ਦਿੱਲੀ ਕੋਰਟ 'ਚ ਸਿਰਸਾ ਤੇ ਪੁਲਿਸ ਵਿਚਕਾਰ ਧੱਕਾ-ਮੁੱਕੀ, ਦੂਜੀ ਧਿਰ ਨਾਲ ਹੋਈ ਜ਼ਬਰਦਸਤ ਗਾਲੀ-ਗਲੋਚ
ਨਵੀਂ ਦਿੱਲੀ, 15 ਨਵੰਬਰ 2018 -1984 ਸਿੱਖ ਕਤਲੇਆਮ ਦੇ ਦੋ ਦੋਸ਼ੀਆਂ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ 'ਚ ਅੱਜ ਸੁਣਵਾਈ ਤੋਂ ਬਾਅਦ ਅਕਾਲੀ ਲੀਡਰਾਂ ਤੇ ਦੋਸ਼ੀਆਂ ਦੇ ਹਿਮਾਇਤੀਆਂ ਵਿਚਕਾਰ ਗਾਲੀ ਗਲੋਚ ਹੋਈ ਜਿਸ ਵਿਚਕਾਰ ਦਿੱਲੀ ਪੁਲਿਸ ਨੇ ਅਕਾਲੀ ਲੀਡਰ ਮਨਜਿੰਦਰ ਸਿਰਸਾ ਨੂੰ ਧੱਕੇ ਨਾਲ ਪਿਛਾਂਹ ਧੱਕ ਦਿੱਤਾ।
ਮਾਮਲਾ ਉਸ ਵੇਲੇ ਦਾ ਹੈ ਜਦੋਂ ਕੋਰਟ ਵੱਲੋਂ ਦੋਸ਼ੀਆਂ ਦੀ ਸਜ਼ਾ ਦਾ ਫੈਸਲਾ ਸੁਰੱਖਿਅਤ ਰੱਖਿਆ ਗਿਆ। ਇਸ ਮਾਮਲੇ 'ਤੇ ਮਨਜਿੰਦਰ ਸਿਰਸਾ ਨੇ ਬਿਆਨ ਦਿੰਦਿਆਂ ਕਿਹਾ ਕਿ ਦੋਸ਼ੀਆਂ ਦੀ ਹਿਮਾਇਤ ਲਈ ਕੋਰਟ 'ਚ ਗੁੰਡਿਆਂ ਦੀ ਆਮਦ ਸ਼ੁਰੂ ਹੋ ਗਈ ਸੀ ਤੇ ਉਹ ਵਾਰ ਵਾਰ ਉਨਾਂ ਨੂੰ ਝੜਪ ਲਈ ਉਕਸਾ ਰਹੇ ਸਨ। ਸਿਰਸਾ ਨੇ ਕਿਹਾ ਕਿ ਸਬਰ ਦੀ ਵੀ ਕੋਈ ਹੱਦ ਹੁੰਦੀ ਹੈ ਤੇ ਜਿਸ ਤੋਂ ਬਾਅਦ ਉਨ੍ਹਾਂ ਨੇ ਜ਼ੁਬਾਨੀ ਹੀ ਜਵਾਬ ਦੇਣਾ ਸ਼ੁਰੂ ਕੀਤਾ। ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਸਿਰਸਾ ਤੇ ਹੋਰ ਅਕਾਲੀ ਲੀਡਰਾਂ ਨਾਲ ਝੜਪ ਕੀਤੀ।
ਉਥੇ ਹੀ ਦੂਜੀ ਧਿਰ ਦਾ ਕਹਿਣਾ ਹੈ ਕਿ ਸਿਰਸਾ ਹੁਰਾਂ ਵੱਲੋਂ ਉਨ੍ਹਾਂ ਨਾਲ ਧੱਕਾ ਮੁੱਕੀ ਕੀਤੀ ਗਈ ਜਦਕਿ ਸਿਰਸਾ ਵੱਲੋਂ ਇਸ ਦੇ ਉਲਟ ਉਕਸਾਉਣ ਦਾ ਇਲਜ਼ਾਮ ਲਾਇਆ ਗਿਆ। ਸਿਰਸਾ ਨੇ ਕਿਹਾ ਕਿ ਦੋਸ਼ੀਆਂ ਵੱਲੋਂ 84 ਦੁਬਾਰਾ ਯਾਦ ਕਰਾਏ ਜਾਣ ਦੇ ਨਾਅਰੇ ਲਾਏ ਜਾ ਰਹੇ ਸਨ।