Cartoon Credit - Suhail Naqshbandi
ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ, 21 ਫਰਵਰੀ 2019 - "ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ" - ਸਿੱਖ ਆਪਣੀ ਅਰਦਾਸ ਕਰਨ ਉਪਰੰਤ ਇਸ ਗੁਰਬਾਣੀ ਦੀ ਲਾਈਨ ਨੂੰ ਜਰੂਰ ਬੋਲਦੇ ਹਨ। ਜਿਸ ਦਾ ਮਤਲਬ ਹੈ ਕਿ ਸਾਰੀ ਦੁਨੀਆ ਦਾ ਭਲਾ ਹੋਵੇ। ਸਾਰੀ ਦੁਨੀਆ ਚੜ੍ਹਦੀ ਕਲਾ 'ਚ ਰਹੇ। ਸਿੱਖ ਆਪਣੀ ਖੈਰ ਮੰਗਣ ਤੋਂ ਪਹਿਲਾਂ ਦੂਜਿਆਂ ਦੀ ਖੈਰ ਮੰਗਦੇ ਹਨ। ਇਸੇ ਗੱਲ ਨੂੰ ਸਾਬਤ ਕਰ ਰਹੇ ਸਿੱਖ ਅੱਜ ਪੁਲਵਾਮਾ ਹਮਲੇ ਤੋਂ ਬਾਅਦ ਮੁਸ਼ਕਲ 'ਚ ਆਏ ਕਸ਼ਮੀਰੀ ਵਿਦਿਆਰਥੀਆਂ ਦੀਆਂ ਜ਼ਿੰਦਗੀਆਂ ਦੇ ਰਾਖੇ ਬਣ ਕੇ ਪੂਰੀ ਦੁਨੀਆ 'ਚ ਚਰਚਾ 'ਚ ਹਨ। 'ਖਾਲਸਾ ਏਡ' ਨਾਮੀ ਸਿੱਖ ਸੰਸਥਾ ਜੋ ਇਨਸਾਨੀਅਤ ਦੇ ਭਲੇ ਲਈ ਮਸ਼ਹੂਰ ਮੰਨੀ ਜਾਂਦੀ ਹੈ, ਭਾਵੇਂ ਸੀਰੀਆ ਹਮਲਾ ਹੋਵੇ, ਓੜੀਸਾ 'ਚ ਹੜ੍ਹ ਆਏ ਹੋਣ, ਖਾਲਸਾ ਏਡ ਦੀ ਟੀਮ ਹਰ ਜਗ੍ਹਾ ਮਨੁੱਖਤਾ ਦੀ ਸੇਵਾ ਕਰਨ ਲਈ ਪੁੱਜ ਜਾਂਦੀ ਹੈ।
ਪਿਛਲੇ ਕੁਝ ਦਿਨਾਂ ਵਿਚ ਸਿੱਖਾਂ ਨੇ ਬਹੁਤ ਸਾਰੇ ਡਰੇ ਸਹਿਮੇ ਕਸ਼ਮੀਰੀ ਮੁਸਲਮਾਨਾਂ ਦੀ ਮਦਦ ਕਰਨ ਦਾ ਸੰਕਲਪ ਲਿਆ ਅਤੇ ਔਖੀ ਘੜੀ ਵਿੱਚ ਕਸ਼ਮੀਰੀ ਵਿਦਿਆਰਥੀਆਂ ਤੇ ਕਾਰੋਬਾਰੀਆਂ ਦੇ ਰਹਿਣ-ਸਹਿਣ ਤੇ ਲੰਗਰ ਦਾ ਪ੍ਰਬੰਧ ਕੀਤਾ। ਖਾਲਸਾ ਏਡ ਵੱਲੋਂ ਉਨ੍ਹਾਂ ਨੂੰ ਬਾਕਾਇਦਾ ਸੁਰੱਖਿਅਤ ਕਸ਼ਮੀਰ ਛੱਡਿਆ ਵੀ ਗਿਆ।
