ਪਟਿਆਲਾ, 2 ਜੂਨ 2019 - ਪਟਿਆਲਾ ਦੀ ਮੌਜ਼ੂਦਾ ਐੱਮਪੀ ਪ੍ਰਨੀਤ ਕੌਰ ਦੇ ਸੱਟ ਲੱਗਣ ਦੀ ਖ਼ਬਰ ਹੈ। ਸੱਟ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਗਿਆ। ਇਲਾਜ ਤੋਂ ਬਾਅਦ ਅੱਜ ਐੱਮਪੀ ਪ੍ਰਨੀਤ ਕੌਰ ਨੂੰ ਹਸਪਤਾਲ 'ਚੋਂ ਛੁੱਟੀ ਦੇ ਦਿੱਤੀ ਗਈ।
ਮਿਲੀ ਜਾਣਕਾਰੀ ਅਨੁਸਾਰ ਐੱਮਪੀ ਪ੍ਰਨੀਤ ਕੌਰ ਅਚਾਨਕ ਡਿੱਗ ਗਏ, ਜਿਸ ਕਾਰਨ ਉਨ੍ਹਾਂ ਨੂੰ ਸੱਟ ਲੱਗ ਗਈ। ਪ੍ਰਨੀਤ ਕੌਰ ਨਾਲ ਇਹ ਘਟਨਾ ਇੰਡੀਅਨ ਨੈਸ਼ਨਲ ਕਾਂਗਰਸ ਦੀ ਸੰਸਦੀ ਕਮੇਟੀ ਦੀ ਬੈਠਕ ਤੋਂ ਬਾਅਦ ਦਿੱਲੀ 'ਚ ਵਾਪਰੀ। ਇਸ ਗੱਲ ਦਾ ਖੁਲਾਸਾ ਇੱਕ ਸਰਕਾਰੀ ਅਧਿਕਾਰੀ ਨੇ ਕੀਤਾ। ਅਧਿਕਾਰੀ ਨੇ ਅੱਗੇ ਜਾਣਕਾਰੀ ਦਿੰਦੇ ਦੱਸਿਆ ਕਿ ਡਾਕਟਰਾਂ ਵੱਲੋਂ ਪ੍ਰਨੀਤ ਕੌਰ ਨੂੰ ਅਗਲੇ 10 ਦਿਨਾਂ ਲਈ ਪੂਰੀ ਤਰ੍ਹਾਂ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਨਾ ਤਾਂ ਉਹ ਕਿਸੇ ਨੂੰ ਮਿਲਣਗੇ ਅਤੇ ਨਾ ਹੀ ਕਿਸੇ ਨਾਲ ਫ਼ੋਨ 'ਤੇ ਗੱਲਬਾਤ ਕਰਨਗੇ।