਾ ਕਿ ਅਜਿਹੇ ਮਾਮਲੇ ਬਹੁਤ ਸੰਜੀਦਗੀ ਨਾਲ ਵਿਚਾਰ ਕੇ ਹੱਲ ਹੋਣਗੇ। ਇਸ ਮੌਕੇ ਮੇਲਾ ਅਫਸਰ ਐਸ.ਡੀ.ਐਮ ਕਮ ਉਪ ਮੰਡਲ ਮੈਜਿਸਟੇਟ ਰਾਜਪਾਲ ਸਿੰਘ ਸੇਖੋ, ਡੀ.ਐਸ.ਪੀ ਸ੍ਰੀ ਅਜੇ ਸਿੰਘ ਅਤੇ ਪ੍ਰਮੁੱਖ ਡੇਰਿਆ ਦੇ ਮੁਖੀ/,ਪ੍ਰਬੰਧਕ ਅਤੇ ਪ੍ਰਤੀਨਿਧੀ ਹਾਜ਼ਰ ਸਨ।