ਪਟਿਆਲਾ, 5 ਫਰਵਰੀ 2019 - ਭਾਸ਼ਾ ਵਿਭਾਗ, ਪੰਜਾਬ ਵੱਲੋਂ ਪੰਜਾਬੀ ਪ੍ਰਬੋਧ ਵਿਸ਼ੇਸ਼ ਪ੍ਰੀਖਿਆ 10 ਮਾਰਚ ਨੂੰ ਵਿਭਾਗ ਦੇ ਮੁੱਖ ਦਫ਼ਤਰ ਵਿਖੇ ਕਰਵਾਈ ਜਾ ਰਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਗੁਰਸ਼ਰਨ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੱਢੀਆਂ ਜਾਂਦੀਆਂ ਅਸਾਮੀਆਂ ਦੀ ਯੋਗਤਾ ਸਬੰਧੀ ਸ਼ਰਤਾਂ ਵਿੱਚ ਇਕ ਯੋਗਤਾ ਉਮੀਦਵਾਰ ਨੇ ਮੈਟ੍ਰਿਕ ਪੱਧਰ 'ਤੇ ਪੰਜਾਬੀ ਦਾ ਵਿਸ਼ਾ ਪਾਸ ਕੀਤਾ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਉਮੀਦਵਾਰਾਂ ਕੋਲ ਮੈਟ੍ਰਿਕ ਪੱਧਰ ਦੀ ਪੰਜਾਬੀ ਦੀ ਯੋਗਤਾ ਨਾ ਹੋਵੇ, ਉਹ ਭਾਸ਼ਾ ਵਿਭਾਗ ਵੱਲੋਂ ਲਈ ਜਾਂਦੀ ਪੰਜਾਬੀ ਪ੍ਰਬੋਧ ਪ੍ਰੀਖਿਆ ਦੇ ਕੇ ਯੋਗ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਪ੍ਰੀਖਿਆ 10 ਮਾਰਚ, 2019 ਨੂੰ ਲਈ ਜਾਵੇਗੀ।
ਡਾਇਰੈਕਟਰ ਭਾਸ਼ਾ ਵਿਭਾਗ ਨੇ ਦੱਸਿਆ ਕਿ ਪੰਜਾਬ ਪ੍ਰਬੋਧ ਪ੍ਰੀਖਿਆ ਦੇਣ ਲਈ 28 ਫਰਵਰੀ ਤੱਕ ਫਾਰਮ ਜਮਾਂ ਕਰਵਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਪ੍ਰੀਖਿਆ ਵਿਭਾਗ ਦੇ ਮੁੱਖ ਦਫਤਰ, ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ ਹੋਵੇਗੀ ਅਤੇ ਇਸ ਵਿਸ਼ੇਸ਼ ਪ੍ਰੀਖਿਆ ਦੀ ਫੀਸ ਦੋ ਹਜ਼ਾਰ ਰੁਪਏ ਹੋਵੇਗੀ ਜੋ ਕਿ ਨਕਦ ਜਮਾਂ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਫਾਰਮ ਜਮਾਂ ਕਰਵਾਉਣ ਵਾਲੇ ਉਮੀਦਵਾਰ ਆਪਣੇ ਨਾਲ ਅਸਲ ਸਰਟੀਫਿਕੇਟ ਅਤੇ ਇਹਨਾਂ ਦੀਆਂ ਤਸਦੀਕਸ਼ੁਦਾ ਕਾਪੀਆਂ, ਇਕ 30×25 ਸੈਂਟੀਮੀਟਰ ਸਾਈਜ਼ ਦਾ ਸਵੈ ਪਤੇ ਵਾਲਾ ਲਿਫ਼ਾਫ਼ਾ ਜਿਸ ਉਤੇ 27/-ਰੁਪਏ ਦੀਆਂ ਡਾਕ ਟਿਕਟਾਂ ਲੱਗੀਆਂ ਹੋਣ ਅਤੇ ਪੰਜ ਫੋਟੋਆਂ ਇੱਕੋ ਸਨੈਪ ਦੀਆਂ (ਚਾਰ ਪਾਸਪੋਰਟ ਸਾਈਜ਼ ਜਿਨ੍ਹਾਂ ਵਿਚੋਂ ਦੋ ਗਜ਼ਟਿਡ ਅਫ਼ਸਰ ਵੱਲੋਂ ਤਸਦੀਕੀਆ ਹੋਣ ਅਤੇ ਇਕ ਡਾਕ ਟਿਕਟ ਸਾਈਜ਼) ਜਿਨ੍ਹਾਂ ਦੀ ਬੈਕ ਗਰਾਉਂਡ ਅਤੇ ਕੱਪੜੇ ਹਲਕੇ ਰੰਗ ਦੇ ਹੋਣ, ਨਾਲ ਲਿਆਉਣ। ਉਨ੍ਹਾਂ ਦੱਸਿਆ ਕਿ ਪੰਜਾਬੀ ਪ੍ਰਬੋੋਧ ਪ੍ਰੀਖਿਆ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਟੈਲੀਫੋਨ ਨੰਬਰ 0175-2214469 ਤੇ ਸੰਪਰਕ ਕੀਤਾ ਜਾ ਸਕਦਾ ਹੈ।