ਮੋਹਾਲੀ, 27 ਜੂਨ 2019 - ਤਰਕਸ਼ੀਲ ਸੁਸਾਇਟੀ ਪੰਜਾਬੀ ਦੀ ਇਕਾਈ ਮੋਹਾਲੀ ਨੇ ਪ੍ਰਾਇਮਰੀ ਹੈਲਥ ਸੈਂਟਰ, ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫਸਰ ਡਾ. ਦਲੇਰ ਸਿੰਘ ਮੁਲਤਾਨੀ ਦੀ ਸਿਹਤ ਵਿਭਾਗ ਵੱਲੋਂ 300 ਕਿੱਲੋਮੀਟਰ ਦੂਰ ਰਾਜਸਥਾਨ ਦੇ ਨੇੜੇ ਕੀਤੀ ਬਦਲੀ ਦੀ ਨਿਖੇਧੀ ਕੀਤੀ ਹੈ। ਅੱਜ ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਬਲੌਂਗੀ ਤੋਂ ਜਾਰੀ ਬਿਆਨ ਵਿੱਚ ਸੁਸਾਇਟੀ ਦੀ ਇਕਾਈ ਮੋਹਾਲੀ ਦੇ ਸੀਨੀਅਰ ਆਗੂ ਜਰਨੈਲ ਕ੍ਰਾਂਤੀ ਨੇ ਕਿਹਾ ਕਿ ਇਮਾਨਦਾਰ ਅਫਸਰ ਦੀ ਰਾਜਸਥਾਨ ਦੇ ਨੇੜੇ ਫਾਜ਼ਿਲਕਾ ਜਿਲ੍ਹੇ ਦੇ ਹਸਪਤਾਲ ਵਿਚ ਕੀਤੀ ਗਈ ਬਦਲੀ ਸੌੜੇ ਸਿਆਸੀ ਹਿੱਤਾਂ ਤੋਂ ਪ੍ਰੇਰਿਤ ਜਾਪਦੀ ਹੈ।
ਉਹਨਾਂ ਕਿਹਾ ਕਿ ਡਾ. ਮੁਲਤਾਨੀ ਇੱਕ ਇਮਾਨਦਾਰ ਡਾਕਟਰ ਹਨ ਅਤੇ ਉਹ ਲੋਕਾਂ ਦੀ ਸੇਵਾ ਦੇ ਨਾਲ-ਨਾਲ ਵਿਭਾਗ ਦੇ ਗਲਤ ਫੈਸਲਿਆਂ ਨੂੰ ਵੀ ਉਜਾਗਰ ਕਰ ਕੇ ਆਲੋਚਨਾ ਕਰਦੇ ਰਹਿੰਦੇ ਹਨ। ਉਹਨਾਂ ਕਿਹਾ ਕਿ ਡਾਕਟਰ ਮੁਲਤਾਨੀ ਨੇ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੀ ਥੋੜੇ ਸਮੇਂ ਵਿੱਹ ਹੀ ਨੁਹਾਰ ਬਦਲੀ ਹੈ ਤੇ ਹੁਣ ਲੋਕ ਉਹਨਾਂ ਦੀ ਬਦਲੀ ਤੋਂ ਖੁਸ਼ ਨਹੀਂ ਹਨ।
ਸ਼੍ਰੀ ਕ੍ਰਾਂਤੀ ਨੇ ਕਿਹਾ ਕਿ ਅਜਿਹਾ ਲਗਦਾ ਹੈ ਕਿ ਡਾ. ਦਲੇਰ ਸਿੰਘ ਮੁਲਤਾਨੀ ਨੂੰ ਉਹਨਾਂ ਦੇ ਉਕਤ ਕਾਰਜਾਂ ਦੀ ਸਜ਼ਾ ਸੂਬੇ ਦੇ ਇੱਕ ਪਾਸੇ ਤੋਂ ਬਿਲਕੁਲ ਦੂਜੇ ਪਾਸੇ ਬਦਲੀ ਕਰਕੇ ਦਿੱਤੀ ਜਾ ਰਹੀ ਹੈ। ਤਰਕਸ਼ੀਲ ਆਗੂ ਨੇ ਸਿਹਤ ਮੰਤਰੀ ਵੱਲੋਂ ਬਦਲੀ ਸੰਬੰਧੀ ਦਿੱਤੀ ਸਫਾਈ ਦੀ ਆਲੋਚਨਾ ਕਰਦਿਆਂ ਕਿਹਾ ਕਿ ਰੂਟੀਨ ਦੀ ਬਦਲੀ 300 ਕਿਲੋਮੀਟਰ ਦੂਰ ਕਿਸੇ ਪਾਸਿਓਂ ਵੀ ਜਾਇਜ਼ ਨਹੀਂ।
ਉਹਨਾਂ ਕਿਹਾ ਕਿ ਸਿਹਤ ਮੰਤਰੀ ਅਖਬਾਰਾਂ 'ਚ ਬਿਆਨ ਦੇ ਰਹੇ ਹਨ ਕਿ ਡਾ. ਮੁਲਤਾਨੀ ਦੇ ਅਜੇ ਪੰਜ ਸਾਲ ਸਰਵਿਸ ਦੇ ਪਏ ਹਨ ਜਦਕਿ ਸੱਚਾਈ ਇਹ ਹੈ ਕਿ ਉਹਨਾਂ ਦੀ ਸਰਵਿਸ ਦੇ ਸਿਰਫ 5 ਮਹੀਨੇ ਬਾਕੀ ਹਨ ਤੇ ਨਿਯਮਾਂ ਮੁਤਾਬਿਕ ਇਸ ਸਟੇਜ 'ਤੇ ਬਦਲੀ ਨਹੀਂ ਹੋਣੀ ਚਾਹੀਦੀ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੋਕ ਭਾਵਨਾ ਨੂੰ ਸਮਝਦਿਆਂ ਡਾ. ਦਲੇਰ ਸਿੰਘ ਮੁਲਤਾਨੀ ਦੀ ਬਦਲੀ ਨੂੰ ਤੁਰੰਤ ਰੱਦ ਕੀਤਾ ਜਾਵੇ ਅਤੇ ਸਰਕਾਰੀ ਸੇਵਾ 'ਚ ਇਮਾਨਦਾਰੀ ਨਾਲ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਅਜ਼ਾਦਾਨਾ ਢੰਗ ਨਾਲ ਕੰਮ ਕਰਨ ਦਿੱਤਾ ਜਾਵੇ।