ਅੱਧੀ ਦਰਜਨ ਤੋਂ ਵੱਧ ਮੁਲਕਾਂ ਤੋਂ ਪੁੱਜੇ 250 ਤੋਂ ਵੱਧ ਵਿਦਵਾਨ, 15 ਤਕਨੀਕੀ ਸੈਸ਼ਨਾਂ ਦੌਰਾਨ 185 ਪਰਚੇ ਪੜ੍ਹੇ
ਪਟਿਆਲਾ, 03 ਫਰਵਰੀ 2019: ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਵੱਲੋਂ ਕਰਵਾਈ ਗਈ ਤਿੰਨ ਰੋਜ਼ਾ 6ਵੀਂ ਦੱਖਣੀ ਏਸ਼ੀਅਨ ਇਤਿਹਾਸ ਕਾਨਫਰੰਸ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਕੁਲ ਦੁਨੀਆਂ ਤੱਕ ਪੁੱਜਦਾ ਕਰਨ ਦਾ ਅਹਿਦ ਕਰਨ ਦੇ ਨਾਲ ਅੱਜ ਇਥੇ ਸੰਪੰਨ ਹੋ ਗਈ। ਇਸ ਦੌਰਾਨ ਅੱਧੀ ਦਰਜਨ ਤੋਂ ਵੱਧ ਮੁਲਕਾਂ ਤੋਂ ਪੁੱਜੇ 250 ਤੋਂ ਵੱਧ ਵਿਦਵਾਨਾਂ ਵੱਲੋਂ 15 ਤਕਨੀਕੀ ਸੈਸ਼ਨਾਂ ਦੌਰਾਨ 185 ਪਰਚੇ ਪੜ੍ਹੇ ਗਏ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਸ਼ਵ ਸ਼ਾਤੀ ਲਈ ਮਹੱਤਵਪੂਰਨ ਸੁਨੇਹੇ ਸਮੇਤ ਉਨ੍ਹਾਂ ਵੱਲੋਂ ਦੱਬੇ-ਕੁਚਲੇ ਲੋਕਾਂ ਤੇ ਸਮੁੱਚੀ ਮਾਨਵਤਾ ਦੇ ਭਲੇ ਲਈ ਦਿੱਤੇ ਉਪਦੇਸ਼ ਤੇ ਫ਼ਿਲਾਸਫ਼ੀ ਉਪਰ ਵਿਸਥਾਰ 'ਚ ਵਿਚਾਰ ਚਰਚਾ ਕੀਤੀ ਗਈ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਵੱਡੇ ਪੱਧਰ 'ਤੇ ਮਨਾਉਣ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅਰੰਭੇ ਸਮਾਗਮਾਂ ਦੀ ਲੜੀ ਤਹਿਤ ਕਰਵਾਈ ਇਸ ਕਾਨਫਰੰਸ ਦੇ ਸਮਾਪਤੀ ਸਮਾਰੋਹ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਪੰਜਾਬ ਦੇ ਜੰਗਲਾਤ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਕਿਸੇ ਇੱਕ ਧਰਮ, ਫਿਰਕੇ, ਜਾਂ ਇੱਕ ਇਨਸਾਨ ਲਈ ਨਹੀਂ ਸਗੋਂ ਇਹ ਪੂਰੀ ਕਾਇਨਾਤ ਲਈ ਸਰਬ ਸਾਂਝਾ ਉਪਦੇਸ਼ ਹੈ, ਕਿਉਂਕਿ ਗੁਰੂ ਨਾਨਕ ਦੇਵ ਜੀ ਪੂਰੀ ਦੁਨੀਆਂ ਦੇ ਰਹਿਬਰ ਸਨ।
