ਐੱਸ.ਏ.ਐੱਸ ਨਗਰ 24 ਮਈ 2019 : ਅਧਿਆਪਕਾਂ ਨੇ ਇਸ ਵਾਰ ਮਿਹਨਤ ਕਰਕੇ ਜਿਸ ਤਰ੍ਹਾਂ ਦਸਵੀਂ ਬਾਰ੍ਹਵੀਂ ਦੇ ਇਤਿਹਾਸਕ ਨਤੀਜੇ ਦਿੱਤੇ ਹਨ, ਪੰਜਾਬ ਨੂੰ ਸਿੱਖਿਆ ਦੇ ਖੇਤਰ ਵਿੱਚ ਦੇਸ ਵਿੱਚੋਂ ਦੂਜੇ ਨੰਬਰ ਦਾ ਰਾਜ ਬਣਾ ਦਿੱਤਾ ਹੈ, ਇਹ ਮੁੱਖ ਮੰਤਰੀ, ਸਿੱਖਿਆ ਮੰਤਰੀ ਅਤੇ ਸਿੱਖਿਆ ਵਿਭਾਗ ਲਈ ਬਹੁਤ ਗੌਰਵ ਦੀ ਗੱਲ ਹੈ। ਸਿੱਖਿਆ ਵਿਭਾਗ ਪੰਜਾਬ ਵੱਲੋਂ ਇਸ ਵਾਰ ਬੋਰਡ ਦੇ ਬਿਹਤਰ ਨਤੀਜੇ ਦੇਣ ਬਦਲੇ ਜ਼ਿਲ੍ਹਾਵਾਰ ਸ਼ੁਰੂ ਕੀਤੇ ਸਨਮਾਨ ਸਮਾਰੋਹ ਵਿੱਚ ਅਧਿਆਪਕਾਂ ਦਾ ਸਨਮਾਨ ਕਰਦਿਆਂ ਸਿੱਖਿਆ ਮੰਤਰੀ ਓ.ਪੀ.ਸੋਨੀ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ 125, ਤਰਨਤਾਰਨ ਦੇ 51 ਅਤੇ ਜਲੰਧਰ ਦੇ 152 ਸਕੂਲ ਮੁਖੀਆਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਸਮਾਜ ਵਿੱਚ ਅਧਿਆਪਕ ਦਾ ਦਰਜਾ ਗੁਰੂ ਦੇ ਸਮਾਨ ਹੈ। ਉਹਨਾਂ ਨੇ ਕਿਹਾ ਕਿ ਅਧਿਆਪਕਾਂ ਨੇ ਇਸ ਵਾਰ ਜੀਅ ਜਾਨ ਨਾਲ਼ ਬਹੁਤ ਮਿਹਨਤ ਕੀਤੀ ਹੈ ਜਿਸ ਸਦਕਾ ਪਿਛਲੇ ਸਾਲ ਅਤੇ ਇਸ ਸਾਲ ਦੇ ਨਤੀਜਿਆਂ ਵਿੱਚ ਪਾਸ ਫੀਸਦ ਦੀ ਦਰ ਬੋਰਡ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੰਨੀ ਉੱਪਰ ਗਈ ਹੈ।
ਸਿੱਖਿਆ ਮੰਤਰੀ ਨੇ ਕਿਹਾ ਕਿ ਪਿਛਲੇ ਸਾਲ ਮੁੱਖ ਮੰਤਰੀ ਸਾਹਿਬ ਬੋਰਡ ਦੇ ਨਤੀਜਿਆਂ ਬਾਰੇ ਬਹੁਤ ਚਿੰਤਤ ਸਨ ਪਰ ਅਸੀਂ ਉਹਨਾਂ ਨੂੰ ਭਰੋਸਾ ਦਿੱਤਾ ਸੀ ਕਿ ਅਗਲੀ ਵਾਰ ਅਸੀਂ ਬੋਰਡ ਦੇ ਬਿਹਤਰ ਨਤੀਜੇ ਲੈ ਕੇ ਚੰਗਾ ਪ੍ਰਦਰਸ਼ਨ ਕਰਾਂਗੇ। ਉਹਨਾਂ ਕਿਹਾ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਅਗਵਾਈ ਵਿੱਚ ਅਧਿਆਪਕਾਂ ਅਤੇ ਸਿੱਖਿਆ ਵਿਭਾਗ ਦੇ ਸਾਰੇ ਅਧਿਕਾਰੀਆਂ ਨੇ ਮਿਹਨਤ ਅਤੇ ਲਗਨ ਨਾਲ਼ ਬਹੁਤ ਸ਼ਾਨਦਾਰ ਨਤੀਜੇ ਦਿੱਤੇ ਹਨ।
