ਗੁਰਦਾਸਪੁਰ, 10 ਫਰਵਰੀ 2019 - ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਕਾਂਗਰਸ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਐਲਾਨ ਕੀਤਾ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਹੁਰੇ ਪਰਿਵਾਰ ਦੇ ਨਗਰ ਬਟਾਲਾ ਨੂੰ ਨਗਰ ਨਿਗਮ ਦਾ ਦਰਜਾ ਦਿੱਤਾ ਜਾਵੇਗਾ। ਅੱਜ ਬਟਾਲਾ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਮੁੱਦਾ ਵਿਚਾਰਿਆ ਹੈ ਅਤੇ ਛੇਤੀ ਹੀ ਮੁੱਖ ਮੰਤਰੀ ਬਟਾਲਾ ਨੂੰ ਨਗਰ ਨਿਗਮ ਦਾ ਦਰਜਾ ਦੇਣਗੇ। ਉਨ੍ਹਾਂ ਕਿਹਾ ਕਿ ਜੇਕਰ ਫਗਵਾੜਾ, ਹੁਸ਼ਿਆਰਪੁਰ ਅਤੇ ਪਠਾਨਕੋਟ ਸ਼ਹਿਰ ਨਗਰ ਨਿਗਮ ਬਣ ਸਕਦੇ ਹਨ ਤਾਂ ਬਟਾਲਾ ਵੀ ਨਗਰ ਨਿਗਮ ਬਣਨ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਹੈ। ਉਨ੍ਹਾਂ ਕਿਹਾ ਕਿ ਬਟਾਲਾ ਦੇ ਨਗਰ ਨਿਗਮ ਬਣਨ ਨਾਲ ਇਸ ਦੀ ਆਮਦਨ ਦੇ ਸਰੋਤਾਂ ਵਿੱਚ ਵਾਧਾ ਹੋਵੇਗਾ ਅਤੇ ਸਰਕਾਰ ਕੋਲੋਂ ਵੀ ਇੱਥੇ ਵੱਧ ਗਰਾਂਟਾਂ ਆਉਣਗੀਆਂ ਜਿਸ ਨਾਲ ਸ਼ਹਿਰ ਦਾ ਵਿਕਾਸ ਸੰਭਵ ਹੋ ਸਕੇਗਾ।
ਬਟਾਲਾ ਸ਼ਹਿਰ ਦੀ ਹਾਲਤ ਉੱਪਰ ਚਿੰਤਾ ਜ਼ਾਹਿਰ ਕਰਦਿਆਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਇਤਿਹਾਸਕ ਸ਼ਹਿਰ ਨੂੰ ਮਾੜੀ ਹਾਲਤ ’ਚੋਂ ਬਾਹਰ ਕੱਢਣ ਲਈ ਯਤਨ ਅਰੰਭ ਚੁੱਕੀ ਹੈ ਅਤੇ ਛੇਤੀ ਹੀ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਬਟਾਲਾ ਸ਼ਹਿਰ ਵਿੱਚ ਸੀਵਰੇਜ ਸਿਸਟਮ ਨੂੰ ਠੀਕ ਕਰਨ ਲਈ 110 ਕਰੋੜ ਰੁਪਏ ਦਾ ਵਿਸ਼ੇਸ਼ ਪ੍ਰੋਜੈਕਟ ਉਲੀਕਿਆ ਹੈ ਅਤੇ ਆਉਂਦੇ 10 ਦਿਨਾਂ ਦੇ ਵਿੱਚ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਬਟਾਲਾ ਪਹੁੰਚ ਕੇ ਸੀਵਰੇਜ ਦੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਨਗੇ। ਉਨ੍ਹਾਂ ਕਿਹਾ ਕਿ 11 ਫਰਵਰੀ ਨੂੰ ਸੀਵਰੇਜ ਬੋਰਡ ਦੇ ਸੀ.