ਇਕ ਮਹੀਨੇ ਤੋਂ ਗਾਇਬ ਨਾਬਾਲਗ਼ ਲੜਕੀ ਦੇ ਪਰਿਵਾਰ ਨੇ ਘੇਰਿਆ ਥਾਣਾ
ਰੋਹਿਤ ਗੁਪਤਾ
ਗੁਰਦਾਸਪੁਰ, 28 ਮਾਰਚ 2024 : ਪੁਲਿਸ ਸਟੇਸ਼ਨ ਦੀਨਾਨਗਰ ਅਧੀਨ ਆਉਂਦੇ ਇਕ ਇਲਾਕੇ ਦੀ ਇੱਕ ਨਬਾਲਗ ਲੜਕੀ ਘਰੋਂ ਸਕੂਲ ਪੜ੍ਹਨ ਆਈ ਹੋਈ ਸੀ ਜੋ ਕਰੀਬ ਪਿਛਲੇ ਇੱਕ ਮਹੀਨੇ ਤੋਂ ਲਾਪਤਾ ਹੋ ਗਈ ਸੀ। ਜਿਸ ਸੰਬੰਧੀ ਦੀਨਾਨਗਰ ਪੁਲਿਸ ਨੂੰ ਰਿਪੋਰਟ ਦਰਜ ਕਰਾਉਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਅੱਜ ਤੱਕ ਕੋਈ ਵੀ ਕਾਰਵਾਈ ਨਾ ਕਰਨ ਦੇ ਵਿਰੋਧ ਵਿੱਚ ਮਾਪਿਆਂ ਅਤੇ ਰਿਸ਼ਤੇਦਾਰਾਂ ਵੱਲੋਂ ਨੈਸ਼ਨਲ ਹਾਈਵੇ ਦੀਨਾਨਗਰ ਵਿਖੇ ਪੁਲਿਸ ਸਟੇਸ਼ਨ ਸਾਹਮਣੇ ਜਾਮ ਲਗਾ ਕੇ ਦੀਨਾਨਗਰ ਪੁਲਿਸ ਪ੍ਰਸ਼ਾਸਨ ਅਤੇ ਨਿੱਜੀ ਸਕੂਲ ਖਿਲਾਫ ਨਾਅਰੇਬਾਜ਼ੀ ਕੀਤੀ ਗਈ।
ਇਹ ਧਰਨਾ ਕਰੀਬ ਇਕ ਘੰਟੇ ਚੱਲਦਾ ਰਿਹਾ। ਉਪਰੰਤ ਇਸ ਘਟਨਾ ਦੀ ਪੁਲਿਸ ਨੂੰ ਸੂਚਨਾ ਮਿਲਦੇ ਸਾਰ ਹੀ ਡੀਐਸਪੀ ਦੀਨਾਨਗਰ ਸੁਖਵਿੰਦਰ ਪਾਲ ਸਿੰਘ ਵੱਲੋਂ ਮੌਕੇ ਤੇ ਪਹੁੰਚ ਕੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਗਈ ਅਤੇ 4-5 ਦਿਨਾਂ ਵਿੱਚ ਸਾਰੇ ਮਸਲੇ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ । ਡੀਐਸਪੀ ਦੇ ਭਰੋਸੇ ਤੋਂ ਬਾਅਦ ਤੋਂ ਧਰਨਾਕਾਰੀਆਂ ਨੇ ਅਖੀਰ ਧਰਨਾ ਚੁੱਕ ਲਿਆ ਗਿਆ।
ਇਸ ਮੌਕੇ ਗੱਲਬਾਤ ਕਰਦੇ ਹੋਏ ਨਬਾਲਿਗ ਲੜਕੀ ਦੇ ਰਿਸ਼ਤੇਦਾਰਾਂ ਅਤੇ ਮਾਪਿਆਂ ਨੇ ਦੱਸਿਆ ਕਿ ਸਾਡੀ ਲੜਕੀ ਜੋ ਨਬਾਲਗ ਹੈ ਅਤੇ ਦੀਨਾਨਗਰ ਵਿਖੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਦੀ ਹੈ ਕਰੀਬ ਪਿਛਲੇ ਇੱਕ ਮਹੀਨਾ ਪਹਿਲਾਂ ਘਰੋਂ ਸਕੂਲ ਆਈ ਮੁੜ ਘਰ ਵਾਪਸ ਨਹੀਂ ਪਹੁੰਚੀ। ਉਸ ਦੇ ਲਾਪਤਾ ਹੋਣ ਸਬੰਧੀ ਅਸੀਂ ਦੀਨਾਨਗਰ ਪੁਲਿਸ ਨੂੰ ਲਿਖਤੀ ਰੂਪ ਵਿੱਚ ਸੂਚਨਾ ਦਿੱਤੀ ਹੈ ਪਰ ਪੁਲਿਸ ਵੱਲੋਂ ਅੱਜ ਤੱਕ ਕੋਈ ਵੀ ਤਸੱਲੀਬਖਸ਼ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਅੱਜ ਸਮੂਹ ਰਿਸ਼ਤੇਦਾਰਾਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਪੁਲਿਸ ਸਟੇਸ਼ਨ ਦੀਨਾਨਗਰ ਸਾਹਮਣੇ ਧਰਨਾ ਦਿੱਤਾ ਗਿਆ ਹੈ ਅਤੇ ਉਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਗਈ ਹੈ ਕਿ ਸਾਡੀ ਲਾਪਤਾ ਹੋਈ ਲੜਕੀ ਦੀ ਭਾਲ ਕੀਤੀ ਜਾਵੇ।
ਉੱਥੇ ਹੀ ਦੀਨਾ ਨਗਰ ਥਾਣੇ ਦੇ ਐਸ ਐਚ ਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਲੜਕੀ ਦੀ ਗੁਮਸ਼ੁਦਗੀ ਦੀ ਐਫਆਈਆਰ ਲੜਕੀ ਦੇ ਗੁੰਮ ਹੋਣ ਦੇ ਦੋ ਦਿਨ ਬਾਅਦ ਹੀ ਦਰਜ ਕਰ ਲਈ ਗਈ ਸੀ ਅਤੇ ਪੁਲਿਸ ਮੁਸਤੈਦੀ ਨਾਲ ਉਸਦੀ ਭਾਲ ਕਰ ਰਹੀ ਹੈ। ਲੜਕੀ ਦੇ ਪਰਿਵਾਰ ਵਾਲਿਆਂ ਨੇ ਸਕੂਲ ਪ੍ਰਤੀ ਕੁਝ ਸ਼ੱਕ ਜਤਾਏ ਹਨ , ਪੁਲਿਸ ਵੱਲੋਂ ਤਫਤੀਸ਼ ਕਰਕੇ ਜਲਦੀ ਹੀ ਇਹਨਾਂ ਤੱਥਾਂ ਤੋਂ ਵੀ ਪਰਦਾ ਚੁੱਕਿਆ ਜਾਵੇਗਾ।