ਦੇਵਾ ਨੰਦ ਸ਼ਰਮਾ
ਕੋਟਕਪੂਰਾ, 17 ਜੂਨ - ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈਐਮਏ) ਦੇ ਸੱਦੇ 'ਤੇ ਆਈਐਮਏ ਅਤੇ ਆਈਡੀਏ ਕੋਟਕਪੂਰਾ ਦੇ ਸਮੂਹ ਡਾਕਟਰਾਂ ਨੇ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਬਾਕੀ ਸਾਰੀਆਂ ਸਿਹਤ ਸੁਵਿਧਾਵਾਂ ਅਰਥਾਤ ਸੇਵਾਵਾਂ ਦਾ ਮੁਕੰਮਲ ਬਾਈਕਾਟ ਕਰਦਿਆਂ ਦੇਸ਼ ਭਰ 'ਚ ਡਾਕਟਰਾਂ ਨਾਲ ਹੋ ਰਹੀਆਂ ਧੱਕੇਸ਼ਾਹੀਆਂ ਅਤੇ ਬਦਸਲੂਕੀ ਦੀਆਂ ਘਟਨਾਵਾਂ ਦੀ ਪੁਰਜੋਰ ਸ਼ਬਦਾਂ 'ਚ ਨਿੰਦਾ ਕੀਤੀ। ਸਥਾਨਕ ਸਿਵਲ ਹਸਪਤਾਲ ਵਿਖੇ ਡਾ ਕੁਲਦੀਪ ਧੀਰ ਸੀਨੀਅਰ ਮੈਡੀਕਲ ਅਫਸਰ ਨੂੰ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਸੋਂਪਦਿਆਂ ਆਈਐਮਏ ਦੇ ਸਥਾਨਕ ਪ੍ਰਧਾਨ ਡਾ. ਰਮੇਸ਼ ਚੰਦਰ ਗਰਗ ਦੀ ਅਗਵਾਈ ਹੇਠ ਸਮੂਹ ਡਾਕਟਰਾਂ ਨੇ ਦੱਸਿਆ ਕਿ ਉਕਤ ਬਾਈਕਾਟ ਮਰੀਜਾਂ, ਉਨਾ ਦੇ ਰਿਸ਼ਤੇਦਾਰਾਂ ਅਤੇ ਸ਼ਰਾਰਤੀ ਅਨਸਰਾਂ ਵਲੋਂ ਹਸਪਤਾਲਾਂ 'ਚ ਜਾ ਕੇ ਡਾਕਟਰਾਂ ਨਾਲ ਕੁੱਟਮਾਰ ਜਾਂ ਗਾਲੀ ਗਲੋਚ ਕਰਨ ਦੇ ਵਿਰੁੱਧ ਰੋਸ ਵਜੋਂ ਕੀਤਾ ਗਿਆ। ਡਾਕਟਰਾਂ ਦੇ ਵਫਦ ਤੋਂ ਮੰਗ ਪੱਤਰ ਪ੍ਰਾਪਤ ਕਰਨ ਮੌਕੇ ਡਾ. ਕੁਲਦੀਪ ਧੀਰ ਦੇ ਨਾਲ ਇੰਸਪੈਕਟਰ ਸੰਜੀਵ ਕੁਮਾਰ ਐਸਐਚਓ ਥਾਣਾ ਸਿਟੀ ਕੋਟਕਪੂਰਾ ਵੀ ਸਨ।
ਐਸਐਚਓ ਨੇ ਡਾਕਟਰਾਂ ਦੇ ਵਫਦ ਨੂੰ ਵਿਸ਼ਵਾਸ਼ ਦਿਵਾਇਆ ਕਿ ਕਿਸੇ ਵੀ ਡਾਕਟਰ ਜਾਂ ਹਸਪਤਾਲ ਵਿਰੁੱਧ ਅਜਿਹੀ ਗੈਰ ਕਾਨੂੰਨੀ ਕਾਰਵਾਈ ਕਰਨ ਦੀ ਆਮ ਲੋਕਾਂ ਨੂੰ ਇਜਾਜਤ ਨਹੀਂ ਦਿੱਤੀ ਜਾਵੇਗੀ, ਅਜਿਹਾ ਬਰਦਾਸ਼ਤ ਨਹੀਂ ਹੋਵੇਗਾ। ਬਲਕਿ ਸਬੰਧਤ ਸ਼ਰਾਰਤੀ ਲੋਕਾਂ ਖਿਲਾਫ ਤੁਰਤ ਆਈਪੀਸੀ ਦੀਆਂ ਬਣਦੀਆਂ ਧਰਾਵਾਂ ਲਾਈਆਂ ਜਾਣਗੀਆਂ। ਮੰਗ ਪੱਤਰ ਸੋਂਪਣ ਤੋਂ ਪਹਿਲਾਂ ਡਾਕਟਰਾਂ ਨਾਲ ਹੁੰਦੀਆਂ ਵਧੀਕੀਆਂ ਬਾਰੇ ਆਈਐਮਏ ਵਲੋਂ ਡਾ. ਪੀ.ਐਸ. ਬਰਾੜ, ਡਾ. ਰਵੀ ਬਾਂਸਲ, ਡਾ. ਪੀ.ਪੀ. ਬਾਂਸਲ, ਡਾ. ਟੋਨੀ ਕਟਾਰੀਆ, ਡਾ. ਰਮਿੰਦਰ ਨਾਰੰਗ, ਡਾ. ਪਰਮਜੀਤ ਸਿੰਘ ਸੰਧੂ, ਡਾ. ਜਸਬੀਰ ਸਿੰਘ, ਡਾ. ਪਰਮਪਾਲ ਸਿੰਘ ਬਰਾੜ, ਡਾ. ਸੋਰਬ ਕਪੂਰ ਆਦਿ ਨੇ ਵੀ ਵਿਸਥਾਰ ਸਹਿਤ ਆਪਣੇ ਵਿਚਾਰ ਸਾਂਝੇ ਕੀਤੇ