ਸ੍ਰੀ ਓ.ਪੀ.ਸੋਨੀ ਨੇ ਕਿਹਾ ਕਿ ਜਦੋਂ ਨੇਕ ਨੀਅਤੀ ਨਾਲ਼ ਮਿਹਨਤ ਕੀਤੀ ਜਾਂਦੀ ਹੈ ਤਾਂ ਪ੍ਰਮਾਤਮਾ ਵੀ ਸਹਾਇਤਾ ਕਰਦਾ ਹੈ। ਉਹਨਾਂ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਸਾਡੇ ਅਧਿਆਪਕ ਪ੍ਰਾਈਵੇਟ ਸੰਸਥਾਂਵਾਂ ਦੇ ਅਧਿਆਪਕਾਂ ਨਾਲ਼ੋਂ ਵੱਧ ਸਿੱਖਿਅਤ ਅਤੇ ਮਿਹਨਤੀ ਹਨ। ਸਿੱਖਿਆ ਮੰਤਰੀ ਨੇ ਆਪਣੇ ਸੰਬੋਧਨ ਵਿੱਚ ਇਹ ਵੀ ਕਿਹਾ ਕਿ ਪਿਛਲੇ ਸਾਲ ਸਾਨੂੰ ਨਕਲ਼ ਰੋਕਣ ਦੀ ਖੁਸ਼ੀ ਹੋਈ ਸੀ ਅਤੇ ਇਸ ਵਾਰ ਬਿਹਤਰ ਨਤੀਜਿਆਂ ਦੀ ਆਮਦ ਕਰਕੇ ਉਸ ਤੋਂ ਵੀ ਵੱਧ ਖੁਸ਼ੀ ਹੋਈ ਹੈ। ਉਹਨਾਂ ਨੇ ਕਿਹਾ ਕਿ ਇਨਸਾਨ ਚਾਹੇ ਕਿਸੇ ਵੀ ਉੱਚੇ ਮੁਕਾਮ ‘ਤੇ ਪਹੁੰਚ ਜਾਵੇ ਕਦੇ ਵੀ ਆਪਣੇ ਸਕੂਲ ਅਤੇ ਅਧਿਆਪਕ ਨੂੰ ਨਹੀਂ ਭੁੱਲਦਾ। ਉਹਨਾਂ ਅਧਿਆਪਕਾਂ ਦੀ ਲਗਨ ਅਤੇ ਮਿਹਨਤ ਦੀ ਤਾਰੀਫ਼ ਕਰਦਿਆਂ ਕਿਹਾ ਕਿ ਤੁਸੀਂ ਆਪਣਾ ਫਰਜ਼ ਸਮਝ ਕੇ ਅਸੰਭਵ ਨੂੰ ਸੰਭਵ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਸਰਕਾਰੀ ਸਕੂਲ ਨੂੰ ਫੰਡਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ ਅਤੇ ਅਧਿਆਪਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ।
ਸਿੱਖਿਆ ਮੰਤਰੀ ਨੇ ਆਪਣੇ ਮੁਖ਼ਾਤਬ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਕਾਰਜਸ਼ੈਲੀ ਦੀ ਖੁੱਲ੍ਹ ਕੇ ਤਾਰੀਫ਼ ਕੀਤੀ। ਉਹਨਾਂ ਕਿਹਾ ਕਿ ਸਿੱਖਿਆ ਵਿਭਾਗ ਵਿੱਚ ਸਾਡੀ ਸਮੁੱਚੀ ਟੀਮ ਦਾ ਤਾਲਮੇਲ ਕਾਬਿਲ-ਏ-ਤਾਰੀਫ਼ ਹੈ। ਉਹਨਾਂ ਕਿਹਾ ਕਿ ਅਗਲੇ ਸਾਲ ਅਸੀਂ ਹੋਰ ਮਿਹਨਤ ਕਰਕੇ ਨਤੀਜਿਆਂ ਵਿੱਚ ਹੋਰ ਸੁਧਾਰ ਕਰਾਂਗੇ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਸਿੱਖਿਆ ਮੰਤਰੀ ਅਤੇ ਤਿੰਨਾਂ ਜ਼ਿਲ੍ਹਿਆਂ ਤੋਂ ਆਏ ਜ਼ਿਲ੍ਹਾ ਸਿੱਖਿਆ ਅਫਸਰਾਂ, ਉੱਪ-ਜ਼ਿਲ੍ਹਾ ਸਿੱਖਿਆ ਅਫ਼ਸਰਾਂ, ਪ੍ਰਿੰਸੀਪਲ ਡਾਇਟ, ਜ਼ਿਲ੍ਹਾ ਸਿੱਖਿਆ ਸੁਧਾਰ ਟੀਮਾਂ ਅਤੇ ਸਮੂਹ ਸਕੂਲ ਮੁਖੀਆਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਇਸ ਵਾਰ ਛੇ ਸਰਹੱਦੀ ਜ਼ਿਲ੍ਹਿਆਂ ਦੇ ਨਤੀਜੇ ਸ਼ਾਨਦਾਰ ਆਏ ਹਨ ਅਤੇ ਉਸ ਖਿੱਤੇ ਵਿੱਚੋਂ ਨਕਲ਼ ਦਾ ਮੁਕੰਮਲ ਸਫ਼ਾਇਆ ਕਰ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਪੜ੍ਹਾਈ ਦਾ ਸੁਖਾਵਾਂ ਮਾਹੌਲ ਬਣਿਆ ਹੋਇਆ ਹੈ ਅਤੇ ਅਧਿਆਪਕ ਹਰ ਥਾਂ ਵਿਦਿਆਰਥੀਆਂ ਦੀ ਪੜ੍ਹਾਈ ਸਬੰਧੀ ਗੱਲ ਕਰਦੇ ਹਨ। ਉਹਨਾਂ ਇਹ ਵੀ ਕਿਹਾ ਕਿ ਸਮਾਜ ਨੂੰ ਸਾਡੇ ਅਧਿਆਪਕਾਂ ਤੋਂ ਬਹੁਤ ਵੱਡੀਆਂ ਆਸਾਂ ਹਨ। ਇਸ ਸਾਲ ਚੰਗੇ ਨਤੀਜੇ ਆਉਣ ਨਾਲ਼ ਅਗਲੇ ਸਾਲ ਲਈ ਅਧਿਆਪਕਾਂ ਦੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ।
ਅੱਜ ਦੇ ਸਨਮਾਨ ਸਮਾਰੋਹ ਵਿੱਚ ਅੰਮ੍ਰਿਤਸਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਸਲਵਿੰਦਰ ਸਿੰਘ, ਜਲੰਧਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ), ਹਰਵਿੰਦਰਪਾਲ ਸਿੰਘ ਅਤੇ ਤਰਨਤਾਰਨ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਨਿਰਮਲ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੋਕੇ ਡਾਇਰੈਕਟਰ ਐਲੀਮੈਂਟਰੀ ਸਿੱਖਿਆ ਇੰਦਰਜੀਤ ਸਿੰਘ, ਬੋਰਡ ਦੇ ਵਾਇਸ ਚੈਅਰਮੈਨ ਡਾ.ਬਲਦੇਵ ਸਚਦੇਵਾ ਤੋਂ ਇਲਾਵਾ ਸਿੱਖਿਆ ਵਿਭਾਗ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉੱਚ-ਅਧਿਕਾਰੀ ਵੀ ਹਾਜ਼ਰ ਸਨ