ਐਸ ਡੀ ਐਮ ਹੁਸ਼ਿਆਰਪੁਰ ਵਲੋਂ ਨਸ਼ਾ ਵਿਰੋਧੀ ਮੁਹਿੰਮ ਹੋਰ ਤੇਜ਼
ਵਿਸ਼ੇਸ਼ ਪ੍ਰਤੀਨਿੱਧੀ ਅੰਮ੍ਰਿਤ ਪਾਲ ਬਰਾੜ
ਹੁਸ਼ਿਆਰਪੁਰ, 10 ਜਨਵਰੀ : ਐਸ ਡੀ ਐਮ ਅਮਰਪ੍ਰੀਤ ਕੌਰ ਸੰਧੂ ਨੇ ਸਬ ਡਵੀਜਨ ਵਿਚ ਤੰਦਰੁਸਤ ਮਿਸ਼ਨ ਪੰਜਾਬ ਅਧੀਨ ਨਸ਼ਾ ਵਿਰੋਧੀ ਮੁਹਿੰਮ ਨੂੰ ਹੋਰ ਤੇਜ਼ ਕਰਨ ਦੇ ਮਕਸਦ ਨਾਲ ਮੀਟਿੰਗਾਂ ਤੇ ਕੈੰਪਾਂ ਦਾ ਦੌਰ ਸ਼ੁਰੂ ਕੀਤਾ ਹੈ I ਇਸੇ ਮੁਹਿੰਮ ਤਹਿਤ ਅੱਜ ਉਨ੍ਹਾਂ ਨੇ ਕਮਿਊਨਿਟੀ ਹੈਲਥ ਸੈਂਟਰ, ਭੂੰਗਾ ਵਿਖੇ ਇਕ ਕੈੰਪ ਦਾ ਆਯੋਜਨ ਕਰਵਾਇਆ ਜਿਸ ਵਿਚ ਹਲਕੇ ਦੇ ਜੀ.ਓ.ਜੀ., ਸੀਨੀਅਰ ਮੈਡੀਕਲ ਅਫਸਰ, ਡਾਕਟਰ, ਬਲਾਕ ਭੂੰਗਾ ਨਾਲ ਸਬੰਧਤ 97 ਪਿੰਡਾਂ ਦੇ ਸਰਪੰਚਾਂ, ਪੰਚਾਂ ਨੇ ਭਾਰੀ ਗਿਣਤੀ ਵਿਚ ਸ਼ਮੂਲਿਅਤ ਕੀਤੀ I
ਭਰਵੇਂ ਇਕੱਠ ਨੂੰ ਸੰਬੋਧਨ ਕਰਦੇ ਹੋਏ ਅਮਰਪ੍ਰੀਤ ਕੌਰ ਸੰਧੂ, ਆਈ.ਏ.ਐਸ., ਉਪ ਮੰਡਲ ਮੈਜਿਸਟਰੇਟ, ਵੱਲੋਂ ਸਮੂਹ ਪਿੰਡਾਂ ਦੇ ਇਕੱਤਰ ਹੋਏ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਉਨ੍ਹਾਂ ਨਸ਼ੇ ਦੀ ਚਪੇਟ ਵਿੱਚ ਆ ਚੁੱਕੇ ਵੱਧ ਤੋਂ ਵੱਧ ਲੋਕਾਂ ਨੂੰ ਸੀ.ਐਚ.ਸੀ., ਭੂੰਗਾ ਵਿਖੇ ਦਾਖਲ ਕਰਵਾਉਣ ਲਈ ਕਿਹਾ ਗਿਆ ਤਾਂ ਜੋ ਲੋਕਾਂ ਦਾ ਠੀਕ ਢੰਗ ਨਾਲ ਇਲਾਜ ਸੰਭਵ ਹੋ ਸਕੇ। ਉਨ੍ਹਾਂ ਕਿਹਾ ਤੰਦਰੁਸਤ ਮਿਸ਼ਨ ਪੰਜਾਬ ਦੇ ਉਦੇਸ਼ ਨੂੰ ਲੋਕਾਂ ਤਕ ਲਿਜਾਣ ਲਈ ਪੰਚਾ ਤੇ ਸਰਪੰਚਾਂ ਨੂੰ ਵੱਧ ਚੜਕੇ ਹਿਸਾ ਲੈਣਾ ਚਾਹੀਦਾ ਹੈ I
ਐਸ ਡੀ ਐਮ ਨੇ ਕਿਹਾ ਕਿ ਪੰਜਾਬ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਚਲਾਈ ਜਾ ਰਹੀ ਲਹਿਰ ਵਿਚ ਸਭ ਨੂੰ ਸ਼ਾਮਿਲ ਹੋਣਾ ਚਾਹੀਦਾ ਹੈ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਮਹੀਨਿਆਂ ਵਿੱਚ ਪੁਲਿਸ ਮਹਿਕਮੇ ਨਾਲ ਮੈਪਿੰਗ ਕਰਕੇ ਨਸ਼ੇ ਤੋਂ ਜਿਆਂਦਾ ਪ੍ਰਭਾਵਿਤ (Vulnerable Villages) ਪਿੰਡਾਂ ਵਿੱਚ ਨਸ਼ੇ ਵਿਰੁੱਧ ਵੱਧ ਤੋਂ ਵੱਧ ਜਾਗਰੁਕਤਾ ਕੈਂਪ ਲਗਾਏ ਜਾਣਗੇ। I