ਸੂਬੇ ਭਰ 'ਚ ਬੈਂਕ ਡਕੈਤੀਆਂ ਨੂੰ ਅੰਜਾਮ ਦੇਣ ਵਾਲਾ ਗਿਰੋਹ ਦਾ ਪੜਦਾ ਫਾਸ਼, 5 ਡਕੈਤੀਆਂ 'ਚ ਲੁਟੀ 60 ਲੱਖ ਤੋਂ ਵੱਧ ਦੀ ਰਕਮ
ਕੈਪਸ਼ਨ :- ਫੜੇ ਗਏ ਮੁਲਜ਼ਮਾਂ ਨਾਲ ਪੁਲਿਸ ਪਾਰਟੀ
ਕੈਪਸ਼ਨ :- ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਈ ਜੀ ਪਰਮਾਰ
ਲੋਕੇਸ਼ ਰਿਸ਼ੀ
ਗੁਰਦਾਸਪੁਰ, 11 ਮਾਰਚ 2019 -ਬਟਾਲਾ ਪੁਲਿਸ ਨੇ ਇੱਕ ਸੂਬਾ ਪੱਧਰੀ ਬੈਂਕ ਡਕੈਤੀਆਂ ਕਰਨ ਵਾਲੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਇਸ ਗਿਰੋਹ ਦੇ 2 ਮੈਂਬਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਇਸੇ ਨਾਲੀ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਫੜੇ ਗਏ ਗੈਂਗ ਦੇ ਮੈਂਬਰਾਂ ਨੇ ਜਿੱਥੇ ਹੁਣ ਤੱਕ ਬਟਾਲਾ, ਤਰਨਤਾਰਨ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਸਮੇਤ 5 ਬੈਂਕ ਡਕੈਤੀਆਂ ਕਬੂਲ ਕੀਤੀਆਂ ਹਨ। ਉੱਥੇ ਦੂਜੇ ਪਾਸੇ ਇਹਨਾਂ ਫੜੇ ਗਏ ਗੈਂਗਸਟਰ ਕੋਲੋਂ ਹਥਿਆਰ ਅਤੇ ਬੈਂਕਾਂ ਵਿਚੋਂ ਲੁੱਟੀ ਗਈ ਕੁਝ ਰਕਮ ਵੀ ਬਰਾਮਦ ਕੀਤੀ ਹੈ। ਬਟਾਲਾ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਉਕਤ ਗੈਂਗ ਦਾ ਸਰਗਨਾ ਅੰਮ੍ਰਿਤਸਰ ਵਾਸੀ ਸ਼ੁਭਮ ਖੱਤਰੀ ਹੈ ਅਤੇ ਇਸ ਗਿਰੋਹ ਨੇ ਸਾਲ 2018 ਦੌਰਾਨ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿਖੇ ਬੈਂਕ ਡਕੈਤੀਆਂ ਨੂੰ ਅੰਜਾਮ ਦਿੱਤਾ ਸੀ।
