ਨਵੀਂ ਦਿੱਲੀ, 26 ਅਪ੍ਰੈਲ 2019 - 'ਕੈਟ' (ਕੇਂਦਰੀ ਪ੍ਰਸ਼ਾਸਕੀ ਟ੍ਰਬਿਊਨਲ) ਨੇ 1996 ਬੈਚ ਦੇ ਆਈ.ਏ.ਐੱਸ ਅਧਿਕਾਰੀ ਮੁਹੰਮਦ ਮੋਹਸਿਨ ਦੀ ਮੁਅੱਤਲੀ ਉੱਤੇ ਰੋਕ ਲਾ ਦਿੱਤੀ ਹੈ। ਇਸ ਅਧਿਕਾਰੀ ਨੂੰ ਚੋਣ ਕਮਿਸ਼ਨ ਨੇ ਓੜੀਸ਼ਾ ’ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਹੈਲੀਕਾਪਟਰ ਦੀ ਤਲਾਸ਼ੀ ਲੈਣ ਦੇ ਦੋਸ਼ ਅਧੀਨ ਮੁਅੱਤਲ ਕੀਤਾ ਸੀ। ਟ੍ਰਬਿਊਨਲ ਵੱਲੋਂ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 3 ਜੂਨ ਨੂੰ ਕੀਤੀ ਜਾਵੇਗੀ। 'ਦ ਪ੍ਰਿੰਟ' ਦੀ ਰਿਪੋਰਟ ਮੁਤਾਬਕ ਕਮਿਸ਼ਨ ਵੱਲੋਂ ਕਰਨਾਟਕਾ ਸਰਕਾਰ ਨੂੰ ਮੁਹੰਮਦ 'ਤੇ ਕਾਰਵਾਈ ਕਰਨ ਲਈ ਵੀ ਆਖਿਆ ਹੈ।
ਜ਼ਿਕਰਯੋਗ ਹੈ ਕਿ ਕਰਨਾਟਕ ਦੇ IAS ਅਧਿਕਾਰੀ ਮੁਹੰਮਦ ਮੋਹਸਿਨ ਇਸੇ ਮਹੀਨੇ ਓੜੀਸ਼ਾ ਵਿੱਚ ਆਮ ਚੋਣਾਂ ਲਈ ਆਬਜ਼ਰਵਰ ਨਿਯੁਕਤ ਹੋਏ ਸਨ। ਉੱਥੇ ਉਨ੍ਹਾਂ ਬੀਤੀ 16 ਅਪ੍ਰੈਲ ਨੂੰ ਸੰਬਲਪੁਰ ਵਿਖੇ ਪ੍ਰਧਾਨ ਮੰਤਰੀ ਦੇ ਹੈਲੀਕਾਪਟਰ ਦੀ ਚੈਕਿੰਗ ਕਰਨ ਦੇ ਹੁਕਮ ਆਪਣੇ ਅਧਿਕਾਰੀਆਂ ਨੂੰ ਦਿੱਤੇ ਸਨ। ਚੋਣ ਕਮਿਸ਼ਨ ਨੇ ਇਹ ਆਖਦਿਆਂ ਸ੍ਰੀ ਮੋਹਸਿਨ ਨੂੰ ਮੁਅੱਤਲ ਕਰ ਦਿੱਤਾ ਸੀ ਕਿ ਜਿਸ ਵਿਅਕਤੀ ਦੀ ਸੁਰੱਖਿਆ ਸਪੈਸ਼ਲ ਪ੍ਰੋਟੈਕਸ਼ਨ ਗਾਰਡ ਕੋਲ ਹੋਵੇ, ਉਨ੍ਹਾਂ ਲਈ ਵੱਖਰੀ ਕਿਸਮ ਦੀਆਂ ਹਦਾਇਤਾਂ ਲਾਗੂ ਹੁੰਦੀਆਂ ਹਨ ਤੇ ਇਸ IAS ਅਧਿਕਾਰੀ ਨੇ ਉਨ੍ਹਾਂ ਹਦਾਇਤਾਂ ਦੀ ਉਲੰਘਣਾ ਕੀਤੀ ਹੈ।
ਪੀਟੀਆਈ ਦੀ ਰਿਪੋਰਟ ਮੁਤਾਬਕ ਕਮਿਸ਼ਨ ਨੇ ਕਿਹਾ ਕਿ ਸਾਲ 2014 ਦੌਰਾਨ ਇੱਕ ਹੁਕਮ ਜਾਰੀ ਕੀਤਾ ਗਿਆ ਸੀ, ਜਿਸ ਮੁਤਾਬਕ ਸਪੈਸ਼ਲ ਪ੍ਰੋਟੈਕਸ਼ਨ ਗਾਰਡ ਨੂੰ ਚੋਣਾਂ ਦੌਰਾਨ ਚੈਕਿੰਗ ਤੋਂ ਛੋਟ ਦਿੱਤੀ ਗਈ ਸੀ। ਪਰ ਉਹ ਆਰਡਰ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਉਪਲਬਧ ਨਹੀਂ ਸੀ। ਕੈਟ ਨੇ IAS ਅਧਿਕਾਰੀ ਦੇ ਵਕੀਲ ਦੀ ਉਸ ਦਲੀਲ ਦਾ ਵੀ ਨੋਟਿਸ ਲਿਆ, ਜਿਸ ਵਿੱਚ ਕਿਹਾ ਗਿਆ ਸੀ ਕਿ ਕੁਝ ਭਾਰੀ ਸਮਾਨ ਪ੍ਰਧਾਨ ਮੰਤਰੀ ਦੇ ਕਾਫ਼ਲੇ ’ਚੋਂ ਉਤਾਰ ਕੇ ਕਿਸੇ ਹੋਰ ਵਾਹਨ ਵਿੱਚ ਲੱਦਿਆ ਗਿਆ ਸੀ।