'ਦੱਖਣੀ ਖਿੱਤੇ ਦੇ ਦੇਸ਼ਾਂ ਵਿੱਚ ਗਰੀਬੀ, ਸਮਾਜਿਕ, ਆਰਥਿਕ, ਸੱਭਿਆਚਾਰਕ, ਰਾਜਨੀਤਕ ਤੇ ਧਾਰਮਿਕ ਕਾਰਨਾਂ ਕਰਕੇ ਦੱਬੇ ਕੁਚਲੇ ਰਹੇ ਵਰਗਾਂ ਦਾ ਮੁਲਾਂਕਣ ਕਰਨ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਵਿਰਾਸਤ' ਵਿਸ਼ੇ 'ਤੇ ਕਰਵਾਈ ਗਈ ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਧਰਮਸੋਤ ਨੇ ਕਿਹਾ ਕਿ, ''ਅਸੀਂ ਵਡਭਾਗੇ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਸਾਡੇ ਸਮੇਂ 'ਚ ਆ ਰਿਹਾ ਹੈ, ਇਸ ਲਈ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਇਸ ਪਵਿੱਤਰ ਦਿਹਾੜੇ ਨੂੰ ਮਨਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ ਅਤੇ ਅਜਿਹੇ ਸਮਾਗਮ ਸਾਰਾ ਸਾਲ ਚੱਲਣਗੇ।
ਸ. ਧਰਮਸੋਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤੇ ਮੂਲ ਮੰਤਰ ਦਾ ਜਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸੰਦੇਸ਼ ਨੂੰ ਕੁਲ ਦੁਨੀਆਂ 'ਚ ਪੁੱਜਦਾ ਕੀਤਾ ਜਾਣਾ ਚਾਹੀਦਾ ਸੀ ਪਰੰਤੂ ਅਫ਼ਸੋਸ ਕਿ ਸਾਡੀ ਸੰਕੀਰਨ ਸੋਚ ਨੇ ਉਨ੍ਹਾਂ ਦੇ ਸੰਦੇਸ਼ ਨੂੰ ਵੀ ਕੇਵਲ ਆਪਣੇ ਤੱਕ ਹੀ ਸੀਮਤ ਰੱਖਿਆ ਹੋਇਆ ਹੈ, ਇਸ ਲਈ ਸਾਰੇ ਵਿਦਵਾਨ ਇਸ ਪੱਖ ਵੱਲ ਵਿਸ਼ੇਸ਼ ਪਹਿਲਕਦਮੀ ਕਰਦਿਆਂ ਉਨ੍ਹਾਂ ਦਾ ਸੰਦੇਸ਼ ਪੂਰੀ ਦੁਨੀਆਂ ਤੱਕ ਪੁੱਜਦਾ ਕਰਨ ਦਾ ਅਹਿਦ ਕਰਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਨਸਾਨੀਅਤ ਦੇ ਭਲੇ ਲਈ ਪੂਰੀ ਦੁਨੀਆਂ ਦਾ ਚੱਕਰ ਲਾਇਆ ਅਤੇ ਸਰਬੱਤ ਦਾ ਭਲਾ ਮੰਗਿਆ, ਕਿਉਂਕਿ ਉਹ ਕਿਸੇ ਨੂੰ ਵੀ ਦੁਖੀ ਹੋਇਆ ਨਹੀਂ ਸਨ ਦੇਖ ਸਕਦੇ। ਉਨ੍ਹਾਂ ਨੇ ਰੱਬ ਅਤੇ ਰੱਬ ਦੇ ਬਣਾਏ ਬੰਦਿਆਂ ਦੀ ਗੱਲ ਕੀਤੀ ਤੇ ਉਨ੍ਹਾਂ ਵੱਲੋਂ ਦਿੱਤਾ ਉਪਦੇਸ਼ ਸਾਡੇ ਆਪਸੀ ਅਤੇ ਕੁਲ ਸੰਸਾਰ ਦੇ ਝਗੜੇ ਨਿਬੇੜਨ ਦੇ ਸਮਰੱਥ ਹੈ। ਇਸ ਮੌਕੇ ਸ. ਧਰਮਸੋਤ ਨੇ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਲਈ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ 2 ਲੱਖ ਰੁਪਏ ਦੀ ਵਿਤੀ ਸਹਾਇਤਾ ਦੇਣ ਵੀ ਐਲਾਨ ਕੀਤਾ।
