ਚੰਡੀਗੜ੍ਹ, 21 ਅਕਤੂਬਰ, 2016 : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 23 ਅਕਤੂਬਰ ਨੂੰ ਲੁਧਿਆਣਾ ਵਿਖੇ ਵਪਾਰ ਅਤੇ ਉਦਯੋਗ ਮੈਨੀਫੈਸਟੋ ਜਾਰੀ ਕਰਨਗੇ। ਇਸ ਸਬੰਧੀ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ੍ਰੰਸ ਦੌਰਾਨ ਪੰਜਾਬ ਡਾਇਲਾਗ ਕਮੇਟੀ ਦੇ ਚੇਅਰਮੈਨ ਕੰਵਰ ਸੰਧੂ ਅਤੇ ਵਪਾਰ ਤੇ ਉਦਯੋਗ ਵਿੰਗ ਦੇ ਮੁਖੀ ਅਮਨ ਅਰੋੜਾ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਦੀਆਂ ਉਦਯੋਗ ਵਿਰੋਧੀ ਨੀਤੀਆਂ ਦੇ ਕਾਰਣ ਉਦਯੋਗਪਤੀਆਂ ਨੇ ਆਪਣੇ ਯੁਨਿਟ ਹੋਰਨਾਂ ਸੂਬਿਆਂ ਵਿੱਚ ਤਬਦੀਲ ਕਰ ਲਏ ਹਨ। ਉਨਾਂ ਕਿਹਾ ਕਿ ਵਪਾਰ ਵਾਲੀਆਂ ਨੀਤੀਆਂ ਬਣਾ ਕੇ ਵਪਾਰੀਆਂ ਦੇ ਦਿਲਾਂ ਵਿੱਚ ਸਰਕਾਰ ਪ੍ਰਤਿ ਭਰੋਸਾ ਬਹਾਲ ਕਰਨ ਦੀ ਵੱਡੀ ਜਰੂਰਤ ਹੈ।
ਉਨਾਂ ਦੱਸਿਆ ਕਿ ਆਪਣੀ ਤਿੰਨ ਦਿਨਾ ਪੰਜਾਬ ਫੇਰੀ ਦੌਰਾਨ 23 ਅਕਤੂਬਰ ਨੂੰ ਅਰਵਿੰਦ ਕੇਜਰੀਵਾਲ ਲੁਧਿਆਣਾ ਅਤੇ ਮੰਡੀ ਗੋਬਿੰਦਗੜ੍ਹ ਵਿੱਚ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਗੱਲਬਾਤ ਕਰਨਗੇ। ਅਰਵਿੰਦ ਕੇਜਰੀਵਾਲ ਮੈਨੀਫੈਸਟੋ ਜਾਰੀ ਕਰਨਗੇ ਅਤੇ ਸਬੰਧਿਤ ਲੋਕਾਂ ਨੂੰ ਸੰਬੋਧਨ ਵੀ ਕਰਨਗੇ। 24 ਅਕਤੂਬਰ ਨੂੰ ਤਲਵੰਡੀ ਸਾਬੋ ਵਿਖੇ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ 'ਚ ਨਤਮਸਤਕ ਹੋਣ ਮਗਰੋਂ ਕੇਜਰੀਵਾਲ ਵੱਲੋਂ ਬਠਿੰਡਾ ਅਤੇ ਜਲੰਧਰ ਵਿੱਚ ਵਪਾਰੀਆਂ ਨਾਲ ਗੱਲਬਾਤ ਕਰਨਗੇ। ਆਪਣੇ ਦੌਰੇ ਦੇ ਅੰਤਿਮ ਦਿਨ ਕੇਜਰੀਵਾਲ ਬਟਾਲਾ ਅਤੇ ਮੋਹਾਲੀ ਵਿਖੇ ਵਪਾਰੀਆਂ ਨੂੰ ਮਿਲਣਗੇ। ਕੇਜਰੀਵਾਲ ਵਪਾਰੀਆਂ ਦੀਆਂ ਮੁਸ਼ਕਿਲਾਂ ਸੁਣਨਗੇ ਅਤੇ ਉਨਾਂ ਦੇ ਹੱਲ ਲਈ ਸੁਝਾਅ ਵੀ ਮੰਗਣਗੇ।