ਉਕਤ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਆਈ ਜੀ ਬਾਰਡਰ ਰੇਂਜ ਅੰਮ੍ਰਿਤਸਰ ਸੁਰਿੰਦਰਪਾਲ ਸਿੰਘ ਪਰਮਾਰ ਨੇ ਪੱਤਰਕਾਰਾਂ ਨਾਲ ਰੂਬਰੂ ਹੁੰਦਿਆਂ ਦੱਸਿਆ ਕਿ ਉਕਤ ਗੈਂਗ ਨੂੰ ਸ਼ੁਭਮ ਵਾਸੀ ਫਰੈਂਡਜ਼ ਕਲੀਨ,ਅੰਮ੍ਰਿਤਸਰ ਬਤੌਰ ਸਰਗਨਾ ਅਪਰੇਟਰ ਕਰਦਾ ਸੀ। ਇਸ ਤੋਂ ਇਲਾਵਾ ਹਰਵਿੰਦਰ ਸੰਨ੍ਹੀ ਵਾਸੀ ਰਾਜੇ ਕੇ ਮਹਿਮੇਚੱਕ ਗੈਂਗ ਵਿੱਚ ਦੂਜੇ ਨੰਬਰ ਦਾ ਅਹੁਦਾ ਰੱਖਦਾ ਹੈ। ਇਸੇ ਤਰਾਂ ਗੜ੍ਹਸ਼ੰਕਰ ਵਾਸੀ ਰਵੀ ਬਲਾਚੌਰੀਆ, ਅਰੁਣ ਛੁਰੀ ਵਾਸੀ ਗੁੱਜਰ ਪੁਰਾ, ਅੰਮ੍ਰਿਤਸਰ, ਹਰਚਰਨ ਬਾਜਵਾ ਵਾਸੀ ਸੇਖਵਾਂ (ਬਟਾਲਾ) ਅਤੇ ਜਗਮੀਤ ਸਿੰਘ ਉਰਫ਼਼ ਜੱਗੀ ਭਲਵਾਨ ਵਾਸੀ ਭਾਗੋਵਾਲ (ਥਾਣਾ ਕਿਲ੍ਹਾ ਲਾਲ ਸਿੰਘ) ਸ਼ਾਮਲ ਹਨ। ਆਈ ਜੀ ਪਰਮਾਰ ਨੇ ਦੱਸਿਆ ਕਿ ਸਾਲ 2018 ਦੌਰਾਨ ਸੂਬੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਇੱਕ ਤੋਂ ਬਾਦ ਬੈਂਕ ਡਕੈਤੀਆਂ ਤੇ ਨੱਥ ਪਾਉਣ ਲਈ ਪੁਲਿਸ ਵੱਲੋਂ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਸਨ ਅਤੇ ਏਸੇ ਦੇ ਚੱਲਦਿਆਂ ਬਟਾਲਾ ਪੁਲਿਸ ਨੇ ਇਸ ਗਿਰੋਹ ਦਾ ਪੜਦਾ ਫਾਸ਼ ਕਰਦਿਆਂ ਬਟਾਲਾ ਇਲਾਕੇ ਦੇ ਹਰਚਰਨ ਬਾਜਵਾ ਅਤੇ ਜਗਮੀਤ ਸਿੰਘ ਉਰਫ ਜੱਗੀ ਭਲਵਾਨ ਨੂੰ ਕਾਬੂ ਕਰ ਲਿਆ ਹੈ। ਹਾਲਾਂ ਕਿ ਉਕਤ 6 ਮੈਂਬਰੀ ਗਿਰੋਹ ਦੇ ਸਰਗਨਾ ਸਮੇਤ ਚਾਰ ਲੋਕ ਪੁਲਿਸ ਦੀ ਗਿਰਫਤ ਤੋਂ ਬਾਹਰ ਹਨ। ਗਿਰਫਤਾਰ ਕੀਤੇ ਗਏ ਇਹਨਾਂ ਲੋਕਾਂ ਕੋਲੋਂ ਬੈਂਕਾਂ ਵਿੱਚੋਂ ਲੁੱਟੇ ਗਏ 2 ਲੱਖ 36 ਰੁਪਏ , 2 ਪਿਸਤੌਲ (32 ਬੋਰ),2 ਮੈਗਜ਼ੀਨ, 10 ਕਾਰਤੂਸ, ਇੱਕ ਕਮਾਨੀਦਾਰ ਚਾਕੂ, ਇੱਕ ਸਵਿਫ਼ਟ ਡਿਜ਼ਾਇਅਰ ਕਾਰ ਅਤੇ ਇੱਕ ਐਕਟੀਵਾ ਬਰਾਮਦ ਕੀਤੀ ਗਈ ਹੈ।