ਇਸ ਤੋਂ ਪਹਿਲਾਂ ਹਲਕਾ ਰਾਜਪੁਰਾ ਦੇ ਵਿਧਾਇਕ ਤੇ ਵਿਧਾਨ ਸਭਾ 'ਚ ਚੀਫ਼ ਵਿੱਪ ਸ. ਹਰਦਿਆਲ ਸਿੰਘ ਕੰਬੋਜ ਨੇ ਵਿਸ਼ੇਸ਼ ਮਹਿਮਾਨ ਵਜੋਂ ਆਪਣੇ ਸੰਬੋਧਨ ਮੌਕੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਵਾਤਾਵਰਣ ਦੀ ਸੰਭਾਲ ਲਈ ਦਿੱਤੇ ਹੋਕੇ 'ਤੇ ਅਮਲ ਕਰਦਿਆਂ ਪੰਜਾਬ ਸਰਕਾਰ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਦੇ ਸੰਬੰਧ 'ਚ ਹਰ ਪਿੰਡ ਵਿਖੇ 550 ਬੂਟੇ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਕਿਸੇ ਹਥਿਆਰ ਦੀ ਥਾਂ ਸ਼ਬਦ ਨੂੰ ਪ੍ਰਮੁੱਖਤਾ ਦਿੰਦਿਆਂ ਆਪਣਾ ਸਰਬ ਸਾਂਝਾ ਸੰਦੇਸ਼ ਦਿੱਤਾ ਜੋ ਕਿ ਅਜੋਕੇ ਸਮੇਂ ਸਾਡੇ ਸਭਨਾਂ ਲਈ ਅਤੇ ਖਾਸ ਕਰਕੇ ਸਾਡੇ ਨੌਜਵਾਨਾਂ ਲਈ ਵਿਸ਼ੇਸ਼ ਸਾਰਥਿਕਤਾ ਰੱਖਦਾ ਹੈ।
%ਪੰਜਾਬ ਆਰਟ ਕੌਂਸਲ ਦੇ ਸਹਿਯੋਗ ਨਾਲ ਕਰਵਾਈ ਇਸ ਕਾਨਫਰੰਸ ਦੀ ਵਿਦਾਇਗੀ ਮੌਕੇ ਪ੍ਰਧਾਨਗੀ ਭਾਸ਼ਣ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬੀ.ਐਸ. ਘੁੰਮਣ ਨੇ ਕਿਹਾ ਕਿ ਇਸ ਕਾਨਫਰੰਸ 'ਚ ਹੋਈ ਵਿਚਾਰ ਚਰਚਾ 'ਚ ਇਹ ਸਾਹਮਣੇ ਆਇਆ ਹੈ ਕਿ ਗੁਰੂ ਨਾਨਕ ਦੇਵ ਜੀ ਕੁਲ ਦੁਨੀਆਂ ਦੇ ਰਹਿਬਰ ਸਨ ਅਤੇ ਉਨ੍ਹਾਂ ਦਾ ਉਪਦੇਸ਼ ਵਿਸ਼ਵ ਸ਼ਾਂਤੀ ਲਈ ਆਪਣਾ ਖਾਸ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸੰਦੇਸ਼ ਨੂੰ ਸਾਰੀ ਮਨੁੱਖਤਾ ਤੱਕ ਪੁੱਜਦਾ ਕਰਨ ਲਈ ਇਸ ਕਾਨਫਰੰਸ ਨੇ ਇੱਕ ਚੰਗੀ ਸ਼ੁਰੂਆਤ ਕੀਤੀ ਹੈ ਅਤੇ ਪੰਜਾਬੀ ਯੂਨੀਵਰਸਿਟੀ ਇਸ ਵਿੱਚ ਆਪਣਾ ਬਣਦਾ ਯੋਗਦਾਨ ਪਾਵੇਗੀ।