ਵਪਾਰ ਅਤੇ ਉਦਯੋਗ ਮੈਨੀਫੈਸਟੋ ਬਾਰੇ ਬੋਲਦਿਆਂ ਕੰਵਰ ਸੰਧੂ ਨੇ ਕਿਹਾ ਕਿ ਪੂਰੇ ਸੂਬੇ ਵਿੱਚ ਵੱਖ-ਵੱਖ ਵਪਾਰਿਕ ਖੇਤਰਾਂ ਦੇ ਆਗੂਆਂ ਨਾਲ 7 ਵਾਰੀ ਗੱਲਬਾਤ ਕੀਤੀ ਗਈ, ਜਿਨਾਂ ਵਿੱਚ ਆੜਤੀ, ਸ਼ੈਲਰ ਮਾਲਕ, ਰੀਅਲ ਅਸਟੇਟ ਦਾ ਕਾਰੋਬਾਰ ਕਰਨ ਵਾਲੇ ਅਤੇ ਹੋਟਲ ਮਾਲਕ ਆਦਿ ਸ਼ਾਮਿਲ ਸਨ। ਕਮੇਟੀ ਨੂੰ 2000 ਤੋਂ ਜਿਆਦਾ ਲਿਖਿਤ ਸੁਝਾਅ ਅਤੇ ਬਹੁਤ ਸਾਰੀਆਂ ਈ-ਮੇਲ ਮਿਲੀਆਂ, ਜਿਸ ਨਾਲ ਟੀਮ ਨੂੰ ਮੈਨੀਫੈਸਟੋ ਬਣਾਉਣ ਵਿੱਚ ਕਾਫੀ ਸਹਾਇਤਾ ਮਿਲੀ। ਪੰਜਾਬ ਡਾਇਲਾਗ ਕਮੇਟੀ ਤੋਂ ਇਲਾਵਾ ਵਪਾਰ ਅਤੇ ਉਦਯੋਗ ਵਿੰਗ ਵੱਲੋਂ ਵਪਾਰੀਆਂ ਨਾਲ 30 ਥਾਵਾਂ 'ਤੇ ਬੈਠਕਾਂ ਕੀਤੀਆਂ ਗਈਆਂ।
ਸੰਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਇਨਵੈਸਟਰਸ ਸਮਿੱਟ ਸਿਰਫ ਦਿਖਾਵਾ ਸਨ ਅਤੇ ਦੂਜਿਆਂ ਸੂਬਿਆਂ ਵਿੱਚ ਜਾ ਰਹੀ ਇੰਡਸਟ੍ਰੀ ਨੂੰ ਰੋਕਣ ਲਈ ਯੋਗ ਵਾਤਾਵਰਣ ਮੁਹੱਈਆ ਕਰਵਾਉਣ ਵਿੱਚ ਅਸਫਲ ਰਹੇ। ਉਨਾਂ ਕਿਹਾ ਕਿ ਆਂਕੜਿਆਂ ਦੇ ਮੁਤਾਬਿਕ 18000 ਤੋਂ ਜਿਆਦਾ ਛੋਟੇ ਅਤੇ ਦਰਮਿਆਨੇ ਉਦਯੋਗਿਕ ਯੁਨਿਟ ਹਾਲੀਆ ਸਾਲਾਂ ਵਿੱਚ ਬੰਦ ਹੋ ਚੁੱਕੇ ਹਨ।
ਅਰੋੜਾ ਨੇ ਕਿਹਾ ਕਿ ਸਰਕਾਰ ਦੀ ਉਦਾਸੀਨਤਾ, ਬਿਜਲੀ ਦੀਆਂ ਉਚੀਆਂ ਦਰਾਂ ਅਤੇ ਗੁੰਡਾ ਟੈਕਸ ਉਦਯੋਗਪਤੀਆਂ ਨੇ ਉਨਾਂ ਨੂੰ ਆਪਣਾ ਕਾਰੋਬਾਰ ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਲਿਜਾਣ ਲਈ ਮਜਬੂਰ ਕਰ ਦਿੱਤਾ। ਉਨਾਂ ਵਾਅਦਾ ਕੀਤਾ ਕਿ ਆਮ ਆਦਮੀ ਪਾਰਟੀ ਵਪਾਰੀਆਂ ਦੇ ਹੱਕਾਂ ਲਈ ਖੜੀ ਹੈ ਅਤੇ ਸੂਬੇ ਵਿੱਚ ਉਨਾਂ ਨੂੰ ਆਪਣਾ ਕਾਰੋਬਾਰ ਕਰਨ ਲਈ ਇੱਕ ਸਿਹਤਮੰਦ ਮਾਹੌਲ ਪ੍ਰਦਾਨ ਕਰੇਗੀ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਸੂਬੇ ਵਿੱਚੋਂ ਭੂ ਮਾਫੀਆ, ਸ਼ਰਾਬ ਮਾਫੀਆ ਅਤੇ ਰੇਤ ਮਾਫੀਆ ਦਾ ਸਫਾਇਆ ਕਰ ਦਿੱਤਾ ਜਾਵੇਗਾ।