ਮੋਹਾਲੀ/ਚੰਡੀਗੜ੍ਹ,24 ਜੂਨ 2019 ਸਿਹਤ ਵਿਭਾਗ ਪੰਜਾਬ ਵਿੱਚ ਮਲਟੀਪਰਪਜ਼ ਹੈਲਥ ਵਰਕਰਾਂ ਦੀ ਨਵੀਂ ਭਰਤੀ ਦੀ ਮੰਗ ਨੂੰ ਲੈ ਕੇ ਸਾਬਕਾ ਸਿਹਤ ਮੰਤਰੀ ਦੇ ਨੱਕ ਵਿੱਚ ਦਮ ਕਰਨ ਵਾਲੀ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਨੇ ਹੁਣ ਨਵੇਂ ਸਿਹਤ ਮੰਤਰੀ ਬਲਵੀਰ ਸਿੱਧੂ ਨੂੰ ਡਿਪਟੀ ਕਮਿਸ਼ਨਰਾਂ ਰਾਹੀ ਮੰਗ ਪੱਤਰ ਭੇਜਣ ਮਗਰੋਂ ਮੋਹਾਲੀ ਵਿਖੇ ਰਿਹਾਇਸ਼ ਦਾ ਘਿਰਾਓ ਕਰਨ ਜਾ ਰਹੇ ਨੇ।
ਯੂਨੀਅਨ ਦੇ ਸੂਬਾ ਆਗੂ ਸੋਨੀ ਪਾਇਲ ਨੇ ਦੱਸਿਆ ਕਿ ਬੇਰੁਜ਼ਗਾਰ ਯੂਨੀਅਨ ਨੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਸਿਹਤ ਮਹਿਕਮੇ ਵਿੱਚ ਖਾਲੀ ਪਈਆਂ ਸਾਰੀਆਂ ਅਸਾਮੀਆਂ ਉੱਪਰ ਵਰਕਰ ਭਰਤੀ ਕਰਨ ਦੀ ਮੰਗ ਨੂੰ ਲੈ ਕੇ ਸ਼ੰਘਰਸ਼ ਚੱਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਿਹਤ ਮਹਿਕਮੇ ਵਿੱਚ ਸਿਹਤ ਵਰਕਰ੍ਰਮੇਲ ਦੀਆ ਹਜਾਰਾਂ ਅਸਾਮੀਆਂ ਖਾਲੀ ਪਈਆ ਹਨ ਅਤੇ ਦੂਜੇ ਪਾਸੇ 3800 ਦੇ ਕਰੀਬ ਬੇਰੁਜ਼ਗਾਰ ਹਨ ਅਤੇ ਇਨ੍ਹਾਂ ਵਿਚੋਂ ਸੈਂਕੜੇ ਉਮਰ ਹੱਦ ਪੁਗਾ ਚੁੱਕੇ ਹਨ।ਉਨਾ ਅੱਗੇ ਦੱਸਿਆ ਕਿ ਕਰੀਬ ਇੱਕ ਮਹੀਨਾ ਬੀਤਣ ਮਗਰੋ ਅਤੇ ਡਿਪਟੀ ਕਮਿਸ਼ਨਰਾਂ ਰਾਹੀ ਭੇਜੇ ਮੰਗ ਪੱਤਰ ਪ੍ਰਾਪਤ ਹੋਣ ਮਗਰੋਂ ਵੀ ਸਿਹਤ ਮੰਤਰੀ ਸ੍ਰੀ ਸਿੱਧੂ ਬੇਰੁਜ਼ਗਾਰਾਂ ਪ੍ਰਤੀ ਸੁਹਿਰਦਤਾ ਨਹੀਂ ਵਿਖਾ ਰਹੇ।ਇਸ ਲਈ ਯੂਨੀਅਨ ਉਨਾਂ ਦੀ ਮੋਹਾਲੀ ਦੇ 7 ਫੇਜ,ਸੈਕਟਰ-61 ਵਿੱਚਲੀ ਨਿੱਜੀ ਰਿਹਾਇਸ਼ ਦਾ ਘਿਰਾਓ ਕਰੇਗੀ।ਉਨਾਂ ਬੇਰੁਜ਼ਗਾਰਾਂ ਨੂੰ ਰਿਹਾਇਸ਼ ਨੇੜਲੇ ਕਮਿਊਨਟੀ ਸੈਂਟਰ ਸਾਹਮਣੇ ਇਕੱਠੇ ਹੋਣ ਦੀ ਅਪੀਲ ਕੀਤੀ।
ਮੰਗਾਂ
1. ਸਰਕਾਰੀ ਹਸਪਤਾਲਾਂ 'ਚ ਖਾਲੀ ਮਲਟੀਪਰਪਜ਼ ਹੈਲਥ ਵਰਕਰਾਂ ਦੀਆਂ ਸਾਰੀ ਅਸਾਮੀਆਂ ਰੈਗੂਲਰ ਅਤੇ ਉਮਰ ਹੱਦ ਵਿੱਚ ਚਾਰ ਸਾਲ ਛੋਟ ਦੇ ਕੇ ਆਧਾਰ 'ਤੇ ਭਰੀਆਂ ਜਾਣ।
2. ਆਬਾਦੀ ਮੁਤਾਬਿਕ ਹੋਰ ਪੈਦਾ ਹੋਣ ਵਾਲੀਆਂ ਸਿਹਤ ਵਰਕਰ ਦੀਆਂ ਅਸਾਮੀਆਂ ਨੂੰ ਮਨਜੂਰੀ ਦਿੱਤੀ ਜਾਵੇ।
3 ਭਰਤੀ ਪ੍ਰਕਿਰਿਆ ਨੂੰ ਨਿਰਧਾਰਿਤ ਦਿਨਾਂ ਵਿਚ ਪੂਰਾ ਕੀਤਾ ਜਾਵੇ।
4 ਨਿੱਜੀਕਰਨ ਦੀ ਨੀਤੀ ਬੰਦ ਕੀਤੀ ਜਾਵੇ।
5- ਸਰਕਾਰੀ ਹਸਪਤਾਲਾਂ ਵਿੱਚ ਲੋੜੀਦੀਆਂ ਸਿਹਤ ਸਹੂਲਤਾਂ ਮੁਹੱਈਆ ਕੀਤੀਆਂ ਜਾਣ।