ਕਿਸਾਨਾਂ ਖੇਤਾਂ ’ਚ, ਔਰਤਾਂ ਨੇ ਸੰਭਾਲੀ ਬਠਿੰਡਾ ਮੋਰਚੇ ਦੀ ਕਮਾਨ
ਅਸ਼ੋਕ ਵਰਮਾ
ਬਠਿੰਡਾ,18 ਅਪਰੈਲ 2024: ਲੰਘੀ 4 ਅਪ੍ਰੈਲ ਤੋਂ ਬਠਿੰਡਾ ਡਿਪਟੀ ਕਮਿਸ਼ਨਰ ਦਫਤਰ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਚੱਲ ਰਹੇ ਪੱਕੇ ਮੋਰਚੇ ਦੀ ਕਮਾਨ ਔਰਤਾਂ ਨੇ ਸੰਭਾਲੀ ਅਤੇ ਸਰਕਾਰ ਨੂੰ ਕੰਧ ਤੇ ਲਿਖਿਆ ਪੜ੍ਹਨ ਦੀ ਚਿਤਾਵਨੀ ਦਿੱਤਾ। ਵਾਢੀ ਕਾਰਨ ਕਿਸਾਨਾਂ ਦੇ ਖੇਤਾਂ ’ਚ ਫਸਲਾਂ ਸਾਂਭਣ ਲਈ ਰੁੱਝੇ ਹੋਣ ਕਾਰਨ ਕਿਸਾਨ ਔਰਤਾਂ ਤੇ ਭਰਵਾਂ ਇਕੱਠ ਕੀਤਾ। ਅੱਜ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਆਗੂ ਕਰਮਜੀਤ ਕੌਰ ਲਹਿਰਾਖਾਨਾ ਅਤੇ ਮਾਲਣ ਕੌਰ ਕੋਠਾ ਗੁਰੂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦਾ ਦਮ ਪਰਖਿਆ ਜਾ ਰਿਹਾ ਹੈ ਕਿ ਅੱਕ ਥੱਕ ਕੇ ਕਿਸਾਨ ਘਰਾਂ ਨੂੰ ਵਾਪਸ ਚਲੇ ਜਾਣਗੇ ਪਰ ਇਹ ਵਹਿਮ ਹੈ ਹੁਣ ਮੋਰਚੇ ਦੀ ਜਿੱਤ ਹੋਣ ਤੱਕ ਔਰਤਾਂ ਲਗਾਤਾਰ ਯੋਗਦਾਨ ਪਾਉਣਗੀਆਂ।
ਉਹਨਾਂ ਕਿਹਾ ਕਿ ਕਿਸਾਨ ਹਾੜੀ ਦੀ ਵਾਢੀ ਅਤੇ ਤੂੜੀ ਤੰਦ ਸਾਂਭਣ ਲੱਗੇ ਹੋਏ ਇਸ ਕਰਕੇ ਮੋਰਚੇ ਵਿੱਚ ਔਰਤਾਂ ਦੀ ਸ਼ਮੂਲੀਅਤ ਵਧਾਉਣ ਦਾ ਫੈਸਲਾ ਹੋਇਆ ਹੈ। ਉਹਨਾਂ ਕਿਹਾ ਕਿ ਮੋਰਚੇ ਦੀਆਂ ਮੰਗਾਂ ਗੈਸ ਪਾਈਪ ਲਾਈਨ, ਗੜੇ ਮਾਰੀ ਤੇ ਚੱਕਰਵਾਤੀ ਤੂਫਾਨ ਕਾਰਨ ਹੋਏ ਨੁਕਸਾਨ ਅਤੇ ਭਿਆਨਕ ਬਿਮਾਰੀ ਕਾਰਨ ਨੁਕਸਾਨੇ ਪਸ਼ੂਆਂ ਦੇ ਮੁਆਵਜੇ ਸਬੰਧੀ, ਟੇਲਾਂ ਤੇ ਪਾਣੀ ਦੀ ਸਮੱਸਿਆ ,ਭਾਰਤ ਮਾਲਾ ਸੜਕ ਦਾ ਪੂਰਾ ਮੁਆਵਜ਼ਾ ਆਦਿ ਮੰਗਾਂ ਦੇ ਹੱਲ ਸਬੰਧੀ ਇਹਾ ਪੱਕਾ ਮੋਰਚਾ ਲੱਗਿਆ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ 25 ਅਪ੍ਰੈਲ ਨੂੰ ਮੋਰਚੇ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਦਿਨ ਰਾਤ ਦਾ ਮੋਰਚਾ ਲਗਾਤਾਰ ਜਾਰੀ ਰਹੇਗਾ।
ਉਹਨਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਮੋਗਾ ਜ਼ਿਲ੍ਹੇ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਕਰ ਰਹੇ ਕਿਸਾਨਾਂ ਤੇ ਲਾਠੀ ਚਾਰਜ ਕਰ ਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਸਖਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਮਾਹੌਲ ਵਿਗਾੜਨ ਵਾਲੇ ਭਾਜਪਾ ਆਗੂਆਂ ਜਾਂ ਜਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਅਤੇ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ। ਬਠਿੰਡਾ ਜਿਲੇ ਵਿੱਚ ਵੀ ਭਾਜਪਾ ਆਗੂਆਂ ਦੇ ਵਿਰੋਧ ਦੌਰਾਨ ਪੁਲਿਸ ਪ੍ਰਸ਼ਾਸਨ ਨਾਲ ਤਣਾਅ ਵਾਲਾ ਮਾਹੌਲ ਬਣਨ ਦੇ ਚੱਲਦੇ ਅੱਜ ਐਸ ਐਸ ਪੀ ਬਠਿੰਡਾ ਨੇ ਕਿਸਾਨਾਂ ਆਗੂਆਂ ਨਾਲ ਮੀਟਿੰਗ ਕੀਤੀ ਜਦੋਂਕਿ ਇਸ ਮੌਕੇ ਸ਼ਿੰਗਾਰਾ ਸਿੰਘ ਮਾਨ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਟੀਮ ਅਤੇ ਗੁਰਦੀਪ ਸਿੰਘ ਰਾਮਪੁਰਾ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਧਨੇਰ) ਦੇ ਆਗੂਆਂ ਨੇ ਸ਼ਿਰਕਤ ਕੀਤੀ।
ਐਸਐਸਪੀ ਨੇ ਵਿਸ਼ਵਾਸ਼ ਦਵਾਇਆ ਕਿ ਪੁਲਿਸ ਪ੍ਰਸ਼ਾਸ਼ਨ ਵੱਲੋਂ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਕਿ ਕਿਸਾਨਾਂ ਨਾਲ ਕਿਸੇ ਤਰ੍ਹਾਂ ਦਾ ਟਕਰਾ ਨਾ ਬਣੇ। ਅੱਜ ਦੇ ਧਰਨੇ ਦੌਰਾਨ ਸਟੇਜ ਦੀ ਕਾਰਵਾਈ ਪਰਮਜੀਤ ਕੌਰ ਪਿੱਥੋ ਨੇ ਚਲਾਈ ਅੱਜ ਦੇ ਇਕੱਠ ਨੂੰ ਹਰਪ੍ਰੀਤ ਕੌਰ ਜੇਠੂਕੇ, ਸੁਖਜੀਤ ਕੌਰ ਚੱਕ ਫਤਿਹ ਸਿੰਘ ਵਾਲਾ, ਪਾਲ ਕੌਰ ਘੁੰਮਣ ਨੇ ਵੀ ਸੰਬੋਧਨ ਕੀਤਾ। ਅੱਜ ਹਰਜਿੰਦਰ ਸਿੰਘ ਬੱਗੀ, ਬਸੰਤ ਸਿੰਘ ਕੋਠਾ ਗੁਰੂ, ਜਸਵੀਰ ਸਿੰਘ ਬੁਰਜ ਸੇਮਾ,ਨਛੱਤਰ ਸਿੰਘ ਢੱਡੇ, ਜਗਦੇਵ ਸਿੰਘ ਜੋਗੇਵਾਲਾ, ਸੁਖਦੇਵ ਸਿੰਘ ਰਾਮਪੁਰਾ, ਗੁਰਪਾਲ ਸਿੰਘ ਦਿਓਣ, ਕੁਲਵੰਤ ਸ਼ਰਮਾ ਰਾਏ ਕੇ ਕਲਾਂ, ਅਜੈ ਪਾਲ ਸਿੰਘ ਘੁੱਦਾ ਹਰਪ੍ਰੀਤ ਸਿੰਘ ਚੱਠੇਵਾਲਾ, ਰਾਜਵਿੰਦਰ ਸਿੰਘ ਰਾਮ ਨਗਰ ਅਤੇ ਹੋਰ ਬਲਾਕ ਦੇ ਆਗੂ ਵੀ ਸਨ। ਗਾਇਕ ਹਰਬੰਸ ਸਿੰਘ ਘਣੀਆ ਨੇ ਲੋਕ ਪੱਖੀ ਗੀਤ ਪੇਸ਼ ਕੀਤੇ।