ਯਾਦਵਿੰਦਰ ਸਿੰਘ ਤੂਰ
ਪਟਿਆਲਾ, 1 ਅਕਤੂਬਰ 2018 - ਪਟਿਆਲਾ ਰੈਲੀ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਟੱਕਰ ਦੇਣ ਲਈ ਵੱਡੇ ਬਾਦਲ ਖੁਦ ਮੈਦਾਨ ਵਿਚ ਉਤਰ ਆਏ ਹਨ। ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ 'ਤੇ ਤੰਜ ਕੱਸਣ ਵਾਲੀ ਅਕਾਲੀ ਦਲ ਪਾਰਟੀ ਦੇ ਖੁਦ 'ਤੇ ਅਜਿਹਾ ਵੇਲਾ ਆ ਗਿਆ ਹੈ ਕਿ ਉਨ੍ਹਾਂ ਦੇ ਇੱਕ ਤੋਂ ਬਾਅਦ ਇੱਕ ਸੀਨੀਅਰ ਆਗੂ ਬਾਦਲ ਦਲ ਖਿਲਾਫ ਆਪਣੀਆਂ ਬਾਗੀ ਸੁਰਾਂ ਨਸ਼ਰ ਕਰਦੇ ਨਜ਼ਰ ਆ ਰਹੇ ਹਨ।
ਅੱਜ ਪਟਿਆਲਾ ਰੈਲੀ 'ਚ ਭਾਰੀ ਇਕੱਠ ਕਰਨ ਲਈ ਲੋਕਾਂ ਨੂੰ ਅਪੀਲ ਕਰਨ ਵੱਡੇ ਬਾਦਲ ਖੁਦ ਸਮਾਣਾ ਵਿਖੇ ਪੁੱਜੇ। ਜਿਥੇ ਉਨ੍ਹਾਂ ਆਪਣੇ ਮਨ ਦੀ ਗੱਲ ਨੂੰ ਸਟੇਜ ਤੋਂ ਸਾਰਿਆਂ ਨਾਲ ਸਾਂਝਾ ਕਰ ਹੀ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਤੋਂ ਪਹਿਲਾਂ ਕਦੇ ਵੀ ਇਸ ਤਰ੍ਹਾਂ ਨਹੀਂ ਹੋਇਆ ਕਿ ਹਲਕਾ ਪੱਧਰ 'ਤੇ ਆ ਕੇ ਰੈਲੀ ਲਈ ਅਪੀਲ ਕੀਤੀ ਹੋਵੇ। ਉਨ੍ਹਾਂ ਆਖਿਆ ਕਿ ਅਕਾਲੀ ਦਲ ਵਿਚ ਪੈਦਾ ਹੋਏ ਸੰਕਟ ਕਾਰਨ ਉਨ੍ਹਾਂ ਨੂੰ ਖੁਦ ਮੈਦਾਨ 'ਚ ਉਤਰਨਾ ਪੈ ਰਿਹਾ ਹੈ। ਸ. ਬਾਦਲ ਨੇ ਕਿਹਾ ਕਿ ਉਹ ਸਾਰੇ ਇਲਾਕੇ ਦੇ ਲੋਕਾਂ ਨੂੰ ਅਪੀਲ ਕਰਨ ਆਏ ਹਨ ਕਿ ਉਹ ਵੱਧ ਤੋਂ ਵੱਧ ਇਸ ਰੈਲੀ 'ਚ ਪਹੁੰਚਣ। ਉਨ੍ਹਾਂ ਆਖਿਆ ਕਿ ਹੁਣ ਮਾਮਲਾ ਇਕੱਲਾ ਨਾਹਰੇ ਲਾਉਣ ਦਾ ਨਹੀਂ ਰਹਿ ਗਿਆ ਸਗੋਂ ਵਰਕਰਾਂ ਦੇ ਇਮਤਿਹਾਨ ਦਾ ਸਮਾਂ ਹੈ ਤੇ ਪ੍ਰੈਕਟੀਕਲ ਕਰ ਕੇ ਦਿਖਾਉਣਾ ਪੈਣਾ ਹੈ।
ਜ਼ਿਕਰਯੋਗ ਹੈ ਕਿ ਸੁਖਬੀਰ ਬਾਦਲ ਇੰਨ੍ਹੀ ਦਿਨੀਂ ਟਵਿੱਟਰ ਰਾਹੀਂ ਅਕਾਲੀਦਲ ਨਾਲ ਨੌਜਵਾਨਾਂ ਨੂੰ ਜੋੜਨ ਦਾ ਕੰਮ ਕਰ ਰਹੇ ਹਨ। ਜਿਥੇ ਸੁਖਬੀਰ ਬਾਦਲ ਨੂੰ ਇਸ ਰੈਲੀ ਲਈ ਹਲਕਾ ਪੱਧਰ 'ਤੇ ਲੋਕਾਂ ਨਾਲ ਮੀਟਿੰਗਾਂ ਕਰਨੀਆਂ ਚਾਹੀਦੀਆਂ ਸਨ, ਹੁਣ ਉਥੇ ਸਿਆਸਤ ਤੋਂ ਇੱਕ ਸਮਾਂ ਪਰ੍ਹਾਂ ਜਾਂਦੇ ਲੱਗ ਰਹੇ ਵੱਡੇ ਬਾਦਲ ਖੁਦ ਫਿਰ ਤੋਂ ਮੈਦਾ ਵਿਚ ਉਤਰ ਆਏ ਹਨ। ਜਿਸ ਤੋਂ ਕਿਤੇ ਨਾ ਕਿਤੇ ਇੱਕ ਗੱਲ ਜਰੂਰ ਸਾਫ ਹੁੰਦੀ ਨਜ਼ਰ ਆ ਰਹੀ ਹੈ ਕਿ ਇੰਨੀ ਗੱਲ ਤਾਂ ਵੱਡੇ ਬਾਦਲ ਵੀ ਮੰਨਦੇ ਹਨ ਕਿ ਸੁਖਬੀਰ ਬਾਦਲ ਕਾਰਨ ਅਕਾਲੀ ਦਲ ਤੋਂ ਕਈ ਸੀਨੀਅਰ ਲੀਡਰ ਪਾਸਾ ਜਿਹਾ ਵੱਟਣ ਲੱਗ ਪਏ ਹਨ। ਪਰ ਇਹ ਤਾਂ ਹੁਣ ਸਮਾਂ ਹੀ ਦੱਸੇਗਾ ਕਿ ਸੁਖਬੀਰ ਬਾਦਲ ਆਪਣੇ ਪਿਤਾ ਦੀ ਸਿਆਸਤ ਦੇ ਰਾਹ ਤੁਰਨ ਦੀ ਹਿੰਮਤ ਦਿਖਾਉਣਗੇ ਜਾਂ ਫਿਰ ਉਵੇਂ ਹੀ ਆਪਣੀ ਮਸਤ ਚਾਲ 'ਚ ਅਕਾਲੀ ਦਲ ਨੂੰ ਅੱਗੇ ਤੋਰਨ ਦੀ ਵਿਉਂਤਬੰਦੀ ਘੜਦੇ ਰਹਿਣਗੇ।