ਅੰਮ੍ਰਿਤਸਰ ਅਤੇ ਲੁਧਿਆਣਾ ਦੇ 300 ਸਕੂਲੀ ਵਿਦਿਆਰਥੀਆਂ ਨੇ ਪੀ.ਏ.ਯੂ. ਦੇ ਅਜਾਇਬ ਘਰ ਨੂੰ ਵੇਖਿਆ
ਲੁਧਿਆਣਾ 18 ਅਪ੍ਰੈਲ 2024- ਅੱਜ ਵਿਸ਼ਵ ਵਿਰਾਸਤ ਦਿਵਸ ਮੌਕੇ ਅੰਮ੍ਰਿਤਸਰ ਛਾਉਣੀ ਦੇ ਕੇਂਦਰੀ ਵਿਦਿਆਲਾ ਨੰ. 1 ਦੇ 194 ਅਤੇ ਲੁਧਿਆਣਾ ਦੇ ਭਾਈ ਰਣਧੀਰ ਸਿੰਘ ਨਗਰ ਦੇ ਗੁਰੂ ਨਾਨਕ ਪਬਲਿਕ ਸਕੂਲ ਤੋਂ 94 ਦੇ ਕਰੀਬ ਵਿਦਿਆਰਥੀਆਂ ਨੇ ਪੀ.ਏ.ਯੂ. ਦੇ ਸਮਾਜਿਕ ਇਤਿਹਾਸ ਦੇ ਅਜਾਇਬ ਘਰ ਦਾ ਦੌਰਾ ਕੀਤਾ| ਇਹਨਾਂ ਵਿਦਿਆਰਥੀਆਂ ਨਾਲ ਉਹਨਾਂ ਦੇ ਅਧਿਆਪਕ ਵੀ ਮੌਜੂਦ ਸਨ| ਵਿਦਿਆਰਥੀਆਂ ਨੇ ਭੂਮੀ ਅਤੇ ਪਾਣੀ ਸਰੋਤਾਂ ਦਾ ਅਜਾਇਬ ਘਰ ਵੀ ਦੇਖਿਆ| ਵਿਦਿਆਰਥੀ ਇਸ ਮੌਕੇ ਪੰਜਾਬ ਦੇ ਭੂਗੋਲਿਕ ਖਿੱਤੇ ਨੂੰ ਜਾਣਨ ਦੇ ਨਾਲ-ਨਾਲ ਪੁਰਾਤਨ ਪੰਜਾਬ ਦੀਆਂ ਕੰਮਕਾਰ ਦੀਆਂ ਰਹੁਰੀਤਾਂ, ਗਹਿਣੇ, ਕੱਪੜੇ ਅਤੇ ਖੇਤੀ ਸੰਦਾਂ ਨੂੰ ਦੇਖਣ ਲਈ ਵਿਸ਼ੇਸ਼ ਤੌਰ ਤੇ ਉਤਸੁਕ ਦਿਖਾਈ ਦਿੱਤੇ|
ਇਹ ਦੌਰੇ ਪੀ.ਏ.ਯੂ. ਦੇ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਦੀ ਨਿਗਰਾਨੀ ਹੇਠ ਸਿਰੇ ਚੜ੍ਹੇ| ਉਹਨਾਂ ਦੱਸਿਆ ਕਿ ਹਜ਼ਾਰਾਂ ਵਿਦਿਆਰਥੀਆਂ ਦਾ ਸਮਾਜਿਕ ਇਤਿਹਾਸ ਦੇ ਅਜਾਇਬ ਘਰ ਨੂੰ ਦੇਖਣਾ ਸਿੱਧ ਕਰਦਾ ਹੈ ਕਿ ਨਵੀਆਂ ਪੀੜੀਆਂ ਆਪਣੇ ਵਿਰਸੇ ਨੂੰ ਲੈ ਕੇ ਬੇਹੱਦ ਭਾਵੁਕ ਸਨ ਅਤੇ ਇਸਨੂੰ ਆਪਣੀ ਪਛਾਣ ਦਾ ਅਹਿਮ ਹਿੱਸਾ ਮੰਨਦੀਆਂ ਹਨ| ਸੰਚਾਰ ਕੇਂਦਰ ਦੇ ਸ਼੍ਰੀ ਵਰਿੰਦਰ ਸਿੰਘ ਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਅਧਿਆਪਕਾਂ ਦਾ ਸਵਾਗਤ ਕੀਤਾ ਅਤੇ ਨਾਲ ਹੀ ਉਹਨਾਂ ਨੇ ਪੰਜਾਬ ਦੀ ਖੇਤੀ ਅਤੇ ਸੱਭਿਆਚਾਰ ਦੇ ਵਿਕਾਸ ਬਾਰੇ ਜਾਣਕਾਰੀ ਦਿੱਤੀ|