ਮਰਗ ਦੇ ਭੋਗ ਤੋਂ ਆ ਰਹੇ ਬਾਬਿਆਂ ਨੇ ਬਲਦੇ ਖੇਤ 'ਚ ਸੁੱਟੀ ਕਾਰ
ਮੋਗਾ, 16 ਨਵੰਬਰ 2018 - ਕਿਸਾਨਾਂ ਵੱਲੋਂ ਪਰਾਲੀ ਸਾੜਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤਾਜ਼ਾ ਘਟਨਾ ਮੋਗਾ ਤੋਂ ਹੈ ਜਿਥੋਂ ਦੇ ਪਿੰਡ ਤਾਰੇਵਾਲਾ ਵਿਚ ਖੇਤਾਂ ਵਿਚ ਪਰਾਲੀ ਨੂੰ ਲੱਗੀ ਅੱਗ ਕਾਰਨ ਧੂੰਆ ਇੰਨਾ ਸੀ ਕਿ ਕਾਰ ਚਾਲਕ ਨੂੰ ਸੜਕ ਤੇ ਖੇਤ ਦਾ ਪਤਾ ਹੀ ਨਾ ਲੱਗਾ ਤੇ ਉਸਨੇ ਕਾਰ ਸਿੱਧੀ ਬਲਦੀ ਅੱਗ 'ਚ ਜਾ ਸੁੱਟੀ। ਸਥਾਨਕ ਲੋਕਾਂ ਨੇ ਕਾਰ ਸਵਾਰਾਂ ਨੂੰ ਜੱਦੋ ਜਹਿਦ ਕਰ ਕੇ ਬਚਾ ਲਿਆ, ਪਰ ਕਾਰ ਪੂਰੀ ਤਰ੍ਹਾਂ ਸੜ ਗਈ।
ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪਰਾਲੀ ਕਾਰਨ ਧੂੰਆਂ ਇੰਨਾ ਜ਼ਿਆਦਾ ਸੀ ਕਿ ਕਾਰ ਚਲਾ ਰਹੇ ਬਜ਼ੁਰਗ ਨੂੰ ਪਤਾ ਨਹੀਂ ਲੱਗਾ ਅਤੇ ਉਹ ਆਪਣਾ ਸੰਤੁਲਨ ਗੁਆ ਬੈਠੇ। ਪਤਾ ਲੱਗਾ ਹੈ ਕਿ ਬਜ਼ੁਰਗ ਅੰਤਿਮ ਅਰਦਾਸ 'ਚ ਸ਼ਾਮਲ ਹੋ ਕੇ ਆ ਰਹੇ ਸਨ। ਕਾਰ ਵਿੱਚ ਕੁੱਲ 4 ਜਣੇ ਸਵਾਰ ਸਨ, ਜਿਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਕੇ ਨੇੜਲੇ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਹੈ।