ਮਾਨਸਾ 18 ਮਈ 2019 (ਮਿੱਤਰ ਸੈਨ ਸ਼ਰਮਾ) : ਲੋਕ ਸਭਾ ਹਲਕਾ ਬਠਿੰਡਾ ਦੇ ਜ਼ਿਲ੍ਹਾ ਮਾਨਸਾ 'ਚ ਐਤਵਾਰ ਨੂੰ ਹੋਣ ਜਾ ਰਹੀਆਂ ਚੋਣਾਂ ਸਬੰਧੀ ਪ੍ਰਸ਼ਾਸ਼ਨ ਨੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਅਤੇ ਸ਼ਾਂਤਮਈ ਢੰਗ ਨਾਲ ਚੋਣਾਂ ਕਰਵਾਉਣ ਨੂੰ ਲੈ ਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਚੋਣ ਅਮਲੇ ਨੂੰ ਚੋਣ ਸਮੱਗਰੀ ਦੀ ਵੰਡ ਕਰ ਦਿੱਤੀ ਗਈ ਹੈ। ਇਸ ਸਬੰਧੀ ਡੀ.ਸੀ.-ਕਮ-ਜ਼ਿਲ੍ਹਾ ਚੋਣ ਅਫ਼ਸਰ ਅਪਨੀਤ ਰਿਆਤ ਨੇ ਦੱਸਿਆ ਕਿ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ 610 ਪੋਲਿੰਗ ਪਾਰਟੀਆਂ ਰਵਾਨਾ ਹੋ ਚੁੱਕੀਆਂ ਹਨ ਜਿੰਨ੍ਹਾਂ 'ਚ 2930 (ਸਣੇ ਰਿਜ਼ਰਵ) ਸਟਾਫ਼ ਮੈਂਬਰਾਂ ਅਤੇ 145 ਮਾਈਕਰੋ ਅਬਜ਼ਰਵਰ ਅਤੇ 46 ਸੈਕਟਰ ਅਫ਼ਸਰ ਸ਼ਾਮਲ ਹਨ। ਇੰਨ੍ਹਾਂ ਤੋਂ ਇਲਾਵਾ ਸੁਰੱਖਿਆ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ 1488 ਦੇ ਕਰੀਬ ਪੁਲਿਸ ਅਤੇ ਹੋਰ ਸੁਰੱਖਿਆ ਬਲਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 19 ਮਈ ਨੂੰ ਤਾਇਨਾਤ ਪੋਲਿੰਗ ਸਟਾਫ਼ ਅਤੇ ਰਿਜ਼ਰਵ ਸਟਾਫ਼ ਨੂੰ 20 ਮਈ ਨੂੰ ਛੁੱਟੀ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ 19 ਮਈ ਨੂੰ ਸਵੇਰੇ 7.00 ਵਜੇ ਤੋਂ ਲੈ ਕੇ ਸ਼ਾਮ ਦੇ 6.00 ਵਜੇ ਤੱਕ ਪੋਲਿੰਗ ਹੋਵੇਗੀ।
ਉਨ੍ਹਾਂ ਕਿਹਾ ਕਿ ਸ਼ਾਮ 6 ਵਜੇ ਤੋਂ ਬਾਅਦ ਸਿਰਫ਼ ਅੰਦਰ ਰਹਿ ਗਏ ਵੋਟਰਾਂ ਦੀ ਹੀ ਵੋਟਿੰਗ ਕਰਵਾਈ ਜਾਵੇਗੀ। 145 ਮਾਈਕਰੋ ਅਬਜ਼ਰਵਰ 234 ਪੋਲਿੰਗ ਸਟੇਸ਼ਨਾਂ ਨੂੰ ਕਵਰ ਕਰਨਗੇ। ਇਸ ਤੋਂ ਇਲਾਵਾ 376 ਪੋਲਿੰਗ ਬੂਥਾਂ ਤੇ ਵੈਬ ਕਾਸਟਿੰਗ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ 823 ਵੀ.ਵੀ.