ਈ.ਓ. ਅਜੇ ਸ਼ਰਮਾ ਬਟਾਲਾ ਸ਼ਹਿਰ ਦਾ ਦੌਰਾ ਕਰਕੇ ਸਮੁੱਚੇ ਹਾਲਤ ਦਾ ਜਾਇਜ਼ਾ ਲੈ ਕੇ ਸਰਕਾਰ ਨੂੰ ਰਿਪੋਰਟ ਕਰਨਗੇ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਵਿੱਚ 8 ਕਰੋੜ ਤੋਂ ਵੱਧ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਜਿਸ ਤਹਿਤ ਵਿਸ਼ਵਾ ਮਿੱਤਰ ਸੇਖੜੀ ਮਾਰਗ ਸਮੇਤ ਹੋਰ ਪ੍ਰਮੁੱਖ ਸੜਕਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬਟਾਲਾ ਸ਼ਹਿਰ ਦੇ ਰਹਿੰਦੇ ਵਿਕਾਸ ਲਈ ਹੋਰ ਵੀ ਗਰਾਂਟ ਸੂਬਾ ਸਰਕਾਰ ਵੱਲੋਂ ਭੇਜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਕੀਤੇ ਜਾਣ ਵਾਲੇ ਵਿਕਾਸ ਦੀ ਨਿਗਰਾਨੀ ਲਈ ਸ਼ਹਿਰ ਵਾਸੀਆਂ ਦੀ ਇੱਕ ਮਾਰਕੀਟਿੰਗ ਕਮੇਟੀ ਬਣਾਈ ਜਾਵੇਗੀ ਜੋ ਵਿਕਾਸ ਕਾਰਜਾਂ ਦੀ ਪ੍ਰਗਤੀ ਅਤੇ ਕੰਮ ਦੀ ਗੁਣਵੱਤਾ ਦੀ ਨਿਗਰਾਨੀ ਕਰੇਗੀ।
ਸ੍ਰੀ ਜਾਖੜ ਨੇ ਕਿਹਾ ਕਿ ਬਟਾਲਾ ਸ਼ਹਿਰ ਦੀ ਤਰਸਯੋਗ ਹਾਲਤ ਲਈ ਅਕਾਲੀ-ਭਾਜਪਾ ਸਰਕਾਰ ਦਾ 10 ਸਾਲਾ ਕੁਸ਼ਾਸਨ ਜ਼ਿੰਮੇਵਾਰ ਹੈ, ਜਿਨ੍ਹਾਂ ਨੇ ਪੂਰਾ ਇੱਕ ਦਹਾਕਾ ਇਸ ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲੇ ਸ਼ਹਿਰ ਨੂੰ ਪੂਰੀ ਤਰਾਂ ਅਣਗੌਲੇ ਰੱਖਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਟਾਲਾ ਸ਼ਹਿਰ ਦੀ ਹਾਲਤ ਤੋਂ ਜਾਣੂ ਹਨ ਅਤੇ ਉਨ੍ਹਾਂ ਨੇ ਸ਼ਹਿਰ ਦੇ ਸੁਧਾਰ ਦਾ ਬੀੜਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਸਹੁਰੇ ਪਰਿਵਾਰ ਦੇ ਸ਼ਹਿਰ ਨੂੰ ਵਿਕਾਸ ਪੱਖੋਂ ਪਿੱਛੇ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਸ ਸ਼ਹਿਰ ਨੂੰ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਬਟਾਲਾ ਦੇ ਵਿਕਾਸ ਵਿੱਚ ਫ਼ੰਡਾਂ ਦੀ ਕੋਈ ਕਮੀ ਨਹੀਂ ਆਉਣ ਦੇਵੇਗੀ।
