ਚੰਡੀਗੜ੍ਹ, 15 ਜੂਨ 2019 - ਪੀ.ਜੀ.ਆਈ. ਰੋਹਤਕ ਵਿਚ ਬਾਲ ਡਾਕਟਰੀ ਵਿਚ ਐਮ.ਡੀ. (ਡਾਕਟਰ ਆਫ ਮੈਡੀਸਨ) ਦੀ ਪੜ੍ਹਾਈ ਕਰਨ ਵਾਲੇ 30 ਸਾਲਾ ਡਾਕਟਰ ਨੇ ਵੀਰਵਾਰ ਨੂੰ ਹਸਪਤਾਲ ਦੇ ਕੈਂਪਸ ਵਿਚ ਆਪਣੇ ਹੋਸਟਲ ਵਿਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਕਰਨਾਟਕਾ ਦੇ ਧਾਰਵਾੜ ਦੇ ਡਾ. ਓਮਕਾਰ ਨੇ ਆਪਣੀ ਭੈਣ ਦੇ ਵਿਆਹ ਲਈ ਛੁੱਟੀ ਤੋਂ ਨਾਂਹ ਹੋਣ ਤੋਂ ਬਾਅਦ ਕਥਿਤ ਤੌਰ 'ਤੇ ਇਹ ਕਦਮ ਚੁੱਕਿਆ ਸੀ। ਡਾ. ਓਮਕਾਰ ਨੇ ਆਪਣੀ ਭੈਣ ਨੂੰ ਤੋਹਫੇ ਵਜੋਂ ਖਰੀਦੇ ਦੁਪੱਟੇ ਨਾਲ ਛੱਤ ਦੇ ਪੱਖੇ ਨਾਲ ਫਾਹਾ ਲੈ ਲਿਆ।
ਉੱਧਰ ਡਾਕਟਰ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਹਸਪਤਾਲ 'ਚ ਹਾਲਾਤ ਤਣਾਅਪੂਰਨ ਹੋ ਗਏ। ਇਸ ਘਟਨਾ ਤੋਂ ਬਾਅਦ ਇੱਥੇ ਡਾਕਟਰ ਹੜਤਾਲ 'ਤੇ ਚਲੇ ਗਏ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਰੋਹਤਕ ਐਸ.ਐਚ.ਓ. ਇੰਸਪੈਕਟਰ ਕੈਲਾਸ਼ ਚੰਦਰ ਨੇ ਕਿਹਾ ਕਿ ਡਾਕਟਰ ਨੂੰ ਵਿਭਾਗ ਦੇ ਮੁਖੀ ਡਾ. ਗੀਤਾ ਗਥਵਾਲ ਵੱਲੋਂ ਕਥਿਤ ਤੌਰ 'ਤੇ ਦਿਮਾਗੀ ਪ੍ਰੇਸ਼ਾਨ ਕੀਤਾ ਗਿਆ ਜਿਸ ਕਾਰਨ ਉਸਨੇ ਇਹ ਕਦਮ ਚੁੱਕਿਆ। ਉਨ੍ਹਾਂ ਕਿਹਾ ਕਿ ਵਿਭਾਗ ਦੇ ਮੁਖੀ ਨੂੰ ਇਸ ਖੁਦਕੁਸ਼ੀ ਤੋਂ ਬਾਅਦ ਕੇਸ ਦਰਜ ਕੀਤਾ ਗਿਆ ਹੈ।