(ਮਿੱਤਰ ਸੈਨ ਸ਼ਰਮਾ)
ਮਾਨਸਾ 18 ਅਪ੍ਰੈਲ 2019: ਜ਼ਿਲ੍ਹਾ ਮਾਨਸਾ ਦੇ ਸ਼ਹਿਰ ਬੁਢਲਾਡਾ ਵਾਸੀ ਇੱਕ ਰਿਟਾ: ਸੂਬੇਦਾਰ ਬੀਮੇ ਦੀ ਕਰੀਬ 4 ਲੱਖ 50 ਰੁਪਏ ਹਾਸਿਲ ਕਰਨ ਦੇ ਚੱਕਰ 'ਚ 16 ਲੱਖ ਰੁਪਏ ਹੋਰ ਗਵਾ ਬੈਠਾ। ਇਸ ਸਬੰਧੀ ਥਾਣਾ ਸਿਟੀ ਬੁਢਲਾਡਾ ਦੀ ਪੁਲਿਸ ਨੇ ਪੀੜ੍ਹਤ ਰਿਟਾ: ਸੂਬੇਦਾਰ ਦੀ ਸ਼ਿਕਾਇਤ 'ਤੇ 3 ਵਿਅਕਤੀਆਂ ਵਿਰੁੱਧ ਹੇਰਾਫੇਰੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਜਾਰੀ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਰਿਟਾ: ਸੂਬੇਦਾਰ ਸੁੱਚਾ ਸਿੰਘ ਵਾਸੀ ਬੁਢਲਾਡਾ ਕੋਲ ਮਹਿੰਦਰ ਸਿੰਘ ਗਰੇਵਾਲ ਵਾਸੀ ਮੁੰਬਈ ਦਾ ਫੋਨ ਆਇਆ ਕਿ ਉਸ ਦੀ ਬੀਮੇ ਦੀ ਰਕਮ 4 ਲੱਖ 50 ਹਜ਼ਾਰ ਰੁਪਏ, ਜੋ ਕਿ ਤੁਹਾਨੂੰ 2017 'ਚ ਮਿਲਣੇ ਸਨ, ਬੀਮਾ ਕੰਪਨੀ ਵੱਲ ਬਕਾਇਆ ਖੜ੍ਹੇ ਹਨ ਅਤੇ ਉਹ ਇਹ ਰਕਮ ਕੇਸ ਲੜ ਕੇ ਤੁਹਾਨੂੰ ਦਿਵਾ ਸਕਦਾ ਹੈ, ਜਿਸ ਦੇ ਲਈ ਉਸ ਨੂੰ ਇੱਕ ਲੱਖ ਰੁਪਏ ਦੇਣੇ ਹੋਣਗੇ। ਬੀਮੇ ਦੇ 4 ਲੱਖ 50 ਹਜ਼ਾਰ ਰੁਪਏ ਹਾਸਿਲ ਕਰਨ ਦੇ ਚੱਕਰ 'ਚ ਉਕਤ ਸੂਬੇਦਾਰ ਨੇ ਉਸ ਨੂੰ ਇੱਕ ਲੱਖ ਰੁਪਏ ਉਸ ਦੇ ਖਾਤੇ 'ਚ ਪਵਾ ਦਿੱਤੇ। ਇਸ ਤੋਂ ਕਾਫ਼ੀ ਦਿਨਾਂ ਬਾਅਦ ਉਕਤ ਵਿਅਕਤੀ ਦਾ ਫਿਰ ਫੋਨ ਆਇਆ ਕਿ ਉਸ ਨੇ ਕੈਨੇਡਾ ਤੋਂ ਟੈਂਡਰ ਲਿਆ ਹੈ, ਜਿਸ 'ਚ ਉਸ ਨੂੰ ਕੁੱਝ ਰਕਮ ਲਗਾਉਣੀ ਹੋਵੇਗੀ ਅਤੇ ਫਿਰ 16 ਸਾਲ ਤੱਕ ਤੁਹਾਨੂੰ ਲੱਖਾਂ ਰੁਪਏ ਪੈਨਸ਼ਨ ਦੇ ਰੂਪ 'ਚ ਮਿਲਣਗੇ, ਰਿਟਾ: ਸੂਬੇਦਾਰ ਦੇ ਇਨਕਾਰ ਕਰਨ 'ਤੇ ਉਕਤ ਵਿਅਕਤੀ ਨੇ ਕਿਹਾ ਕਿ ਜੇਕਰ ਬੀਮੇ ਦੀ ਰਕਮ ਹਾਸਿਲ ਕਰਨ ਹੈ, ਤਾਂ ਉਸ ਨੂੰ ਕੁੱਝ ਰਾਸ਼ੀ ਉਕਤ ਟੈਂਡਰ 'ਚ ਵੀ ਲਗਾਉਣੀ ਹੋਵੇਗੀ, ਜਿਸ 'ਤੇ ਮਜ਼ਬੂਰ ਹੋ ਕੇ ਸੂਬੇਦਾਰ ਨੇ 15 ਲੱਖ 61 ਹਜ਼ਾਰ 77 ਰੁਪਏ ਉਕਤ ਵਿਅਕਤੀ ਦੇ ਦੱਸੇ ਹੋਏ ਵੱਖ–ਵੱਖ ਬੈਂਕ ਖਾਤਿਆਂ 'ਚ ਪਵਾ ਦਿੱਤੇ। ਇਸ ਉਪਰੰਤ ਨਾ ਤਾਂ ਉਸ ਨੂੰ ਬੀਮੇ ਦੀ ਰਾਸ਼ੀ ਹੀ ਮਿਲੀ ਅਤੇ ਨਾ ਹੀ ਉਸ ਵੱਲੋਂ ਲਗਾਏ 15 ਲੱਖ 61 ਹਜ਼ਾਰ 77 ਰੁਪਏ ਵਾਪਿਸ ਹੋਏ, ਜਿਸ ਨੂੰ ਲੈ ਕੇ ਪੀੜ੍ਹਤ ਰਿਟਾ: ਸੂਬੇਦਾਰ ਸੁੱਚਾ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ, ਜਿਸ ਦੀ ਜਾਂਚ–ਪੜਤਾਲ ਕਰਨ ਉਪਰੰਤ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਮਹਿੰਦਰ ਸਿੰਘ ਗਰੇਵਾਲ ਵਾਸੀ ਮੁੰਬਈ, ਅੰਸੁਲ ਵਾਸੀ ਨੋਇਡਾ ਅਤੇ ਭੋਲੇ ਸ਼ੰਕਰ ਵਾਸੀ ਨਵੀਂ ਦਿੱਲੀ ਦੇ ਵਿਰੁੱਧ ਧਾਰਾ 420,120ਬੀ ਦੇ ਅਧੀਨ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰ ਦੇ ਯਤਨ ਆਰੰਭ ਕਰ ਦਿੱਤੇ ਹਨ।