ਪੱਤਰਕਾਰ ਨਾਲ ਖਹਿਬੜੇ ਟਰੰਪ, 'ਹਾਰਡ ਪ੍ਰੈੱਸ ਪਾਸ' ਕੀਤਾ ਸਸਪੈਂਡ
ਵਾਸ਼ਿੰਗਟਨ, 8 ਨਵੰਬਰ 2018 - ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਕਦੇ ਆਪਣੀ ਸਖਤੀ ਕਾਰਨ ਤੇ ਕਦੇ ਆਪਣੀ ਜ਼ੁਬਾਨ ਕਾਰਨ ਚਰਚਾ 'ਚ ਬਣੇ ਰਹਿੰਦੇ ਹਨ। ਇਸ ਵਾਰ ਟਰੰਪ ਨੇ ਸੀਐਨਐਨ ਦੇ ਚੀਫ ਵਾਈਟ ਹਾਊਜ਼ ਕਾਰੇਸਪਾਂਡੈਂਟ ਨੂੰ ਇਕ ਪ੍ਰੈੱਸ ਕਨਫਰੰਸ ਦੌਰਾਨ ਝਾੜ ਪਾਉਂਦਿਆਂ ਇਥੋਂ ਤੱਕ ਆਖ ਦਿੱਤਾ ਕਿ ਉਸਨੂੰ ਸੀਐਨਐਨ ਲਈ ਕੰਮ ਨਹੀਂ ਕਰਨਾ ਚਾਹੀਦਾ। ਕਿਉਂਕਿ ਉਹ ਬਹੁਤ ਅੱਥਰੇ ਸੁਭਾਅ ਦਾ ਹੈ ਅਤੇ ਟੈਰੀਬਲ ਇਨਸਾਨ ਹੈ।
ਪੱਤਰਕਾਰ ਨੇ ਟਰੰਪ ਕੋਲੋਂ ਅਮਰੀਕਾ 'ਚ ਸ਼ਰਣ ਲੈਣ ਵਾਲਿਆਂ ਸਬੰਧੀ ਇੱਕ ਚੈਲੇਂਜਿੰਗ ਸਵਾਲ ਪੁੱਛਿਆ ਸੀ ਜਿਸ ਕਾਰਨ ਉਸਨੂੰ ਰਾਸ਼ਟਰਪਤੀ ਦੇ ਅਜਿਹੇ ਵਤੀਰੇ ਦਾ ਸਾਹਮਣਾ ਕਰਨਾ ਪਿਆ। ਟਰੰਪ ਦੀ ਪ੍ਰੈੱਸ ਸਕੱਤਰ ਸੈਂਡਰਸ ਨੇ ਕਿਹਾ ਕਿ ਪੱਤਰਕਾਰ ਵੱਲੋਂ ਕਾਨਫਰੰਸ 'ਚ ਆਪਣੀ ਗੱਲ ਖਤਮ ਹੋਣ ਦੇ ਬਾਅਦ ਵੀ ਮਾਈਕ ਵਾਪਸ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੱਤਰਕਾਰ ਕੋਲੋਂ ਉਥੋਂ ਦੀ ਇੱਕ ਇੰਟਰਨ ਨੇ ਮਾਈਕ ਵਾਪਸ ਲੈਣਾ ਚਾਹਿਆ ਪਰ ਉਸਨੇ ਮਾਈਕ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸ ਕਾਰਨ ਉਸ ਦਾ ਪ੍ਰੈੱਸ ਪਾਸ ਵਾਈਟ ਹਾਊਸ 'ਚੋਂ ਸਸਪੈਂਡ ਕਰ ਦਿੱਤਾ ਗਿਆ ਸੀ।
ਪਰ ਦੂਜੇ ਪਾਸੇ ਸੀਐਨਐਨ ਵੱਲੋਂ ਆਪਣੇ ਪੱਤਰਕਾਰ ਦੀ ਪੂਰੀ ਸਪੋਰਟ ਕਰਦਿਆਂ ਕਿਹਾ ਕਿ ਪ੍ਰੈੱਸ ਸਕੱਤਰ ਝੂਠ ਬੋਲ ਰਹੀ ਹੈ। ਉਨ੍ਹਾਂ ਕਿਹਾ ਕਿ, ''ਇਹ ਫੈਸਲਾ ਸਾਡੇ ਲੋਕਤੰਤਰ ਲਈ ਖ਼ਤਰਾ ਹੈ ਅਤੇ ਦੇਸ਼ ਨੂੰ ਬਿਹਤਰ ਹੋਣ ਦਾ ਹੱਕ ਹੈ। ਜਿਮ ਐਕੋਸਟਾ ਨੂੰ ਸਾਡਾ ਪੂਰਾ ਸਮਰਥਨ ਹੈ। "