ਸਿਆਸੀ ਰੰਗ ਵਟਾਉਣ ‘ਚ ਗਿਰਗਟ ਨੂੰ ਮਾਤ ਦੇਣ ਲੱਗੇ ਸੱਤਾ ਖਾਤਰ ਲੀਡਰ
ਅਸ਼ੋਕ ਵਰਮਾ
ਬਠਿੰਡਾ, 27 ਮਾਰਚ 2024: ਮੌਜੂਦਾ ਲੋਕ ਸਭਾ ਚੋਣਾਂ ਵਾਲਾ ਮੈਦਾਨ ਫਤਿਹ ਕਰਕੇ ਸੱਤਾ ਦਾ ਆਨੰਦ ਮਾਨਣ ਲਈ ਤਰਲੋਮੱਛੀ ਹੋਣ ਦਾ ਨਤੀਜਾ ਹੈ ਕਿ ਸਿਆਸੀ ਰੰਗ ਵਟਾਉਣ ਦੇ ਮਾਮਲੇ ’ਚ ਲੀਡਰਾਂ ਨੇ ਗਿਰਗਿਟ ਨੂੰ ਵੀ ਮਾਤ ਪਾਉਣੀ ਸ਼ੁਰੂ ਕਰ ਦਿੱਤੀ ਹੈ। ਦਰਅਸਲ ਨੇਤਾਵਾਂ ਵੱਲੋਂ ਖੇਡ੍ਹੀ ਜਾਂਦੀ ਇਹ ਰਾਸ ਲੀਲਾ ਕੋਈ ਨਵੀਂ ਨਹੀਂ ਪਰ ਪਿਛਲੇ ਕੁੱਝ ਸਮੇਂ ਦੌਰਾਨ ਵਾਪਰੀਆਂ ਦਲਬਦਲੀ ਦੀਆਂ ਘਟਨਾਵਾਂ ਨੂੰ ਦੇਖੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਸਿਆਸਤਦਾਨਾਂ ਲਈ ਗੱਦੀ ਤੇ ਕਬਜਾ ਕਰਨਾ ਹੀ ਮੁੱਖ ਮਕਸਦ ਰਹਿ ਗਿਆ ਹੈ ਆਮ ਲੋਕਾਂ ਨਾਲ ਉਨ੍ਹਾਂ ਨੂੰ ਕੋਈ ਸਰੋਕਾਰ ਨਹੀਂ ਹੈ। ਹਾਲਾਂਕਿ ਇਸ ਮਾਮਲੇ ’ਚ ਕਿਸੇ ਇੱਕ ਧਿਰ ਨੂੰ ਦੋਸ਼ੀ ਨਹੀਂ ਕਰਾਰ ਦਿੱਤਾ ਜਾ ਸਕਦਾ ਬਲਕਿ ਸਾਰੀਆਂ ਹੀ ਸਿਆਸੀ ਪਾਰਟੀਆਂ ਦਲਬਦਲੂਆਂ ਨੂੰ ਪੱਠੇ ਪਾਉਣ ’ਚ ਇੱਕ ਦੂਜੇ ਤੋਂ ਅੱਗੇ ਲੰਘਣ ਦੀ ਦੌੜ ’ਚ ਹਨ।
ਵਿਸ਼ੇਸ਼ ਪਹਿਲੂ ਇਹ ਵੀ ਹੈ ਕਿ ਸਿਆਸੀ ਧਿਰਾਂ ਵਿੱਚ ਦਲਬਦਲੂ ਨੇਤਾਵਾਂ ਦੀ ਕਤਾਰ ਵਧਣ ਕਾਰਨ ਇੰਨ੍ਹਾਂ ਪਾਰਟੀਆਂ ਦੇ ਪੁਰਾਣੇ ਟਕਸਾਲੀ ਵਰਕਰ ਵਫਾਦਾਰੀਆਂ ਬਦਲਣ ਵਾਲਿਆਂ ਤੋਂ ਅੰਦਰੋਂ ਅੰਦਰੀਂ ਦੁਖੀ ਵੀ ਹਨ ਫਿਰ ਵੀ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਅੱਖੋਂ ਪਰੋਖੇ ਕਰਦਿਆਂ ਇਹ ਰੁਝਾਨ ਚਿੰਤਾਜਨਕ ਹੱਦ ਤੱਕ ਪੁੱਜ ਗਿਆ ਹੈ। ਸੂਤਰ ਦੱਸਦੇ ਹਨ ਕਿ ਭਾਜਪਾ ਵੱਲੋਂ ਆਪਣੇ ਵਰਕਰਾਂ ਨੂੰ ਨਜ਼ਰ-ਅੰਦਾਜ਼ ਕਰਕੇ ਦਲਬਦਲੂਆਂ ਦੀ ਵੱਡੀ ਕੀਤੀ ਜਾ ਰਹੀ ਟੀਮ ਕਾਰਨ ਪਾਰਟੀ ਕਾਡਰ ਵਿੱਚ ਨਿਰਾਸ਼ਾ ਵੀ ਆਈ ਹੈ। ਇਸ ਪੱਤਰਕਾਰ ਕੋਲ ਇੱਕ ਸੀਨੀਅਰ ਭਾਜਪਾ ਆਗੂ ਨੇ ਮੰਨਿਆ ਹੈ ਕਿ ਗੱਲ ਤਾਂ ਇਹ ਸਹੀ ਹੈ ਪਰ ਕੌਣ ਆਖੇ ਰਾਣੀਏ ਅੱਗਾ ਢਕ।
