ਚੰਡੀਗੜ੍ਹ 13 ਮਾਰਚ 2019: ਪੰਜਾਬ ਦੇ ਸਾਰੇ ਜਿਲ੍ਹਾ ਖੇਤੀਬਾੜੀ ਮੁੱਖ ਦਫਤਰਾਂ ਦੇ ਘਿਰਾਓ ਦੇ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ (ਡਕੌਦਾਂ) ਵੱਲੋਂ ਵੱਖ-ਵੱਖ ਜਿਲ੍ਹਿਆਂ 'ਚ ਰੋਸ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ ਗਿਆ। ਜਿਸਨੂੰ ਸੰਗਰੂਰ, ਬਰਨਾਲਾ, ਬਠਿੰਡਾ, ਮਾਨਸਾ, ਲੁਧਿਆਣਾ, ਫਿਰੋਜ਼ਪੁਰ, ਪਟਿਆਲਾ ਵਿੱਚ ਕਿਸਾਨਾਂ ਦਾ ਭਰਵਾਂ ਸਮਰਥਨ ਮਿਲਿਆ। ਇਹਨਾਂ ਧਰਨਿਆਂ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ, ਮੀਤ ਪ੍ਰਧਾਨ ਮਨਜੀਤ ਸਿੰਘ ਧਨੇਰ, ਸੂਬਾ ਕਮੇਟੀ ਮੈਂਬਰ ਗੁਰਦੀਪ ਸਿੰਘ ਰਾਮਪੁਰਾ, ਕੁਲਵੰਤ ਸਿੰਘ ਕਿਸ਼ਨਗੜ੍ਹ ਅਤੇ ਗੁਰਮੀਤ ਸਿੰਘ ਭੱਟੀਵਾਲ ਆਦਿ ਸ਼ਾਮਲ ਸਨ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਜਿਲ੍ਹਾ ਖੇਤੀਬਾੜੀ ਅਫਸਰਾਂ ਨੂੰ ਦਿੱਤੇ ਮੰਗ ਪੱਤਰਾਂ ਰਾਹੀਂ ਖੇਤੀਬਾੜੀ ਵਿਭਾਗ ਤੋਂ ਮੰਗ ਕੀਤੀ ਗਈ ਕਿ ਝੋਨੇ ਦੀ ਲਵਾਈ 'ਤੇ 20 ਜੂਨ ਤੋਂ ਪਹਿਲਾਂ ਲਗਾਈ ਪਬੰਦੀ ਖਤਮ ਕਰਕੇ 1 ਜੂਨ ਤੋ ਝੋਨੇ ਦੀ ਲਵਾਈ ਸ਼ੁਰੂ ਕਰਵੀ ਜਾਵੇ ਤੇ 1 ਜੂਨ ਤੋਂ ਬਿਜਲੀ ਦੀ ਸਪਲਾਈ ਟਿਊਬਵੈੱਲਾਂ ਤੇ ਪੂਰੀ ਕਰਵਾਈ ਜਾਵੇ ਕਿਉਂਕਿ ਲੇਟ ਬਿਜਲੀ ਕਾਰਨ ਕਿਸਾਨਾਂ ਨੂੰ ਜਿੱਥੇ ਝੋਨੇ ਦੀ ਵਢਾਈ ਸਮੇਂ ਮੰਡੀ ਵਿੱਚ ਵੇਚਣ ਦੀ ਭਾਰੀ ਮੁਸ਼ਕਲ ਆਉਦੀ ਤੇ ਲੇਟ ਮੌਸਮ ਦੀ ਤਬਦੀਲੀ ਕਾਰਨ ਦਾਣੇ ਵਿੱਚ ਨਮੀ ਦੀ ਮਾਤਰਾ ਵਧ ਜਾਂਦੀ ਹੈ ਤੇ ਨਮੀਂ ਕਾਰਨ ਕੀਮਤ ਅਤੇ ਵਜਨ ਵਿੱਚ ਕੱਟ ਲਗਾਕੇ ਖਰੀਦ ਕੀਤੀ ਜਾਂਦੀ ਹੈ, ਉਥੇ ਝੋਨੇ ਲਾੳੁਣ ਸਮੇ ਲੇਬਰ ਦੀ ਕਿਲਤ ਦਾ ਸਾਹਮਣਾ ਕਰਨਾ ਪੈਂਦਾ ਹੈ ਲੇਟ ਬਿਜਾਈ ਕਾਰਨ ਫਸਲ ਦੇ ਝਾੜ ਤੇ ਬਹੁਤ ਮਾੜਾ ਅਸਰ ਪੈਂਦਾ ਹੈ ਤੇ ਅਗਲੀ ਫਸਲ ਬਿਜਾਈ ਵੀ ਪ੍ਰਭਾਵਤ ਹੋਣ ਕਾਰਨ ਕਣਕ ਦੇ ਝਾੜ ਘਟਦਾ ਹੈ ਇਸ ਲਈ ਲੇਟ ਬਿਜਾਈ ਕਾਰਨ ਪਾਣੀ ਦੀ ਕੋਈ ਬੱਚਤ ਨਹੀਂ ਹੁੰਦੀ, ਸਗੋਂ ਪੂਰੇ ਪੰਜਾਬ ਵਿੱਚ ਦੀ ਇਕੋ ਤਰੀਕ ਤੋਂ ਸੁਰੂ ਹੋਣ ਕਾਰਨ ਪਾਣੀ ਦੀ ਇਕ ਜਿਆਦਾ ਵਰਤੋਂ ਹੁੰਦੀ ਹੈ ਤੇ ਟਿਊਬਵੈੱਲਾਂ ਹਰ ਸਾਲ ਡੂੰਘੇ ਕਰਨੇ ਪੈਂਦੇ ਹਨ । ਕਿਸਾਨਾਂ ਨੇ ਮੰਗ ਕੀਤੀ ਜੇ ਸਰਕਾਰ ਅਤੇ ਖੇਤੀ ਵਿਭਾਗ ਨੇ ਅਜਿਹਾ ਨਹੀਂ ਕਰਨਾ ਤਾਂ ਘੱਟ ਸਮੇ ਦੀਅਾਂ ਬਾਸਮਤੀ ਕਿਸਮਾਂ 1509 ਅਤੇ 1121 ਦਾ ਸਮੱਰਥਨ ਮੁੱਲ 6000 ਰੁਪਏ ਕੁਇੰਟਲ ਤਹਿ ਕਰਕੇ ਖਰੀਦ ਦੀ ਗਰੰਟੀ ਕੀਤੀ ਜਾਵੇ ।