ਪੈਟ. ਮਸ਼ੀਨਾਂ, 1466 ਬੈਲਟ ਯੂਨਿਟ, 771 ਕੰਟਰੋਲ ਯੂਨਿਟ ਮਸ਼ੀਨਾਂ ਲਗਾਈਆਂ ਗਈਆਂ ਹਨ ਅਤੇ ਮਾਡਲ ਪੋਲਿੰਗ ਸਟੇਸ਼ਨਾਂ ਤੇ ਸੈਲਫ਼ੀ ਪੁਆਇੰਟ ਬਣਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ 'ਚ 26 ਮਾਡਲ ਪੋਲਿੰਗ ਬੂਥ ਬਣਾਏ ਗਏ ਹਨ, ਜਿਹੜੇ ਕਿ 15 ਪੋਲਿੰਗ ਸਟੇਸ਼ਨਾਂ ਵਿੱਚ ਸਥਾਪਿਤ ਕੀਤੇ ਗਏ ਹਨ। ਨਾਲ ਹੀ ਜ਼ਿਲ੍ਹਾ ਮਾਨਸਾ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ ਵਿੱਚ 1-1 ਅਜਿਹਾ ਗੁਲਾਬੀ ਮਤਦਾਨ ਕੇਂਦਰ ਹੋਵੇਗਾ, ਜਿੱਥੇ ਸਮੁੱਚਾ ਮਹਿਲਾ ਸਟਾਫ ਹੀ ਤਾਇਨਾਤ ਕੀਤਾ ਜਾਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਇੰਨ੍ਹਾਂ ਚੋਣਾਂ 'ਚ 29 ਅਪ੍ਰੈਲ 2019 ਤੱਕ ਰਜਿਸਟਰਡ ਹੋਏ ਜ਼ਿਲ੍ਹਾ ਮਾਨਸਾ ਦੇ ਕੁੱਲ 583765 ਵੋਟਰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇੰਨ੍ਹਾਂ 'ਚ 310124 ਮਰਦ ਵੋਟਰ, 273633 ਮਹਿਲਾ ਵੋਟਰ ਅਤੇ 8 ਥਰਡ ਜੈਂਡਰ ਵਿਅਕਤੀ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇੰਨ੍ਹਾਂ 'ਚ ਮਾਨਸਾ ਵਿਧਾਨ ਸਭਾ ਹਲਕੇ 'ਚ ਕੁੱਲ 123243 ਵੋਟਰ ਹਨ, ਜਿੰਨ੍ਹਾਂ 'ਚ 113143 ਮਰਦ ਵੋਟਰ, 100999 ਮਹਿਲਾ ਵੋਟਰ ਅਤੇ 1 ਥਰਡ ਜੈਂਡਰ ਵੋਟਰ ਸ਼ਾਮਿਲ ਹਨ। ਇਸੇ ਤਰ੍ਹਾਂ ਸਰਦੂਲਗੜ੍ਹ ਹਲਕੇ 'ਚ ਕੁੱਲ 178678 ਵੋਟਰ ਹਨ, ਜਿੰਨ੍ਹਾਂ 'ਚ 94800 ਮਰਦ ਵੋਟਰ, 83873 ਮਹਿਲਾ ਵੋਟਰ ਅਤੇ 5 ਥਰਡ ਜੈਂਡਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਬੁਢਲਾਡਾ ਹਲਕੇ 'ਚ ਕੁੱਲ 191844 ਵੋਟਰ ਹਨ, ਜਿੰਨ੍ਹਾਂ 'ਚ 102181 ਮਰਦ ਵੋਟਰ, 89661 ਮਹਿਲਾ ਵੋਟਰ ਅਤੇ 2 ਥਰਡ ਜੈਂਡਰ ਮੌਜ਼ੂਦ ਸਨ। ਅੱਜ ਜ਼ਿਲ੍ਹੇ ਦੇ 5 ਲੱਖ, 83 ਹਜ਼ਾਰ 765 ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ 'ਚ ਆਪਣਾ ਯੋਗਦਾਨ ਪਾਉਣਗੇ।
ਜ਼ਿਲ੍ਹੇ ਅੰਦਰ 39 ਹਜ਼ਾਰ 729 ਵੋਟਰ ਅਜਿਹੇ ਹਨ, ਜੋ ਲੋਕ ਸਭਾ ਲਈ ਪਹਿਲੀ ਵਾਰ ਆਪਣੀ ਵੋਟ ਦਾ ਇਸਤੇਮਾਲ ਕਰਕੇ ਮਾਣ ਮਹਿਸੂਸ ਕਰਨਗੇ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ 18 ਸਾਲ ਦੀ ਉਮਰ ਦੇ ਪਹਿਲੀ ਵਾਰ ਵੋਟ ਕਰਨ ਵਾਲੇ ਵੋਟਰਾਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।