ਦਸੂਹਾ, 11 ਜਨਵਰੀ 2019 - ਵਿਆਹਾਂ 'ਚ ਹਥਿਆਰ ਚਲਾਉਣੇ ਅਜੇ ਬੰਦ ਨਹੀਂ ਹੋਏ। ਪ੍ਰਸ਼ਾਸਨ ਦੇ ਲੱਖ ਮਨ੍ਹਾ ਕਰਨ ਦੇ ਬਾਵਜੂਦ ਵੀ ਪੰਜਾਬ ਦੇ ਲੋਕ ਫੋਕੀਆਂ ਟੌਹਰਾਂ ਦਿਖਾਉਣ ਲਈ ਹਥਿਆਰਾਂ ਦੇ ਖੂਬ ਪਟਾਕੇ ਪਾਉਂਦੇ ਹਨ। ਇਹੋ ਜਿਹੀ ਘਟਨਾ ਵਾਪਰੀ ਦਸੂਹਾ ਦੇ ਪਿੰਡ ਹਰਦੋਥਲਾ ਵਿਚ, ਜਿਥੇ ਵਿਆਹ ਤੋਂ ਪਹਿਲਾਂ ਜਾਗੋ ਦੌਰਾਨ ਹਥਿਆਰ ਦਿਖਾ ਦਿਖਾ ਨੱਚ ਰਹੇ ਸ਼ਖਸ ਨੇ ਗੋਲੀ ਚਲਾ ਦਿੱਤੀ ਤੇ ਗੋਲੀ ਵਿਆਹ ਦੀਆਂ ਫੋਟੋਆਂ ਉਤਾਰ ਰਹੇ ਨੌਜਵਾਨ ਫੋਟੋਗ੍ਰਾਫਰ ਦੇ ਜਾ ਲੱਗੀ ਜਿਸ ਨਾਲ ਉਸਦੀ ਮੌਕੇ ਮੌਤ ਹੋ ਗਈ।
ਇਸ ਘਟਨਾ ਤੋਂ ਬਾਅਦ ਵਿਆਹ ਦੀਆਂ ਖੁਸ਼ੀਆਂ ਮਾਤਮ ‘ਚ ਬਦਲ ਗਈਆਂ। ਮ੍ਰਿਤਕ ਨੌਜਵਾਨ ਦੀ ਪਛਾਣ ਜਸਪਾਲ ਸਿੰਘ ਜੱਸੀ ਪੁੱਤਰ ਕਮਲਜੀਤ ਸਿੰਘ ਨਿਵਾਸੀ ਮਨਸੂਰਪੁਰ (ਮੁਕੇਰਿਆ) ਦੇ ਰੂਪ ‘ਚ ਹੋਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਿੰਡ ‘ਚ ਇਕ ਲੜਕੀ ਦੇ ਵਿਆਹ ਸਬੰਧੀ ਜਾਗੋ ਕੱਢੀ ਜਾ ਰਹੀ ਸੀ। ਜਾਣਕਾਰੀ ਅਨੁਸਾਰ ਮ੍ਰਿਤਕ ਜੱਸੀ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਮੁਕੇਰੀਆਂ ਦੇ ਪਿੰਡ ਮਨਸੂਰ ਪੁਰ ਦਾ ਜੰਮਪਲ ਸੀ। ਇਸ ਘਟਨਾ ਤੋਂ ਬਾਅਦ ਦਸੂਹਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।