ਆਈ ਜੀ ਪਰਮਾਰ ਨੇ ਦੱਸਿਆ ਕਿ ਉਕਤ ਲੋਕ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਵਿੱਚ ਬੈਂਕ ਡਕੈਤੀਆਂ ਨੂੰ ਅੰਜਾਮ ਦੇ ਚੁੱਕੇ ਹਨ ਅਤੇ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਕਤ ਲੋਕਾਂ ਉੱਪਰ ਹੋਰ ਵੀ ਬਹੁਤ ਸਾਰੇ ਕਰਿਮੀਨਲ ਕੇਸ ਦਰਜ ਹਨ।
ਪੰਜ ਬੈਂਕ ਡਕੈਤੀ ਦੌਰਾਨ ਲੁੱਟ ਚੁੱਕੇ ਹਨ 60 ਲੱਖ ਤੋਂ ਵੱਧ ਦੀ ਰਕਮ
ਉਕਤ ਗੈਂਗ ਨੇ ਮਿਤੀ 30-07-2018 ਨੂੰ ਪੀਐਨਬੀ ਬੈਂਕ ਅੱਡਾ ਕੋਟ ਫ਼ਤੂਹੀ ਅੰਮ੍ਰਿਤਸਰ ਤੋਂ 9 ਲੱਖ 60 ਹਜ਼ਾਰ ਰੁਪਏ ਲੁੱਟੇ।ਮਿਤੀ 24-08-2018 ਨੂੰ ਬਟਾਲਾ ਦੇ ਪਿੰਡ ਜੈਤੋ ਸਰਜਾ ਵਿਖੇ ਐਕਸਿਸ ਬੈਂਕ ਤੋਂ ਹਥਿਆਰਾਂ ਦੇ ਜ਼ੋਰ ਤੇ 23 ਲੱਖ 93 ਹਜ਼ਾਰ ਲੁੱਟੇ ਅਤੇ ਫਿਰ ਉਸੇ ਹੀ ਦਿਨ ਜ਼ਿਲ੍ਹਾ ਤਰਨਤਾਰਨ ਦੇ ਅੱਡਾ ਜੰਡੋਕੇ ਸਰਹਾਲੀ ਦੇ ਐਸਬੀਆਈ ਬੈਂਕ ਵਿੱਚੋਂ 3 ਲੱਖ 70 ਹਜ਼ਾਰ ਦੀ ਡਕੈਤੀ ਨੂੰ ਅੰਜਾਮ ਦਿੱਤਾ। ਇਸੇ ਤਰਾਂ ਫਿਰ 30-08-2018 ਨੂੰ ਪੀਐਨਬੀ ਬੈਂਕ ਅੱਡਾ ਬੱਸੀ ਦੌਲਤ ਖ਼ਾਨ, ਜ਼ਿਲ੍ਹਾ ਹੁਸ਼ਿਆਰਪੁਰ ਤੋਂ 8 ਲੱਖ 18 ਹਜ਼ਾਰ ਲੁੱਟੇ ਅਤੇ ਬਾਦ ਵਿੱਚ 12-12-2018 ਨੂੰ ਪਿੰਡ ਖੁਜਾਲਾ, ਜ਼ਿਲ੍ਹਾ ਅੰਮ੍ਰਿਤਸਰ ਦੇ ਐਕਸਿਸ ਬੈਂਕ ਤੋਂ 11 ਲੱਖ 54 ਹਜ਼ਾਰ ਰੁਪਏ ਦੀ ਡਕੈਤੀ ਕਰਨਾ ਕਬੂਲ ਕੀਤਾ ਹੈ। ਉਕਤ ਗੈਂਗ ਵੱਲੋਂ ਕਬੂਲ ਕੀਤੀਆਂ ਗਈਆਂ 5 ਡਕੈਤੀਆਂ ਦੌਰਾਨ ਲੁੱਟੀ ਗਈ ਰਕਮ 60 ਲੱਖ ਤੋਂ ਵੀ ਵੱਧ ਬਣਦੀ ਹੈ।