ਮੋਗਾ, 10 ਫਰਵਰੀ 2019 - ਮੋਗਾ ਜ਼ਿਲ੍ਹੇ ਦੇ ਪਿੰਡ ਧੂਰਕੋਟ ਰਣਸੀਂਹ ’ਚ ਸ਼ਨੀਵਾਰ ਦੇਰ ਸ਼ਾਮ ਨੂੰ ਅਵਾਰਾ ਕੁੱਤਿਆਂ ਨੇ ਸੱਤ ਸਾਲਾਂ ਦੇ ਇੱਕ ਬੱਚੇ ਦੀ ਜਾਨ ਲੈ ਲਈ। ਬੱਚੇ ਦੀ ਸ਼ਨਾਖ਼ਤ ਹਰਮਨ ਸਿੰਘ ਵਜੋਂ ਹੋਈ ਹੈ। ਉਹ ਦੂਜੀ ਜਮਾਤ ਵਿੱਚ ਪੜ੍ਹਦਾ ਸੀ। ਜਾਣਕਾਰੀ ਮੁਤਾਬਕ ਮੌਕੇ 'ਤੇ ਮੌਜੂਦ ਚਸ਼ਮਦੀਦਾਂ ਦਾ ਕਹਿਣਾ ਹੈ ਕਿ, ਜਦੋਂ ਬੱਚਾ ਆਪਣੇ ਘਰ ਲਾਗਲੇ ਖੇਤਾਂ ਵਿੱਚ ਪਤੰਗ ਉਡਾ ਰਿਹਾ ਸੀ, ਉਸ ਵਕਤ ਇਹ ਘਟਨਾ ਵਾਪਰੀ। ਕਈ ਕੁੱਤਿਆਂ ਦਾ ਝੁੰਡ ਅਚਾਨਕ ਉਸ ਉੱਤੇ ਝਪਟ ਪਿਆ ਤੇ ਉਸ ਨੂੰ ਇੱਧਰ–ਉੱਧਰ ਘਸੀਟਣ ਲੱਗਾ। ਕੁੱਤਿਆਂ ਨੇ ਜਿੱਥੇ ਬੱਚੇ ਨੂੰ ਬਹੁਤ ਬੁਰੀ ਤਰ੍ਹਾਂ ਮਧੋਲਿਆ, ਉੱਥੇ ਉਨ੍ਹਾਂ ਉਸ ਦੇ ਸਰੀਰ ਦਾ ਕੁਝ ਹਿੱਸਾ ਖਾ ਵੀ ਲਿਆ।
ਜਦੋਂ ਤੱਕ ਉੱਥੋਂ ਲੰਘ ਰਹੀ ਇੱਕ ਔਰਤ ਨੇ ਕੁੱਤਿਆਂ ਵੱਲੋਂ ਬੱਚੇ ਦੀ ਖਿੱਚ–ਧੂਹ ਨੂੰ ਵੇਖਿਆ, ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਸ ਨੇ ਇਸ ਘਟਨਾ ਬਾਰੇ ਪਿੰਡ ਵਾਸੀਆਂ ਨੂੰ ਦੱਸਿਆ ਪਰ ਤਦ ਤੱਕ ਕੁੱਤੇ ਉਸ ਬੱਚੇ ਦੀ ਜਾਨ ਲੈ ਚੁੱਕੇ ਸਨ। ਪੁਲਿਸ ਨੇ ਦੱਸਿਆ ਕਿ ਬੱਚੇ ਦੀ ਮ੍ਰਿਤਕ ਦੇਹ ਨੂੰ ਮੁਰਦਾਘਰ ਵਿੱਚ ਰੱਖਿਆ ਗਿਆ ਹੈ ਤੇ ਧਾਰਾ 174 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਹਰਮਨ ਦੇ ਘਰ ਵਿੱਚ ਉਸ ਦੇ ਮਾਪਿਆਂ ਤੋਂ ਇਲਾਵਾ ਉਸ ਦਾ ਇੱਕ ਵੱਡਾ ਭਰਾ ਵੀ ਹੈ।