← ਪਿਛੇ ਪਰਤੋ
ਚੰਡੀਗੜ੍ਹ, 15 ਦਸੰਬਰ 2018 - ਪੰਜਾਬ ਤੇ ਹਰਿਆਣਾ ਹਾਈ ਕੋਰਟ ਸਥਿਤ ਪਾਰਕਿੰਗ 'ਚੋਂ ਅੱਜ ਸ਼ਨੀਵਾਰ ਦੀ ਸਵੇਰ ਇਕ ਲੜਕੀ ਨੂੰ ਕਿਡਨੈਪ ਕਰਨ ਦੀ ਕਾਲ ਨੇ ਹੜਕੰਪ ਮਚਾ ਦਿੱਤਾ। ਕੋਰਟ ਸਕਿਉਰਿਟੀ 'ਚ ਤੈਨਾਤ ਇਕ ਸਬ ਇੰਸਪੈਕਟਰ ਨੇ ਪੁਲਿਸ ਕੰਟ੍ਰੋਲ ਰੂਮ 'ਚ ਇਹ ਕਿਡਨੈਪ ਕਾਲ ਦਿੱਤੀ। ਮਾਮਲੇ ਦੀ ਸੂਚਨਾ ਮਿਲਦਿਆਂ ਜਦੋਂ ਪੁਲਿਸ ਮੌਕੇ 'ਤੇ ਪੁੱਜੀ ਤਾਂ ਮੁਲਜ਼ਮ ਲੜਕੀ ਨੂੰ ਕਿਡਨੈਪ ਕਰ ਉਥੋਂ ਰਫੂ ਚੱਕਰ ਹੋ ਚੁੱਕੇ ਸਨ। ਉਥੇ ਹੀ ਸੈਕਟਰ ਤਿੰਨ ਥਾਣਾ ਪੁਲਿਸ ਦੀ ਜਾਂਚ 'ਚ ਸਾਹਮਣੇ ਆਇਆ ਕਿ ਲੜਕੀ ਇਕ ਲੜਕੇ ਨਾਲ ਵਿਆਹ ਕਰਾਉਣ ਦੇ ਚੱਕਰ 'ਚ ਸੁਰੱਖਿਆ ਲੈਣ ਲਈ ਆਪਣੇ ਪ੍ਰੇਮੀ ਨਾਲ ਕੋਰਟ 'ਚ ਆਈ ਸੀ ਜਿਥੇ ਲੜਕੀ ਦੇ ਘਰ ਵਾਲਿਆਂ ਨੇ ਉਸਨੂੰ ਜ਼ਬਰਦਸਤੀ ਹਾਈ ਕੋਰਟ ਦੀ ਪਾਰਕਿੰਗ 'ਚੋਂ ਆਪਣੀ ਗੱਡੀ 'ਚ ਬਿਠਾ ਕੇ ਲੈ ਗਏ। ਹਾਲਾਂਕਿ ਪੁਲਿਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ। ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਦੀ ਸਵੇਰ 9.15 ਵਜੇ ਇੱਕ ਲੜਕੀ ਇੱਕ ਨੌਜਵਾਨ ਲੜਕੇ ਨਾਲ ਹਾਈ ਕੋਰਟ 'ਚ ਆਈ ਸੀ। ਜਦੋਂ ਲੜਕੀ ਹਾਈ ਕੋਰਟ ਦੀ ਪਾਰਕਿੰਗ 'ਚ ਪਹੁੰਚੀ ਤਾਂ ਇਸ ਦੌਰਾਨ ਇਕ ਪੰਜਾਬ ਨੰਬਰ ਚਿੱਟੇ ਰੰਗ ਦੀ ਫੌਰਡ ਗੱਡੀ ਆਈ ਤੇ ਉਸ 'ਚ ਸਵਾਰ ਕੁਝ ਲੋਕਾਂ ਨੇ ਲੜਕੀ ਨੂੰ ਜ਼ਬਰਦਸਤੀ ਆਪਣੀ ਕਾਰ 'ਚ ਬਿਠਾਇਆ ਤੇ ਉਥੋਂ ਫਰਾਰ ਹੋ ਗਏ। ਉਥੇ ਮੌਜੂਦ ਸਬ ਇੰਸਪੈਕਟਰ ਨੇ ਇਸ ਦੀ ਜਾਣਕਾਰੀ ਕੰਟ੍ਰੋਲ ਰੂਮ 'ਚ ਦਿੱਤੀ। ਮਾਮਲੇ 'ਚ ਸੈਕਟਰ ੩ ਥਾਣਾ ਪੁਲਿਸ ਦੀ ਹੁਣ ਤਕ ਦੀ ਜਾਂਚ 'ਚ ਸਾਹਮਣੇ ਆਇਆ ਕਿ ਲੜਕੀ ਦੇ ਨਾਲ ਆਇਆ ਨੌਜਵਾਨ ਉਸਦਾ ਪ੍ਰੇਮੀ ਹੈ ਤੇ ਉਹ ਦੋਨੋਂ ਵਿਆਹ ਕਰਾਉਣ ਵਾਲੇ ਸਨ। ਇਸੇ ਨੂੰ ਲੈ ਕੇ ਉਹ ਹਾਈ ਕੋਰਟ 'ਚ ਕਿਸੇ ਵਕੀਲ ਨੂੰ ਮਿਲਣ ਆ ਰਹੇ ਸੀ। ਜਿਵੇਂ ਹੀ ਉਹ ਦੋਵੇਂ ਪਾਰਕਿੰਗ 'ਚ ਪਹੁੰਚੇ ਉਹਨਾਂ ਨਾਲ ਇਹ ਘਟਨਾ ਵਾਪਰ ਗਈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਚ ਜਾਂਚ ਕੀਤੀ ਜਾ ਰਹੀ ਹੈ। ਲੜਕੀ ਦੇ ਬਿਆਨਾਂ ਤੋਂ ਬਾਅਦ ਹੀ ਅੱਗੇ ਦੀ ਕਾਰਵਾਈ ਸੰਭਵ ਹੋ ਕਦੀ ਹੈ। ਫਿਲਹਾਲ ਪੁਲਿਸ ਫੋਰਡ ਕਾਰ ਸਵਾਰ ਮੁਲਜ਼ਮਾਂ ਦੀ ਤਲਾਸ਼ 'ਚ ਜੁਟੀ ਹੋਈ ਹੈ।
Total Responses : 939