ਫਾਈਲ ਫੋਟੋ
ਚੰਡੀਗੜ੍ਹ, 15 ਮਈ 2019- ਕਾਂਗਰਸ ਆਗੂ ਨਵਜੋਤ ਕੌਰ ਸਿੱਧੂ ਨੇ ਨਵਾਂ ਵਿਵਾਦ ਛੇੜਦਿਆਂ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਦੀ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਆਸ਼ਾ ਕੁਮਾਰੀ ਕਰਕੇ ਉਨ੍ਹਾਂ ਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਪਾਰਟੀ ਟਿਕਟ ਨਹੀਂ ਦਿੱਤੀ ਗਈ।
ਅੰਮ੍ਰਿਤਸਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਸਿੱਧੂ ਨੇ ਕਿਹਾ, ‘‘ਕੈਪਟਨ ਸਾਹਿਬ ਅਤੇ ਆਸ਼ਾ ਕੁਮਾਰੀ ਨੂੰ ਲੱਗਦਾ ਹੈ ਕਿ ਮੈਡਮ ਸਿੱਧੂ ਸੰਸਦ ਮੈਂਬਰ ਦੀ ਟਿਕਟ ਦੇ ਯੋਗ ਨਹੀਂ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ 'ਚ ਬੀਤੇ ਸਾਲ ਦਸਹਿਰੇ ਮੌਕੇ ਵਾਪਰੇ ਰੇਲਗੱਡੀ ਦੁਖਾਂਤ ਕਾਰਨ ਟਿਕਟ ਨਹੀਂ ਦਿੱਤੀ।
ਮੈਡਮ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਨੂੰ ਲੱਗਦਾ ਹੈ ਕਿ ਉਹ ਇਕੱਲੇ ਹੀ ਪੰਜਾਬ ਦੀਆਂ ਸਾਰੀਆਂ 13 ਸੀਟਾਂ ਤੋਂ ਪਾਰਟੀ ਨੂੰ ਜਿਤਾਉਣ ਦੀ ਸਮਰੱਥਾ ਰੱਖਦੇ ਹਨ। ਸੂਬੇ ਵਿੱਚ ਪਾਰਟੀ ਲਈ ਪ੍ਰਚਾਰ ਨਾ ਕਰਨ ਦੇ ਸੰਕੇਤ ਦਿੰਦਿਆਂ ਸ੍ਰੀਮਤੀ ਸਿੱਧੂ ਨੇ ਕਿਹਾ, ''ਕਿ ਅਮਰਿੰਦਰ ਸਿੰਘ ਸਾਡੇ ਜੂਨੀਅਰ ਕਪਤਾਨ ਹਨ। ਰਾਹੁਲ ਗਾਂਧੀ ਸਾਡੇ ਸੀਨੀਅਰ ਕਪਤਾਨ ਹਨ। ਸਾਡੇ ਜੂਨੀਅਰ ਕਪਤਾਨ ਨੇ ਕਿਹਾ ਕਿ ਉਹ ਸਾਰੀਆਂ 13 ਸੀਟਾਂ ’ਤੇ ਪਾਰਟੀ ਨੂੰ ਜਿੱਤ ਦਿਵਾਉਣਗੇ।’’
ਖ਼ਫ਼ਾ ਹੋਈ ਮੈਡਮ ਸਿੱਧੂ ਨੇ ਕਿਹਾ, ‘‘ਕੈਪਟਨ ਸਾਹਿਬ ਖੁਦ ਚੋਣ ਪ੍ਰਚਾਰ ਕਰਨਗੇ। ਆਸ਼ਾ ਕੁਮਾਰੀ ਵੀ ਸਟਾਰ ਪ੍ਰਚਾਰਕ ਹਨ। ਸਿੱਧੂ ਸਾਹਿਬ ਉੱਥੇ ਜਾਣਗੇ, ਜਿੱਥੇ ਰਾਹੁਲ ਗਾਂਧੀ ਜਾਣ ਲਈ ਕਹਿਣਗੇ।’’