ਦੇਖਣ ’ਚ ਆਇਆ ਹੈ ਕਿ ਸਾਰੀਆਂ ਹੀ ਪਾਰਟੀਆਂ ਵੱਲੋਂ ਦਲਬਦਲੀ ਏਨੀ ਜ਼ਿਆਦਾ ਉਤਸ਼ਾਹਿਤ ਕੀਤੀ ਜਾਣ ਲੱਗੀ ਹੈ ਕਿ ਲੀਡਰ ਰਾਤੋ ਰਾਤ ਆਪਣਾ ਸਿਆਸੀ ਚੋਲ਼ਾ ਬਦਲਣ ਲੱਗੇ ਹਨ। ਅੱਜ ਤੋਂ ਤਿੰਨ ਚਾਰ ਦਹਾਕੇ ਪਹਿਲਾਂ ਕਿਸੇ ਵੱਡੇ ਕਾਰਨ ਨੂੰ ਲੈਕੇ ਜਾਂ ਫਿਰ ਚੋਣ ਮੌਕੇ ਉਮੀਦਵਾਰ ਨਾਂ ਬਨਾਉਣ ਦੇ ਚੱਲਦਿਆਂ ਨੇਤਾ ਅਕਸਰ ਪਾਰਟੀ ਬਦਲਦੇ ਦੇਖੇ ਜਾ ਸਕਦੇ ਸਨ। ਇਸ ਦੇ ਉਲਟ ਹੁਣ ਤਾਂ ਨੇਤਾ ਜਿੱਤਣ ਮਗਰੋਂ ਵੀ ਆਪਣੀ ਪਾਰਟੀ ਨੂੰ ਠਿੱਬੀ ਲਾਉਣ ਤੋਂ ਗੁਰੇਜ਼ ਨਹੀਂ ਕਰਦੇ ਹਨ। ਇਸ ਸੰਦਰਭ ’ਚ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਤੇ ਜਲੰਧਰ ਰਾਖਵਾਂ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਸੁਸ਼ੀਲ ਰਿੰਕੂ ਅਤੇ ਸਿਟਿੰਗ ਆਪ ਵਿਧਾਇਕ ਸ਼ੀਤਲ ਅੰਗੁਰਾਲ ਦੀ ਦੀ ਮਿਸਾਲ ਦਿੱਤੀ ਜਾ ਸਕਦੀ ਹੈ ਜੋ ਅੱਜ ਆਪਣੀ ਪਾਰਟੀ ਨੂੰ ਅਲਵਿਦਾ ਆਖਕੇ ਭਗਵੇ ਰੰਗ ’ਚ ਰੰਗੇ ਗਏ ਹਨ। ਸੁਸ਼ੀਲ ਰਿੰਕੂ ਕੁੱਝ ਮਹੀਨੇ ਪਹਿਲਾਂ ਕਾਂਗਰਸ ਤੋਂ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਸਨ ਅਤੇ ਝਾੜੂ ਚੋਣ ਨਿਸ਼ਾਨ ਤੇ ਜਲੰਧਰ ਜਿਮਨੀ ਚੋਣ ਜਿੱਤ ਕੇ ਸੰਸਦ ਮੈਂਬਰ ਬਣੇ ਸਨ ਜਦੋਂਕਿ ਸ਼ੀਤਲ ਅੰਗੂਰਾਲ ਦੀ ਮੂਲ ਪਾਰਟੀ ਵੀ ਕੋਈ ਹੋਰ ਸੀ।
