ਉਤਸਵ ਬੈਂਸ
ਨਵੀਂ ਦਿੱਲੀ, 23 ਅਪ੍ਰੈਲ 2019 - ਸੁਪਰੀਮ ਕੋਰਟ ਨੇ ਉਤਸਵ ਬੈਂਸ ਨਾਮ ਦੇ ਇੱਕ ਨੌਜਵਾਨ ਵਕੀਲ ਨੂੰ ਬੁੱਧਵਾਰ 24 ਅਪ੍ਰੈਲ ਨੂੰ ਨਿੱਜੀ ਤੌਰ 'ਤੇ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਹੈ, ਕਿਉਂਕਿ ਵਕੀਲ ਉਤਸਵ ਬੈਂਸ ਨੇ ਦਾਅਵਾ ਕੀਤਾ ਹੈ ਕਿ ਚੀਫ ਜਸਟਿਸ ਰੰਜਨ ਗੋਗੋਈ ਨੂੰ ਵੱਡੀ ਸਾਜਿਸ਼ ਦੇ ਤਹਿਤ ਜਬਰ ਜਨਾਹ ਦੇ ਕੇਸ ਵਿੱਚ ਫਸਾਇਆ ਗਿਆ ਹੈ। ਉਸਦਾ ਕਹਿਣਾ ਹੈ ਕਿ ਉਸਨੂੰ ਚੀਫ ਜਸਟਿਸ ਨੂੰ ਫਸਾਉਣ ਲਈ ਕਿਸੇ 'ਅਜੈ' ਨਾਮੀ ਸ਼ਖਸ ਵੱਲੋਂ ਡੇਢ ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਸੀ।
ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੀ ਸੁਪਰੀਮ ਕੋਰਟ ਦੀ ਤਿੰਨ ਮੈਂਬਰੀ ਬੇਂਚ ਨੇ ਬੈਂਸ ਨੂੰ ਨੋਟਿਸ ਜਾਰੀ ਕਰ ਕੇ ਕਿਹਾ ਹੈ ਕਿ ਕੋਰਟ ਵਿੱਚ ਹਾਜਰ ਹੋ ਕੇ ਆਪਣੇ ਦਾਅਵਿਆਂ ਦੇ ਪੱਖ ਵਿੱਚ ਸਬੂਤ ਪੇਸ਼ ਕਰਨ। ਐਡਵੋਕੇਟ ਉਤਸਵ ਬੈਂਸ ਵੱਲੋਂ ਕੋਰਟ ਨੂੰ ਦਿੱਤੇ ਹਲਫਨਾਮੇ ਵਿੱਚ ਕਿਹਾ ਗਿਆ ਹੈ ਕਿ ਚੀਫ ਜਸਟਿਸ 'ਤੇ ਜਬਰ ਜਨਾਹ ਦਾ ਇਲਜ਼ਾਮ ਇਸ ਕਰਕੇ ਲਾਇਆ ਗਿਆ ਸੀ ਤਾਂ ਕਿ ਚੀਫ ਜਸਟਿਸ ਨੂੰ ਅਸਤੀਫਾ ਦੇਣ ਲਈ ਮਜਬੂਰ ਕੀਤਾ ਜਾ ਸਕੇ।
ਬੈਂਸ ਨੇ ਮਾਮਲੇ ਵਿੱਚ ਆਜ਼ਾਦ ਰੂਪ ਵਿੱਚ ਨਿਆਇਕ ਜਾਂਚ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਵੱਲੋਂ ਕੀਤੀ ਗਈ ਸੁਣਵਾਈ ਵਿੱਚ ਚੀਫ਼ ਜਸਟਿਸ ਰੰਜਨ ਗੋਗੋਈ ਨੇ ਆਪਣੇ ਖ਼ਿਲਾਫ਼ ਲਗਾਏ ਗਏ ਸਾਰੇ ਇਲਜ਼ਾਮਾਂ ਨੂੰ ਖ਼ਾਰਜ ਕੀਤਾ ਸੀ। ਉਨ੍ਹਾਂ ਨੇ ਕਿਹਾ ਸੀ ਕਿ ਨਿਆਂਪਾਲਿਕਾ ਦੀ ਸਵਤੰਤਰ ਦੇ ਲਈ ਬਹੁਤ ਵੱਡਾ ਖ਼ਤਰਾ ਹੈ।