ਚੰਡੀਗੜ੍ਹ, 15 ਜੂਨ 2019 - ਬੀਤੇ ਦਿਨ ਮੁਕਤਸਰ ਸਾਹਿਬ ਦੇ ਵਾਰਡ ਨੰਬਰ 29 ਦੇ ਕੌਂਸਲਰ ਦੇ ਭਰਾ ਵੱਲੋਂ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਇੱਕ ਔਰਤ ਨਾਲ ਬੇਰਹਿਮੀ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸਦੀ ਵੀਡੀੳ ਕੁਝ ਮਿੰਟਾਂ 'ਚ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਔਰਤ ਦੀ ਕੁੱਟਮਾਰ ਦੀ ਵੀਡੀੳ ਉਸ ਔਰਤ ਦੇ 9 ਸਾਲਾ ਬਹਾਦੁਰ ਬੱਚੇ ਵੱਲੋਂ ਬੜੀ ਹੀ ਸਮਝਦਾਰੀ ਨਾਲ ਬਣਾ ਲਈ ਗਈ ਸੀ, ਜਿਸ ਕਾਰਨ ਪੁਲਿਸ ਨੇ ਕੁਝ ਘੰਟਿਆਂ 'ਚ ਹੀ ਦੋਸ਼ੀਆਂ ਨੂੰ ਪਛਾਣ ਕੇ ਕਾਬੂ ਕਰ ਲਿਆ।
ਇਸ ਬੱਚੇ ਦੀ ਬਹਾਦਰੀ ਲਈ ਪੰਜਾਬ ਹਰਿਆਣਾ ਹਾਈਕੋਰਟ ਦੇ ਵਕੀਲ ਐਚ.ਸੀ. ਅਰੋੜਾ ਵੱਲੋਂ ਪੰਜਾਬ ਮੁੱਖ ਮੰਤਰੀ ਕੋਲ ਅਪੀਲ ਕੀਤੀ ਗਈ ਹੈ ਕਿ ਇਹੋ ਜਿਹੇ ਬਹਾਦਰ ਬੱਚੇ ਨੂੰ ਖਾਸ ਐਵਾਰਡ ਦੇ ਕੇ ਸਨਮਾਨਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬੱਚੇ ਵੱਲੋਂ ਸਹੀ ਸਮੇਂ 'ਤੇ ਸੂਝਤਾ ਦਿਖਾਉਂਦੇ ਹੋਏ ਵੀਡੀੳ ਬਣਾਏ ਜਾਣ ਕਾਰਨ ਹੀ ਦੋਸ਼ੀਆਂ ਨੂੰ ਸਹੀ ਸਮੇਂ 'ਤੇ ਫੜਿਆ ਜਾ ਸਕਿਆ ਹੈ। ਜਿਸ ਕਾਰਨ ਉਸ ਬੱਚੇ ਨੂੰ ਸਨਮਾਨਤ ਕਰਨਾ ਚਾਹੀਦਾ ਹੈ।