ਸਾਂਸਦ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਟਰੇਨ ਨੰਬਰ 19415/19416 ਅਹਿਮਦਾਬਾਦ-ਸ੍ਰੀ ਵੈਸ਼ਨੋ ਦੇਵੀ ਕਟੜਾ ਐਕਸਪ੍ਰੈੱਸ ਹੁਣ ਬਟਾਲਾ ਜੰਕਸ਼ਨ ਉੱਪਰ ਵੀ ਰੁਕਿਆ ਕਰੇਗੀ। ਸ੍ਰੀ ਜਾਖੜ ਨੇ ਕਿਹਾ ਕਿ ਰੇਲਵੇ ਮੰਤਰੀ ਨੇ ਉਨ੍ਹਾਂ ਨੂੰ ਇਹ ਲਿਖਤੀ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਅੰਮ੍ਰਿਤਸਰ-ਪਠਾਨਕੋਟ ਰੇਲਵੇ ਲਾਈਨ ਦਾ ਬਿਜਲੀ ਕਰਨ ਵੀ ਕੀਤਾ ਜਾ ਰਿਹਾ ਹੈ ਜੋ ਇਸ ਸਾਲ ਮਾਰਚ ਮਹੀਨੇ ਤੱਕ ਮੁਕੰਮਲ ਹੋ ਜਾਵੇਗਾ। ਸ੍ਰੀ ਜਾਖੜ ਨੇ ਕਿਹਾ ਕਿ ਉਨ੍ਹਾਂ ਨੇ ਰੇਲਵੇ ਮੰਤਰੀ ਕੋਲੋਂ ਇਹ ਵੀ ਮੰਗ ਕੀਤੀ ਹੈ ਕਿ ਜੂਨ ਅਤੇ ਦਸੰਬਰ ਮਹੀਨੇ ਦੀਆਂ ਸਕੂਲੀ ਛੁੱਟੀਆਂ ਸਮੇਂ ਬਟਾਲਾ ਤੋਂ ਵੈਸ਼ਨੋ ਦੇਵੀ ਲਈ ਮਹੀਨਾ ਭਰ ਰੋਜ਼ਾਨਾ ਵਿਸ਼ੇਸ਼ ਗੱਡੀ ਚਲਾਈ ਜਾਵੇ ਤਾਂ ਜੋ ਬੱਚੇ ਅਤੇ ਹੋਰ ਸ਼ਰਧਾਲੂ ਪਾਵਨ ਤੀਰਥ ਦੇ ਦਰਸ਼ਨ ਕਰ ਸਕਣ।
ਇਸ ਤੋਂ ਪਹਿਲਾਂ ਸ੍ਰੀ ਸੁਨੀਲ ਜਾਖੜ ਨੇ ਸਾਬਕਾ ਮੰਤਰੀ ਸ੍ਰੀ ਅਸ਼ਵਨੀ ਸੇਖੜੀ ਨੇ ਨਾਲ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸ. ਹਰਿੰਦਰ ਸਿੰਘ ਕਲਸੀ ਦੇ ਗ੍ਰਹਿ ਵਿਖੇ ਪਹੁੰਚ ਕੇ ਕਲਸੀ ਪਰਿਵਾਰ ਨੂੰ ਉਨ੍ਹਾਂ ਦੇ ਬੇਟੇ ਦੇ ਵਿਆਹ ਦੀਆਂ ਵਧਾਈਆਂ ਦਿੱਤੀਆਂ। ਇਸ ਮੌਕੇ ਉਨ੍ਹਾਂ ਪਰਿਵਾਰਕ ਮੈਂਬਰਾਂ ਨਾਲ ਖ਼ੁਸ਼ੀ ਸਾਂਝੀ ਕੀਤੀ ਅਤੇ ਆਪਣੀਆਂ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਡਾ. ਸਤਨਾਮ ਸਿੰਘ ਨਿੱਜਰ, ਸ਼ਕਤੀ ਮਹਾਜਨ, ਅਜੇ ਮਹਾਜਨ, ਸੁਨੀਲ ਸਰੀਨ ਬਟਾਲਾ ਅਤੇ ਸ਼ਹਿਰ ਦੀਆਂ ਹੋਰ ਵੀ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ।