ਫਿਰੋਜ਼ਪੁਰ 14 ਅਪ੍ਰੈਲ (ਗੁਰਿੰਦਰ ਸਿੰਘ): ਫ਼ਿਰੋਜ਼ਪੁਰ-ਮੋਗਾ ਰੋਡ 'ਤੇ ਸਥਿਤ ਸ਼ਹੀਦ ਭਗਤ ਸਿੰਘ ਟੈਕਨੀਕਲ ਕਾਲਜ
ਵਿਖੇ ਅੱਜ ਇੱਕ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਦੀ ਪਛਾਣ ਮਨੀਸ਼ ਕੁਮਾਰ ਮਹਿਤਾ (21)
ਪੁੱਤਰ ਜੈ ਪ੍ਰਕਾਸ਼ ਮਹਿਤਾ ਵਾਸੀ ਪਿੰਡ ਸੋਲਬਰਗ ਪਹਿਰਾ ਖ਼ਾਨਾ ਸੂਰਸੋਲੀ ਰੋਡ ਜ਼ਿਲ੍ਹਾ ਔਰੰਗਾਬਾਦ ਬਿਹਾਰ
ਵਜੋਂ ਹੋਈ ਹੈ। ਮਨੀਸ਼ ਬੀ. ਟੈੱਕ(ਮਕੈਨੀਕਲ) ਭਾਗ-2 ਦਾ ਵਿਦਿਆਰਥੀ ਸੀ।
ਮ੍ਰਿਤਕ ਦੇ ਸਾਥੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਮਨੀਸ਼ ਹੋਟਲ ਸਤਲੁਜ ਕੰਪਲੈਕਸ ਦੇ ਕਮਰਾ ਨੰਬਰ 306 ਵਿਖੇ ਰਹਿ ਰਿਹਾ ਸੀ ਅਤੇ ਅੱਜ ਸਵੇਰੇ ਕਰੀਬ 10 ਵੱਜ ਕੇ 50 ਮਿੰਟ 'ਤੇ ਉਸ ਵੱਲੋਂ ਖੁਦਕੁਸ਼ੀ ਕਰ ਲਈ ਗਈ। ਮ੍ਰਿਤਕ ਮਨੀਸ਼ ਵੱਲੋਂ ਕੀਤੀ ਖੁਦਕੁਸ਼ੀ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਇਸ ਸਬੰਧ ਵਿੱਚ ਸਬੰਧਤ ਥਾਣਾ ਕੁੱਲਗੜ੍ਹੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਮਨੀਸ਼ ਦਾ ਛੋਟਾ ਭਰਾ ਮੋਹਿਤ ਕੁਮਾਰ ਮਹਿਤਾ ਵੀ ਇਸੇ ਕਾਲਜ ਵਿੱਚ ਡਿਪਲੋਮਾ ਕਰ ਰਿਹਾ ਹੈ।
ਦੂਜੇ ਪਾਸੇ ਐੱਸ.ਬੀ.ਐੱਸ ਕਾਲਜ ਦੇ ਬਾਹਰ ਫਿਰੋਜ਼ਪੁਰ-ਮੋਗਾ ਰੋਡ 'ਤੇ ਖੁਦਕੁਸ਼ੀ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਵੱਲੋਂ ਕਾਲਜ ਮੈਨਜਮੈਂਟ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਫਿਰੋਜ਼ਪੁਰ-ਮੋਗਾ ਸੜਕ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਗਿਆ। ਵਿਦਿਆਰਥੀ ਮੰਗ ਕਰ ਰਹੇ ਸਨ ਕਿ ਜੇਕਰ ਹੋਸਟਲ ਵਿੱਚ ਕੈਮਰੇ ਲੱਗੇ ਹੁੰਦੇ ਤਾਂ ਕਦੇ ਵੀ ਇੰਨ੍ਹੀਂ ਵੱਡੀ ਘਟਨਾ ਨਾ ਵਾਪਰਦੀ ਅਤੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਹੀ ਮਨੀਸ਼ ਦੀ ਹਰਕਤ ਦਾ ਪਤਾ ਲੱਗ ਸਕਦਾ ਸੀ ।ਵਿਦਿਆਰਥੀਆਂ ਵੱਲੋਂ ਕਾਲਜ ਮੈਨੇਜਮੈਂਟ 'ਤੇ ਵੀ ਹੋਰ ਵੀ ਗੰਭੀਰ ਦੋਸ਼ ਲਗਾਏ ਗਏ। ਇਸ ਸਬੰਧੀ ਪੱਖ ਜਾਨਣ ਲਈ ਕਾਲਜ ਡਾਇਰੈਕਟਰ ਨਾਲ ਕੋਸ਼ਿਸ਼ ਕਰਨ 'ਤੇ ਵੀ ਸੰਪਰਕ ਨਹੀਂ ਹੋ ਸਕਿਆ।