ਕਾਂਗਰਸ ਦੇ ਸਿਟਿੰਗ ਸੰਸਦ ਮੈਂਬਰ ਅਤੇ ਟਕਸਾਲੀ ਕਾਂਗਰਸੀ ਪ੍ਰੀਵਾਰ ਨਾਲ ਸਬੰਧਤ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤਰੇ ਰਵਨੀਤ ਸਿੰਘ ਬਿੱਟੂ ਵੀ ਦਲਬਦਲੂਆਂ ਦੀ ਕਤਾਰ ’ਚ ਸ਼ਾਮਲ ਹੋ ਗਏ ਹਨ। ਵਿਸ਼ੇਸ਼ ਤੱਥ ਇਹ ਵੀ ਹੈ ਕਿ ਜਿਸ ਤਰਾਂ ਬੀਤੇ ਕੁੱਝ ਸਮੇਂ ਦੌਰਾਨ ਦਲਬਦਲੀ ਕਰਕੇ ਭਾਜਪਾਈ ਬਣਨ ਵਾਲੇ ਕਈ ਆਗੂਆਂ ਨੂੰ ਭਾਜਪਾ ਨੇ ਅਹੁਦਿਆਂ ਨਾਲ ਨਿਵਾਜਿਆ ਹੈ ਤਾਂ ਇਸ ਨਾਲ ਦਲ ਬਦਲੀ ਕਰਨ ਦੇ ਰੁਝਾਨ ਵਿੱਚ ਭਾਰੀ ਵਾਧਾ ਹੋਇਆ ਹੈ। ਪੰਜਾਬ ਦੇ ਗੁਆਂਢੀ ਹਿਮਾਚਲ ਪ੍ਰਦੇਸ਼ ’ਚ ਬੀਜੇਪੀ ਨੇ ਜਿਸ ਤਰਾਂ ਛੇ ਬਾਗੀ ਵਿਧਾਇਕਾਂ ਨੂੰ ਟਿਕਟ ਦਿੱਤੀ ਹੈ ਉਸ ਨੂੰ ਦੇਖਦਿਆਂ ਸਪਸ਼ਟ ਹੈ ਕਿ ਸੁਸ਼ੀਲ ਰਿੰਕੂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦਾ ਗੁਣਗਾਣ ਅਤੇ ਜਿਸ ਆਪ ਨੇ ਉਨ੍ਹਾਂ ਨੂੰ ਪੱਬਾਂ ਭਾਰ ਹੋਕੇ ਜਿਤਾਇਆ ਸੀ ਉਸ ਨੂੰ ਸਿਆਸੀ ਨਿਸ਼ਾਨਾ ਬਣਾਉਂਦੇ ਦਿਖਾਈ ਦੇਣਗੇ।
ਇਸੇ ਤਰਾਂ ਹੀ ਸ਼ੀਤਲ ਅੰਗੁਰਾਲ ਦੇ ਵੀ ਜਿਮਨੀ ਚੋਣ ਦੌਰਾਨ ਵੀ ਭਾਜਪਾ ਤਰਫੋਂ ਚੋਣ ਲੜਨ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਪਿਛਲੇ ਦੋ ਸਾਲਾਂ ਦੇ ਟਰੈਕ ਰਿਕਾਰਡ ਤੇ ਨਜ਼ਰ ਮਾਰੀਏ ਤਾਂ ਕਾਂਗਰਸ ਛੱਡਕੇ ਭਾਜਪਾ ’ਚ ਸ਼ਾਮਲ ਹੋਏ ਸੁਨੀਲ ਜਾਖੜ ਅੱਜ ਕੱਲ੍ਹ ਬੀਜੇਪੀ ਦੇ ਸੂਬਾ ਪ੍ਰਧਾਨ ਹਨ। ਸਾਬਕਾ ਕਾਂਗਰਸੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੇਟੀ ਜੈਇੰਦਰ ਕੌਰ ਨੂੰ ਭਾਜਪਾ ਨੇ ਪਾਰਟੀ ’ਚ ਚੰਗੇ ਅਹੁਦੇ ਨਾਲ ਨਿਵਾਜਿਆ ਹੈ ਅਤੇ ਹੁਣ ਮਹਾਰਾਣੀ ਪ੍ਰਨੀਤ ਕੌਰ ਨੂੰ ਪਟਿਆਲਾ ਤੋਂ ਪਾਰਟੀ ਉਮੀਦਵਾਰ ਬਨਾਉਣ ਦੀ ਗੱਲ ਸਾਹਮਣੇ ਆ ਰਹੀ ਹੈ। ਇਹ ਕੁੱਝ ਮਿਸਾਲਾਂ ਹਨ ਪਰ ਵਫਾਦਾਰੀ ਤਬਦੀਲ ਕਰਨ ਵਾਲਿਆਂ ਦੀ ਸੂਚੀ ਕਾਫੀ ਲੰਬੀ ਹੁੰਦੀ ਜਾ ਰਹੀ ਹੈ। ਇਸ ਮਾਮਲੇ ’ਚ ਹਾਲ ਦੀ ਘੜੀ ਭਾਜਪਾ ਦਾ ਹੱਥ ਉਪਰ ਹੈ ਪਰ ਬਾਕੀ ਪਾਰਟੀਆਂ ਨੂੰ ਵੀ ਇਸ ਮਾਮਲੇ ’ਚ ਬਰੀ ਨਹੀਂ ਕੀਤਾ ਜਾ ਸਕਦਾ ਹੈ।
ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਰਾਜਨੀਤੀ ਵਿੱਚ ਮੌਕਾਪ੍ਰਸਤਾਂ ਦੀ ਚਾਂਦੀ ਮੰਨੀ ਜਾਣ ਕਾਰਨ ਮੌਜੂਦਾ ਦਲਬਦਲੀਆਂ ਆਖਰੀ ਨਹੀਂ ਹਨ। ਉਨ੍ਹਾਂ ਕਿਹਾ ਕਿ ਕਿ ਇਸ ਰੁਝਾਨ ਕਾਰਨ ਵਿਚਾਰਧਾਰਾ ਵਿੱਚ ਪੱਕੇ ਮੰਨੇ ਜਾਣ ਅਤੇ ਪਾਰਟੀ ਨਾਲ ਜਿਉਣ ਮਰਨ ਦੀਆਂ ਸੌਂਹਾਂ ਖਾਣ ਵਾਲੇ ਆਗੂਆਂ ਵੱਲੋਂ ਵੀ ਦਲ ਬਦਲੀ ਨੂੰ ਦਿੱਤੀ ਤਰਜੀਹ ਦਾ ਹੀ ਨਤੀਜਾ ਹੈ ਕਿ ਅਕਾਲੀ , ਕਾਂਗਰਸੀ ਜਾਂ ਝਾੜੂ ਵਾਲਿਆਂ ਦਾ ਭਾਜਪਾਈ ਬਣਨਾ ਸਾਧਾਰਨ ਵਰਤਾਰਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਨਿਰਸੰਦੇਹ ਆਉਣ ਵਾਲੇ ਦਿਨਾਂ ਦੌਰਾਨ ਹੋਰ ਵੀ ਟੁੱਟ ਭੱਜ ਹੁੰਦੀ ਦਿਖੇ ਤਾਂ ਕੋਈ ਅਚੰਭੇ ਵਾਲੀ ਗੱਲ ਨਹੀਂ ਹੈ।
ਸੱਤਾ ਮਾਨਣਾ ਮਕਸਦ: ਕੁਸਲਾ
ਸਮਾਜਿਕ ਕਾਰਕੁੰਨ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਹਰਿਆਣਾ ਵਿਚਲਾ ‘ਆਇਆ ਰਾਮ ਗਿਆ ਰਾਮ’ ਜੁਮਲਾ ਹੁਣ ਪੰਜਾਬ ਦੇ ਸਿਆਸਤਦਾਨਾਂ ‘ਤੇ ਵੀ ਢੁੱਕਣ ਲੱਗਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਮੌਕੇ ਦਲ ਬਦਲੀਆਂ ਤੋਂ ਸਪੱਸ਼ਟ ਹੈ ਕਿ ਸਿਆਸੀ ਲੋਕਾਂ ਦੀ ਆਪਣੀਆਂ ਪਾਰਟੀਆਂ ਨਾਲ ਕੋਈ ਜਜ਼ਬਾਤੀ ਸਾਂਝ ਨਹੀਂ ਸਿਰਫ਼ ਸੱਤਾ ਦਾ ਨਿੱਘ ਮਾਨਣਾ ਹੀ ਇੱਕ ਮਾਤਰ ਮਕਸਦ ਰਹਿ ਗਿਆ ਹੈ।