ਦੂਰਦਰਸ਼ਨ ਰਿਲੇਅ ਕੇਂਦਰ ਪਠਾਨਕੋਟ
ਲੋਕੇਸ਼ ਰਿਸ਼ੀ,
ਗੁਰਦਾਸਪੁਰ, 19 ਮਾਰਚ 2019- ਗੁਰਦਾਸਪੁਰ ਅਤੇ ਪਠਾਨਕੋਟ ਸਮੇਤ ਕੁੱਝ ਹਿਮਾਚਲੀ ਖੇਤਰਾਂ ਦੇ ਲੋਕ ਹੁਣ ਛੱਤ ਤੇ ਐਨਟੀਨਾ ਲਗਾ ਕੇ ਮੁਫ਼ਤ ਵਿੱਚ ਦੂਰਦਰਸ਼ਨ ਦੇ ਚੈਨਲ ਨਹੀਂ ਵੇਖ ਸਕਣਗੇ। ਕਿਉਂਕਿ ਇਹਨਾਂ ਇਲਾਕਿਆਂ ਵਿਖੇ ਪ੍ਰਸਾਰ ਭਾਰਤੀ ਦੇ ਚੈਨਲ ਪ੍ਰਸਾਰਿਤ ਕਾਰਨ ਵਾਲਾ ਪਠਾਨਕੋਟ ਦਾ ਦੂਰਦਰਸ਼ਨ ਰਿਲੇ ਕੇਂਦਰ ਬੰਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਹੁਣ ਉਪਭੋਗਤਾ ਕੇਬਲ ਜਾਂ ਡਿਜੀਟਲ ਸਿਸਟਮ ਜ਼ਰੀਏ ਹੀ ਦੂਰਦਰਸ਼ਨ ਦੇ ਚੈਨਲ ਵੇਖ ਸਕਣਗੇ।
ਪਠਾਨਕੋਟ ਵਿਖੇ 500 ਵਾਟ ਸਮਰੱਥਾ ਦਾ ਇਹ ਰਿਲੇ ਕੇਂਦਰ ਸਾਲ 1984 ਵਿੱਚ ਸਥਾਪਿਤ ਕੀਤਾ ਗਿਆ ਸੀ ਅਤੇ ਇੱਥੋਂ ਸੈਟੇਲਾਈਟ ਦੇ ਸਿਗਨਲ ਨੂੰ ਰਿਸੀਵ ਕਰ ਕੇ ਦੂਰਦਰਸ਼ਨ ਦੇ ਬੇਸਿਕ ਪ੍ਰੋਗਰਾਮਾਂ ਦਾ ਟਰਾਂਸਮਿਸ਼ਨ ਕੀਤਾ ਜਾਂਦਾ ਸੀ। ਇਸ ਕੇਂਦਰ ਨੂੰ ਪਾਕਿਸਤਾਨ ਦੇ ਨਾਲ ਲੱਗਦੇ ਸਰਦੀ ਖੇਤਰ ਵਿਖੇ ਸਥਾਪਿਤ ਕਰਨਾ ਭਰਤ ਦੀ ਰਣਨੀਤੀ ਦਾ ਇੱਕ ਹਿੱਸਾ ਸੀ, ਕਿਉਂ ਕਿ ਇਸ ਦੀ ਸਥਾਪਨਾ ਨਾਲ ਹੀ ਪਾਕਿਸਤਾਨੀ ਚੈਨਲਾਂ ਦੇ ਸਿਗਨਲਾਂ ਨੂੰ ਭਾਰਤ ਦੇ ਟੈਲੀਵਿਜ਼ਨਾਂ ਵਿੱਚ ਆਉਣ ਤੋਂ ਰੋਕਿਆ ਜਾ ਸਕਦਾ ਸੀ। ਇਸ ਕੇਂਦਰ ਵਿੱਚ ਪਾਕਿਸਤਾਨੀ ਸੈਟੇਲਾਈਟ ਦੇ ਸਿਗਨਲਾਂ ਨੂੰ ਬੈਨ ਕਰਨ ਦੀ ਪੂਰੀ ਸਮਰੱਥਾ ਸੀ ਅਤੇ ਇਹ ਕੇਂਦਰ ਪਾਕਿਸਤਾਨੀ ਪ੍ਰਾਪੇਗੰਡਾ ਨੂੰ ਭਾਰਤ ਵਿਖੇ ਪ੍ਰਸਾਰਿਤ ਹੋਣ ਤੋਂ ਰੋਕਣ ਸਬੰਧੀ ਇੱਕ ਕਾਰਗਰ ਹਥਿਆਰ ਵੀ ਸੀ।
ਪਰ ਮੌਜੂਦਾ ਹਾਲਤਾਂ ਮੁਤਾਬਿਕ ਸਰਕਾਰ ਨੇ ਇਸ ਕੇਂਦਰ ਨੂੰ ਬੰਦ ਕਰਨ ਦਾ ਫ਼ੈਸਲਾ ਕਰ ਲਿਆ ਹੈ ਅਤੇ ਸਰਕਾਰ ਦੇ ਇਸ ਕਦਮ ਨੂੰ ਪਬਲਿਕ ਅਦਾਰਿਆਂ ਨੂੰ ਹੌਲੀ ਹੌਲੀ ਬੰਦ ਕਿਤੇ ਜਾਣ ਦੀ ਪਾਲਿਸੀ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ। ਇਸ ਕੇਂਦਰ ਵਿਖੇ ਕੰਮ ਕਰਨ ਵਾਲੇ 20 ਦੇ ਕਰੀਬ ਕਰਮਚਾਰੀਆਂ ਨੂੰ ਜਲੰਧਰ ਅਤੇ ਅੰਮ੍ਰਿਤਸਰ ਵਿਖੇ ਸ਼ਿਫ਼ਟ ਕਰ ਦਿੱਤਾ ਗਿਆ ਹੈ। ਇਸ ਕੇਂਦਰ ਨੂੰ ਬੰਦ ਕਰਨ ਨਾਲ ਗੁਰਦਾਸਪੁਰ ਅਤੇ ਤਲਵਾੜਾ ਸਮੇਤ ਹਿਮਾਚਲ ਦੇ ਡਲਹੌਜ਼ੀ, ਚੰਬਾ, ਊਨਾ, ਹੋਲੀ, ਭਰਮੌਰ, ਚਵਾੜੀ ਅਤੇ ਤੀਸਾ ਆਦਿ ਦੇ ਛੋਟੇ ਕੇਂਦਰ ਵੀ ਬੰਦ ਹੋ ਗਏ ਹਨ। ਕਿਉਂ ਕਿ ਇਹਨਾਂ ਦਾ ਮੁੱਖ ਕੇਂਦਰ ਵੀ ਪਠਾਨਕੋਟ ਵਾਲਾ ਰਿਲੇ ਕੇਂਦਰ ਹੀ ਸੀ।
ਉਕਤ ਖ਼ਬਰ ਦੀ ਤਸਦੀਕ ਕਰਦਿਆਂ ਪਠਾਨਕੋਟ ਦੂਰਦਰਸ਼ਨ ਰਿਲੇ ਕੇਂਦਰ ਦੇ ਇੰਚਾਰਜ ਅਤੇ ਡਿਪਟੀ ਡਾਇਰੈਕਟਰ ਪਵਨ ਤੁਲੀ ਨੇ ਦੱਸਿਆ ਕਿ ਇੱਥੋਂ ਦੇ ਸਟਾਫ਼ ਨੂੰ ਸ਼ਿਫ਼ਟ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਹੱਲੇ ਤੱਕ ਉਨ੍ਹਾਂ ਦਾ ਤਬਾਦਲਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਉਕਤ ਕੇਂਦਰ ਨੂੰ ਬੰਦ ਕਰਨ ਦਾ ਫ਼ੈਸਲਾ ਪ੍ਰਸਾਰ ਭਾਰਤੀ ਦਾ ਹੈ।