ਜਲੰਧਰ, 16 ਜਨਵਰੀ :ਜਿਲ੍ਹਾ ਲੋਕ ਸੰਪਰਕ ਦਫਤਰ, ਜਲੰਧਰ ਦੇ ਸਮੂਹ ਸਟਾਫ ਵਲੋਂ ਸਰਬੱਤ ਦੇ ਭਲੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੱਤਰਕਾਰ ਭਾਈਚਾਰੇ ਦੀ ਚੜ੍ਹਦੀਕਲਾ ਲਈ ਆਪਣੇ ਦਫਤਰ ਵਿਖੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ, ਜਿਸ ਵਿਚ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਐਸ.ਐਸ.ਪੀ. ਜਲੰਧਰ ਦਿਹਾਤੀ ਸ਼੍ਰੀ ਨਵਜੋਤ ਸਿੰਘ ਮਾਹਲ ਤੇ ਸਮੂਹ ਪੱਤਰਕਾਰ ਭਾਈਚਾਰੇ ਤੋਂ ਇਲਾਵਾ ਵੱਖ-ਵੱਖ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਹਾਜ਼ਰੀ ਭਰੀ।
ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਮੱਖਣ ਸ਼ਾਹ ਲੁਬਾਣਾ ਗੁਰਦੁਆਰਾ , ਮਿੱਠਾਪੁਰ ਰੋਡ ਜਲੰਧਰ ਦੇ ਰਾਗੀ ਜਥੇ ਭਾਈ ਗੁਰਵਿੰਦਰ ਸਿੰਘ , ਭਾਈ ਪਰਮਿੰਦਰ ਸਿੰਘ ਤੇ ਭਾਈ ਨਿਰਮਲ ਸਿੰਘ ਦੇ ਜਥੇ ਵਲੋਂ ਰਸਭਿੰਨੇ ਕੀਰਤਨ ਰਾਹੀਂ ਸੰਗਤÎਾਂ ਨੂੰ ਨਿਹਾਲ ਕੀਤਾ ਗਿਆ ਅਤੇ ਪ੍ਰਸ਼ਾਸ਼ਨ, ਪੱਤਰਕਾਰ ਭਾਈਚਾਰੇ ਦੀ ਚੜ੍ਹਦੀ ਕਲਾ ਅਰਦਾਸ ਕੀਤੀ ਗਈ।
ਇਸ ਮੌਕੇ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਡਿਪਟੀ ਕਮਿਸ਼ਨਰ ਸ੍ਰੀ ਸ਼ਰਮਾ ਨੇ ਲੋਕ ਸੰਪਰਕ ਵਿਭਾਗ ਵਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਿਭਾਗ ਨੂੰ ਨਵੇਂ ਸਾਲ ਲਈ ਸੁਭਕਾਮਨਾਵਾਂ ਦਿੱਤੀਆਂ। ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਸਾਨੂੰ ਗੁਰਬਾਣੀ । ਵਲੋਂ ਦਿੱਤੇ ਉਪਦੇਸ਼ ਅਨੁਸਾਰ ਆਪਣੇ ਫਰਜ਼ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਉਣੇ ਚਾਹੀਦੇ ਹਨ ਤਾਂ ਜੋ ਅਸੀਂ ਸਮਾਜ ਲਈ ਕੁਝ ਚੰਗੀ ਉਦਾਹਰਨ ਪੇਸ਼ ਕਰ ਸਕੀਏ। ਐਸ.ਐਸ.ਪੀ. ਜਲੰਧਰ ਦਿਹਾਤੀ ਸ਼੍ਰੀ ਨਵਜੋਤ ਸਿੰਘ ਮਾਹਲ ਨੇ ਜਿੱਥੇ ਪੱਤਰਕਾਰ ਭਾਈਚਾਰੇ ਤੇ ਹੋਰਨਾਂ ਸੰਗਤਾਂ ਨੂੰ ਜੀ ਆਇਆਂ ਕਿਹਾ ਉੱਥੇ ਹੀ ਲੋਕ ਸੰਪਰਕ ਵਿਭਾਗ ਵਲੋਂ ਕੀਤੇ ਉਪਰਾਲੇ ਨੂੰ ਚੰਗੀ ਪਹਿਲਕਦਮੀ ਦੱਸਿਆ।
ਇਸ ਮੌਕੇ ਲੋਕ ਸੰਪਰਕ ਵਿਭਾਗ ਦੇ ਅਧਿਕਾਰੀਆਂ ਤੇ ਪੱਤਰਕਾਰ ਸਾਹਿਬਾਨਾਂ ਵਲੋਂ ਡਿਪਟੀ ਕਮਿਸ਼ਨਰ, ਪੁਲਿਸ ਕਮਿਸ਼ਨਰ, ਐਸ.ਐਸ.ਪੀ. ਜਲੰਧਰ ਦਿਹਾਤੀ, ਵਧੀਕ ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ, ਐਸ.ਡੀ.ਐਮ. ਪਰਮਵੀਰ ਸਿੰਘ, ਐਸ.ਡੀ.ਐਮ. ਸੰਜੀਵ ਸ਼ਰਮਾ, ਸਾਬਕਾ ਜਾਇੰਟ ਡਾਇਰੈਕਟਰ ਲੋਕ ਸੰਪਰਕ ਬੀ.ਐਸ.ਸੋਢੀ, ਸਾਬਕਾ ਜਿਲ੍ਹਾ ਲੋਕ ਸੰਪਰਕ ਅਫਸਰ ਸੰਤ ਕੁਮਾਰ ਜੁਨੇਜਾ, ਤਹਿਸੀਲਦਾਰ ਕਰਨਵੀਰ ਸਿੰਘ ਭੁੱਲਰ ਤੇ ਅਦਿੱਤਿਆ ਗੁਪਤਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਦਾ ਲੰਗਰ ਵੀ ਅਤੁੱਟ ਵਰਤਾਇਆ ਗਿਆ।
ਸਮਾਗਮ ਦੌਰਾਨ ਜਿਲ੍ਹਾ ਲੋਕ ਸੰਪਰਕ ਅਫਸਰ ਮਨਵਿੰਦਰ ਸਿੰਘ ਨੇ ਮੰਚ ਦਾ ਸੰਚਾਲਨ ਕੀਤਾ। ਇਸ ਮੌਕੇ ਜਿਲ੍ਹਾ ਮੰਡੀ ਅਫਸਰ ਵਰਿੰਦਰ ਖੇੜਾ, ਸਹਾਇਕ ਲੋਕ ਸੰਪਰਕ ਅਫਸਰ ਕਸ਼ਮੀਰ ਸਿੰਘ ਰਾਣਾ, ਸੁਬੇਗ ਸਿੰਘ ਤੇ ਜਤਿੰਦਰ ਕੋਹਲੀ, ਰੂਡਸੈਟ ਦੇ ਡਾਇਰੈਕਟਰ ਜਗਦੀਸ਼ ਕੁਮਾਰ ਹਾਜ਼ਰ ਸਨ।