ਸਿੱਖਾਂ ਦੇ ਇਸ ਉਪਰਾਲੇ ਤੋਂ ਖੁਸ਼ ਹੋ ਕੇ ਕਸ਼ਮੀਰੀਆਂ ਨੇ ਸਿੱਖ ਕੌਮ ਲਈ ਆਪਣੇ ਪਿਆਰ ਪ੍ਰਗਟਾਵਾ ਕੀਤਾ ਹੈ। ਕਸ਼ਮੀਰੀਆਂ ਵੱਲੋਂ ਸਿੱਖ ਕੌਮ ਦਾ ਧੰਨਵਾਦ ਕਰਨ ਲਈ ਮੁਫਤ ਸੇਵਾਵਾਂ ਦੀ ਪੇਸ਼ਕਸ਼ ਕੀਤੀ ਹੈ। ਗੁਲਮਰਗ ਵਿੱਚ ਬਰਫ 'ਤੇ ਬਾਈਕ ਦੀ ਸਵਾਰੀ ਤੋਂ ਲੈ ਕੇ ਮੁਫਤ ਡਾਕਟਰੀ ਇਲਾਜ, ਸਿੱਖਿਆ ਅਤੇ ਹੋਰ ਬਹੁਤ ਚੀਜ਼ਾਂ ਦੀ ਪੇਸ਼ਕਸ਼ ਕੀਤੀ ਹੈ।
ਗਰੇਟਰ ਕਸ਼ਮੀਰ ਦੇ ਕਾਰਟੂਨਿਸਟ ਸੁਹੇਲ ਨਕਸ਼ਬੰਦੀ ਨੇ ਸਿੱਖਾਂ ਦਾ ਉਨ੍ਹਾਂ ਦੀ ਕੌਮ ਪ੍ਰਤੀ ਪਿਆਰ ਨੂੰ ਦੇਖਿਦਿਆਂ ਇਕ ਕਾਰਟੂਨ ਬਣਾਇਆ ਹੈ, ਜਿਸ 'ਚ ਇਕ ਕਿਸ਼ਤੀ 'ਚ ਖੜ੍ਹਾ ਸਿੱਖ ਪਾਣੀ 'ਚ ਰੁੜ੍ਹ ਰਹੇ ਕਸ਼ਮੀਰੀ ਨੂੰ ਮਦਦ ਦੀ ਪੇਸ਼ਕਸ਼ ਕੀਤੀ ਕਰਦਾ ਦਿਖਾਇਆ ਗਿਆ ਹੈ। ਸੋਸ਼ਲ ਮੀਡੀਆ 'ਤੇ ਇਹ ਕਾਰਟੂਨ ਖੂਬ ਵਾਇਰਲ ਹੋ ਰਿਹਾ ਹੈ।
ਬੀਤੇ ਦਿਨਾਂ 'ਚ ਚੰਡੀਗੜ੍ਹ ਯੁਨੀਵਰਸਿਟੀ ਅਤੇ ਹੋਰਨਾਂ ਲਾਗੇ ਦੀਆਂ ਯੂਨੀਵਰਸਿਟੀਆਂ 'ਚ ਪੜ੍ਹਦੇ ਵਿਦਿਆਰਥੀਆਂ ਨੂੰ ਵੀ ਸੋਹਾਣਾ ਦੇ ਗੁਰਦੁਆਰਾ ਸਾਹਿਬ 'ਚ ਕਮੇਟੀ ਵੱਲੋਂ ਮਦਦ ਦਾ ਐਲਾਨ ਕੀਤਾ ਗਿਆ ਸੀ। ਉਨ੍ਹਾਂ ਵੱਲੋਂ ਕਸ਼ਮੀਰੀਆਂ ਨੂੰ ਸੌਣ ਲਈ ਕਮਰਿਆਂ ਅਤੇ ਬਿਸਤਰਿਆਂ ਦਾ ਪ੍ਰਬੰਧ ਕੀਤਾ ਗਿਆ ਸੀ। ਕਸ਼ਮੀਰੀਆਂ ਦਾ ਵੀ ਕਹਿਣਾ ਹੈ ਕਿ ਉਹਨਾਂ ਨੂੰ ਸਿੱਖਾਂ ਕੋਲ ਆ ਕੇ ਮਹਿਫੂਜ਼ ਲੱਗ ਰਿਹਾ ਹੈ ਤੇ ਜਦੋਂ ਉਨ੍ਹਾਂ ਦੇ ਨਾਲ ਸਿੱਖ ਖੜ੍ਹੇ ਹੁੰਦੇ ਹਨ ਤਾਂ ਉਨ੍ਹਾਂ ਨੂੰ ਕਿਸੇ ਚੀਜ਼ ਦਾ ਡਰ ਨਹੀਂ ਲੱਗਦਾ।
Suhail Naqshbandi @hailsuhail
Sardar means a leader and they lead by example. Hats off to them for being everywhere to help the humanity. @Khalsa_Aid #kashmirisindistress #kashmir