ਲੁਧਿਆਣਾ 11 ਫਰਵਰੀ 2019: ਸਿੱਖ ਕੌਂਸਿਲ ਆਫ ਸਕਾਟਲੈਂਡ ਦੇ ਪ੍ਰਮੁੱਖ ਅਹੁੱਦੇਦਾਰ ਸ. ਤਰਨਦੀਪ ਸਿੰਘ ਸੰਧਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਿੱਘੇ ਸਹਿਯੋਗ ਨਾਲ ਦੇਸ਼ ਦੇ ਵੱਖ ਵੱਖ ਰਾਜਾਂ ਵਿੱਚ ਵੱਸਦੇ ਸਿਕਲੀਗਰ ਤੇ ਵਣਜਾਰੇ ਸਿੱਖਾਂ ਨੂੰ ਸਿੱਖੀ ਦੀ ਮੁੱਖ ਧਾਰਾ ਨਾਲ ਜੋੜਨ ਦੇ ਲਈ ਸਿੱਖ ਕੌਂਸਿਲ ਆਫ ਸਕਾਟਲੈਂਡ ਦੇ ਵੱਲੋਂ ਉਹਨਾਂ ਨੂੰ ਨਿਸ਼ਕਾਮ ਰੂਪ 'ਚ ਪੰਜਾਬ ਤੇ ਦਿੱਲੀ ਦੇ ਪ੍ਰਮੁੱਖ ਇਤਿਹਾਸਕ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਵਾਉਣ ਦਾ ਨਿੱਘਾ ਉਪਰਾਲਾ ਕੀਤਾ ਜਾ ਰਿਹਾ ਹੈ । ਅੱਜ ਲੁਧਿਆਣਾ ਵਿਖੇ ਉਚੇਚੇ ਤੌਰ ਤੇ ਪੁੱਜੇ ਸ. ਤਰਨਦੀਪ ਸਿੰਘ ਸੰਧਰ ਨੇ ਜਾਣਕਾਰੀ ਦੇਂਦਿਆ ਹੋਇਆ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਯੋਜਿਤ ਕੀਤੀ ਜਾਣ ਵਾਲੀ ਉਕਤ ਧਾਰਮਿਕ ਅਸਥਾਨਾਂ ਦੀ ਯਾਤਰਾ 25 ਫਰਵਰੀ ਨੂੰ ਇੰਦੌਰ (ਮੱਧ ਪ੍ਰਦੇਸ਼) ਤੋਂ ਆਰੰਭ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇਗੀ ਉਪਰੰਤ ਇਸ ਦਾ ਪੜਾਅ ਸ੍ਰੀ ਆਨੰਦਪੁਰ ਸਾਹਿਬ ਹੋਵੇਗਾ । ਇਸੇ ਤਰ੍ਹਾਂ ਇਹ ਯਾਤਰਾ ਸ੍ਰੀ ਭੱਠਾ ਸਹਿਬ ਰੋਪੜ, ਸ੍ਰੀ ਚਮਕੌਰ ਸਾਹਿਬ, ਸ੍ਰੀ ਮਾਛੀਵਾੜਾ ਸਾਹਿਬ ਤੇ ਸ੍ਰੀ ਫਤਹਿਗੜ ਸਾਹਿਬ ਤੋਂ ਹੁੰਦੀ ਹੋਈ ਗੁ: ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਪੁੱਜੇਗੀ । ਉਪਰੰਤ ਮਾਲਵੇ ਦੀ ਧਰਤੀ ਤੇ ਸਥਿਤ ਹੋਰ ਪ੍ਰਮੁੱਖ ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਨ ਉਪਰ ਇਹ ਯਾਤਰਾ ਦਿੱਲੀ ਵਿਖੇ ਸਮਾਪਤ ਹੋਵੇਗੀ । ਉਹਨਾਂ ਨੇ ਆਪਣੀ ਗੱਲਬਾਤ ਦੌਰਾਨ ਦੱਸਿਆ ਕਿ ਸਿੱਖ ਕੌਂਸਿਲ ਆਫ ਸਕਾਟਲੈਂਡ ਮੁੱਖ ਉਦੇਸ਼ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਖਾਸ ਕਰਕੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਵੱਸਦੇ ਲੱਖਾਂ ਕਰੋੜਾਂ ਸਿਕਲੀਗਰ ਤੇ ਵਣਜਾਰੇ ਸਿੱਖਾਂ, ਸਤਨਾਮੀਆਂ, ਜੌਹਰੀਆ ਤੇ ਸਿੰਧੀਆ ਨੂੰ ਆਪਣੀ ਪਿਆਰ ਭਰੀ ਗਲਵੱਕੜੀ ਵਿੱਚ ਲੈ ਕੇ ਉਹਨਾਂ ਨੂੰ ਪੰਥ ਦੀ ਮੁੱਖ ਧਾਰਾ ਨਾਲ ਜੋੜਨਾ ਹੈ ਤਾਂ ਕਿ ਆਪਣੇ ਆਪ ਨੂੰ ਗੁਰੂ ਨਾਨਕ ਦੇ ਸਿੱਖ ਅਖਵਾਉਣ ਵਿੱਚ ਫ਼ਖਰ ਮਹਿਸੂਸ ਕਰਨ ਵਾਲੇ ਕਰੋੜਾਂ ਦੀ ਗਿਣਤੀ ਵਿੱਚ ਭੁੱਲੇ ਵਿਸਰੇ ਵੀਰ ਆਪਣੇ ਆਪ ਨੂੰ ਪੰਥ ਦਾ ਹਿੱਸਾ ਸਮਝ ਸਕਣ । ਇਸ ਤੋਂ ਪਹਿਲਾ ਸਿੱਖ ਕੌਂਸਿਲ ਆਫ ਸਕਾਟਲੈਂਡ ਦੇ ਪ੍ਰਮੁੱਖ ਅਹੁੱਦੇਦਾਰ ਸ. ਤਰਨਦੀਪ ਸਿੰਘ ਸੰਧਰ ਨੇ ਗੁਰੂ ਅੰਗਦ ਦੇਵ ਵੈਲਫੇਅਰ ਐਡ ਭਲਾਈ ਕੌਂਸਲ ਦੇ ਪ੍ਰਮੁੱਖ ਸ. ਦਰਸ਼ਨ ਸਿੰਘ (ਪਲਾਈ ਕਿੰਗ), ਸ. ਚਰਨਜੀਤ ਸਿੰਘ (ਪੀ.ਐਨ.ਬੀ.) ਸਾਰਾਗੜ੍ਹੀ ਫਾਊਡੇਸ਼ਨ ਦੇ ਆਰ.ਐਸ. ਖਾਲਸਾ, ਸ. ਸੁਖਦੇਵ ਸਿੰਘ ਨਾਲ ਧਾਰਮਿਕ ਅਸਥਾਨਾਂ ਦੀ ਯਾਤਰਾਂ ਨੂੰ ਸਫਲ ਕਰਨ ਅਤੇ ਯਾਤਰਾ ਵਿੱਚ ਸ਼ਾਮਿਲ ਸਿਕਲੀਗਰ ਤੇ ਵਣਜਾਰੇ ਸਿੱਖਾਂ ਦਾ ਨਿੱਘਾ ਸਵਾਗਤ ਕਰਨ ਸਬੰਧੀ ਉਚੇਚੇ ਤੌਰ ਤੇ ਵਿਚਾਰ ਵਟਾਂਦਰਾ ਵੀ ਕੀਤਾ ਗਿਆ ।