ਕਾਨਫਰੰਸ ਦੌਰਾਨ ਡੀਨ ਰਿਸਰਚ ਡਾ. ਜਸਪਾਲ ਕੌਰ ਧੰਜੂ ਤੇ ਇਤਿਹਾਸ ਵਿਭਾਗ ਦੇ ਮੁਖੀ ਤੇ ਕਾਨਫਰੰਸ ਦੇ ਡਾਇਰੈਕਟਰ ਡਾ. ਮੁਹੰਮਦ ਇਦਰੀਸ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਇਸ ਕੌਮਾਂਤਰੀ ਕਾਨਫਰੰਸ ਦਾ ਆਗ਼ਾਜ਼ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕਰਵਾਇਆ ਸੀ। ਇਸ ਤੋਂ ਪਹਿਲਾਂ ਐਮ.ਐਸ. ਬੜੌਦਾ ਯੂਨੀਵਰਸਿਟੀ ਤੋਂ ਪੁੱਜੇ ਪ੍ਰੋ. ਰਾਜ ਕੁਮਾਰ ਹੰਸ ਨੇ ਕੁੰਜੀਵਤ ਭਾਸ਼ਣ ਨੇ ਪੜ੍ਹਦਿਆਂ ਦੱਖਣੀ ਏਸ਼ੀਆ ਖਿੱਤੇ ਦੇ ਦੇਸ਼ਾਂ ਵਿੱਚ ਹਾਸ਼ੀਏ 'ਤੇ ਪੁੱਜੇ ਲੋਕਾਂ ਨੂੰ ਸਮਾਨਤਾ ਦਾ ਅਧਿਕਾਰ ਦਿਵਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਕੀਤੀਆਂ ਯਾਤਰਾਵਾਂ ਦਾ ਜਿਕਰ ਕਰਦਿਆਂ ਵਿਸਥਾਰ 'ਚ ਦੱਸਿਆ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਵਿਗਿਆਨਕ ਢੰਗ ਨਾਲ ਲੋਕਾਂ ਵਿੱਚੋਂ ਅੰਧ ਵਿਸਵਾਸ਼ ਨੂੰ ਖਤਮ ਕਰਕੇ ਲੋਕਾਂ ਨੂੰ ਕਿਰਤ ਨਾਲ ਜੋੜਕੇ ਸਰਬ ਸਾਂਝੀਵਾਲਤਾ ਦਾ ਸਬੂਤ ਦਿੱਤਾ।
ਇਸ ਮੌਕੇ ਪ੍ਰੋ. ਬੀ.ਐੱਸ. ਘੁੰਮਣ ਨੇ ਸ. ਧਰਮਸੋਤ, ਸ. ਕੰਬੋਜ, ਸ੍ਰੀ ਰਾਜ ਕੁਮਾਰ ਹੰਸ, ਨੇਪਾਲ ਤੋਂ ਆਏ ਸ੍ਰੀ ਯੋਗੇਸ ਰਾਜ ਸਮੇਤ ਹੋਰਨਾਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਕਾਨਫਰੰਸ ਦੀ ਵਿਸਥਾਰਪੁਰਵਕ ਰਿਪੋਰਟ ਡਾ. ਪ੍ਰਨੀਤ ਕੌਰ ਢਿੱਲੋਂ ਨੇ ਪੜ੍ਹਦਿਆਂ ਕਾਨਫਰੰਸ ਦੇ ਤਿੰਨ ਦਿਨਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਮੰਚ ਸੰਚਾਲਨ ਡਾ. ਜ਼ਸਨਦੀਪ ਸਿੰਘ ਸੰਧੂ ਅਤੇ ਧੰਨਵਾਦ ਡਾ. ਬਲਵਿੰਦਰ ਕੌਰ ਭੱਟੀ ਨੇ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਸਮੂਹ ਵਿਭਾਗਾਂ ਤੋਂ ਖੋਜਾਰਥੀਆਂ ਸਮੇਤ ਦੱਖਣੀ ਏਸ਼ੀਅਨ ਦੇਸ਼ਾਂ, ਬੰਗਲਾ ਦੇਸ਼, ਨੇਪਾਲ, ਆਸਟ੍ਰੇਲੀਆ, ਯੂ.ਕੇ., ਜਰਮਨੀ ਅਤੇ ਭਾਰਤ ਦੇ ਕੇਰਲਾ, ਕੋਲਕਾਤਾ ਆਦਿ ਤੋਂ ਕਰੀਬ 250 ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ।