ਸਾਈਕਲਿੰਗ, ਬਾਸਕਟਬਾਲ, ਬੈਡਮਿੰਟਨ ਅਤੇ ਸਵੀਮਿੰਗ ਵਰਗੀਆਂ ਖੇਡਾਂ ਦਾ ਹੈ ਖਾਸ਼ ਪ੍ਰਬੰਧ
ਨਾਟਕ ਜਾਂ ਹੋਰ ਸਭਿਆਚਾਰਕ ਗਤੀਵਿਧੀਆਂ ਲਈ ਤਿਆਰ ਕੀਤਾ ਗਿਆ ਹੈ ਓਪਨ ਏਅਰ ਥਿਏਟਰ
ਰੰਗਦਾਰ ਫੁਹਾਰਿਆਂ ਅਤੇ ਮਿਉਜ਼ਿਕ ਸਿਸਟਮ ਨਾਲ ਹੋਵੇਗਾ ਰੇਨ ਡਾਂਸ
ਮਾਨਸਾ, 12 ਜੁਲਾਈ 2019: ਇੱਕ ਪਾਸੇ ਜਿੱਥੇ 3ਡੀ ਪ੍ਰੋਜੈਕਟ ਚਲਾ ਕੇ ਮਾਨਸਾ ਨੂੰ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਪੱਬਾਂ ਭਾਰ ਹੈ, ਉਥੇ ਇਸ ਨੂੰ ਸੁੰਦਰ ਦਿੱਖ ਅਤੇ ਲੋਕਾਂ ਦਾ ਆਕਰਸ਼ਣ ਬਣਾਉਣ ਲਈ ਮਾਨਸਾ ਦੇ ਗਊਸ਼ਾਲਾ ਭਵਨ ਰੋਡ 'ਤੇ 33 ਏਕੜ ਵਿੱਚ ਫੈਲੇ ਵਾਟਰ ਵਰਕਸ ਦੀ ਖਾਲੀ ਜਗ੍ਹਾ 'ਤੇ ਪਾਰਕ ਅਤੇ ਖੇਡਾਂ ਦੇ ਜੋਨ ਬਣਾਉਣ ਦੀ ਉਸਾਰੀ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਲੋਕਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਦੇ ਮੰਤਵ ਨਾਲ ਬਣਾਏ ਜਾ ਰਹੇ ਇਸ ਵਾਟਰ ਵਰਕਸ ਦੀ ਉਸਾਰੀ ਦਾ ਕੰਮ 90 ਫੀਸਦੀ ਤੱਕ ਮੁਕੰਮਲ ਹੋ ਚੁੱਕਾ ਹੈ ਅਤੇ ਜਲਦ ਹੀ ਇਸ ਨੂੰ ਮੁਕੰਮਲ ਰੂਪ ਵਿੱਚ ਤਿਆਰ ਕਰ ਕੇ ਜ਼ਿਲ੍ਹਾ ਵਾਸੀਆਂ ਦੇ ਸਪੁਰਦ ਕਰ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਰਿਆਤ ਨੇ ਦੱਸਿਆ ਕਿ ਮਾਨਸਾ ਅੰਦਰ ਕੋਈ ਵੀ ਅਜਿਹਾ ਪਾਰਕ ਜਾਂ ਸਥਾਨ ਨਹੀਂ ਸੀ ਜਿੱਥੇ ਲੋਕ ਸੈਰ ਕਰ ਸਕਣ ਜਾਂ ਖੁਬਸੂਰਤ ਅਤੇ ਮਨਮੋਹਕ ਫੁੱਲਾਂ ਵਿੱਚ ਹਰਿਆਲੀ ਦਾ ਆਨੰਦ ਮਾਣ ਸਕਣ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਸੇ ਸੋਚ ਨੂੰ ਮੁੱਖ ਰੱਖਦਿਆਂ ਵਾਟਰ ਵਰਕਸ ਵਿੱਚ ਇੱਕ ਮਨਮੋਹਕ ਪਾਰਕ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਪਾਰਕ ਵਿੱਚ ਅੰਦਰ ਜਾਣ ਦਾ ਰਸਤਾ ਪਹਿਲਾਂ ਕੇਵਲ 8 ਫੁੱਟ ਹੀ ਸੀ, ਜਿਸਨੂੰ ਚੌੜਾ ਕਰਕੇ 20 ਫੁੱਟ ਤੱਕ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪਾਰਕ ਵਿੱਚ ਅੰਦਰ ਵੜਦਿਆਂ ਹੀ ਲੋਕਾਂ ਨੂੰ ਖੁਸ਼ਬੂਦਾਰ ਫੁੱਲਾਂ ਦੀ ਮਹਿਕ ਆਪਣੇ ਵੱਲ ਆਕਰਸ਼ਿਕ ਕਰਦੀ ਹੈ ਅਤੇ ਚਾਰੇ ਪਾਸੇ ਫੈਲੀ ਹਰਿਆਲੀ ਇੱਕ ਅਲੱਗ ਹੀ ਆਨੰਦ ਦੀ ਅਨੁਭੂਤੀ ਹੁੰਦੀ ਹੈ।
੍ਰ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਪਾਰਕ ਵਿੱਚ ਫੁਹਾਰਿਆਂ ਦੀ ਵਿਵਸਥਾ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਧਾਰ 50 ਤੋਂ 60 ਫੁੱਟ ਤੱਕ ਉਪਰ ਜਾਂਦੀ ਹੈ। ਇਸ ਤੋਂ ਇਲਾਵਾ ਬੱਚਿਆਂ ਲਈ ਚਿਲਡਰਨ ਪਲੇ ਜ਼ੋਨ ਵੀ ਤਿਆਰ ਕੀਤਾ ਗਿਆ ਹੈ, ਜਿੱਥੇ ਕਿ ਵੱਖੋ-ਵੱਖਰੇ ਝੂਲੇ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਾਰਕ ਅੰਦਰ ਓਪਨ ਏਅਰ ਥਿਏਟਰ ਵੀ ਤਿਆਰ ਕੀਤਾ ਗਿਆ ਹੈ, ਜਿੱਥੇ ਨਾਟਕ, ਸਕਿੱਟ, ਗੀਤ ਜਾਂ ਕੋਈ ਹੋਰ ਸੱਭਿਆਚਾਰਕ ਗਤੀਵਿਧੀਆਂ ਕੀਤੀਆਂ ਜਾ ਸਕਦੀਆਂ ਹਨ। ਇਸ ਦੇ ਨਾਲ ਹੀ ਰੇਨ ਡਾਂਸ (ਬਰਸਾਤ ਨਾਚ) ਲਈ ਫੁਹਾਰੇ ਲਗਾਏ ਗਏ ਹਨ, ਜਿੱਥੇ ਮਿਉਜ਼ਿਕ ਸਿਸਟਮ ਨਾਲ ਫੁਹਾਰਿਆਂ ਵਿੱਚੋਂ ਬਰਸਾਤ ਵਾਂਗ ਨਿਕਲਦੀਆਂ ਬੂੰਦਾਂ ਦਾ ਨਜ਼ਾਰਾ ਲਿਆ ਜਾ ਸਕੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਖੇਡਾਂ ਦੀ ਗੱਲ ਕਰੀਏ ਤਾਂ ਬਣ ਰਹੇ ਇਸ ਮਨਮੋਹਕ ਵਾਟਰ ਵਰਕਸ ਪਾਰਕ ਵਿੱਚ ਖੇਡਾਂ ਦਾ ਵੀ ਖ਼ਾਸ ਪ੍ਰਬੰਧ ਰੱਖਿਆ ਰੱਖਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਪਾਰਕ ਵਿੱਚ ਕਰੀਬ ਡੇਢ ਕਿਲੋਮੀਟਰ ਸਾਈਕਲਿੰਗ ਟਰੈਕ ਬਣਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਵੀਮਿੰਗ ਪੂਲ, ਬੈਡਮਿੰਟਨ, ਬਾਸਕਟਬਾਲ ਤੋਂ ਇਲਾਵਾ ਓਪਨ ਜਿਮ ਵੀ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਔਰਤਾਂ ਅਤੇ ਬੱਚਿਆਂ ਦੀ ਸੁਰੱਖਿਆ ਲਈ ਪਾਰਕ ਅੰਦਰ ਸੀ.ਸੀ.ਟੀ.ਵੀ. ਕੈਮਰੇ ਵੀ ਲਗਾਏ ਜਾਣਗੇ ਅਤੇ ਸੁਰੱਖਿਆ ਕਰਮੀ ਵੀ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ ਪਾਰਕ ਦੀ ਸੁੰਦਰ ਦਿੱਖ ਬਣਾਈ ਰੱਖਣ ਲਈ ਇੱਕ ਕਮੇਟੀ ਦਾ ਵੀ ਗਠਨ ਕੀਤਾ ਜਾਵੇਗਾ, ਜਿਸ ਵਿੱਚ ਪ੍ਰਸ਼ਾਸ਼ਨ ਤੋਂ ਇਲਾਵਾ ਸ਼ਹਿਰ ਦੇ ਚੰਗੀ ਸੋਚ ਰੱਖਣ ਵਾਲੇ ਮੋਹਤਵਰ ਵਿਅਕਤੀਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸ ਪਾਰਕ ਅੰਦਰ ਓਪਨ ਏਅਰ ਥਿਏਟਰ ਦੀ ਪਿਛਲੇ ਪਾਸੇ ਪੁਰਾਤਨ ਸਭਿਅਤਾ ਦੀ ਝਲਕ ਪੇਸ਼ ਕਰਦਾ ਘਰ ਬਣਾਇਆ ਗਿਆ ਹੈ, ਜੋ ਦਰਸਾਉਂਦਾ ਹੈ ਕਿ ਪ੍ਰਾਚੀਨ ਸਮੇਂ ਦੌਰਾਨ ਲੋਕ ਕਿਸ ਤਰ੍ਹਾਂ ਦੇ ਘਰਾਂ ਵਿੱਚ ਰਹਿੰਦੇ ਸਨ ਅਤੇ ਇਨ੍ਹਾਂ ਘਰਾਂ ਨੂੰ ਕਿਸ ਤਰ੍ਹਾਂ ਚਿਕਨੀ ਮਿੱਟੀ ਜਾਂ ਹੋਰ ਪਦਾਰਥਾਂ ਨਾਲ ਲੀਪ ਕੇ ਰੱਖਿਆ ਜਾਂਦਾ ਸੀ। ਇਸ ਤੋਂ ਇਲਾਵਾ ਸਵੇਰੇ ਸੈਰ ਕਰਨ ਵਾਲੇ ਵਿਅਕਤੀਆਂ ਲਈ ਮਿਊਜ਼ਿਕ ਸਿਸਟਮ ਦਾ ਵੀ ਪ੍ਰਬੰਧ ਹੈ, ਜਿਸ ਵਿੱਚ ਸੈਰ ਕਰਦੇ ਸਮੇਂ ਹਲਕੀ-ਹਲਕੀ ਆਵਾਜ਼ ਵਿੱਚ ਧਾਰਮਿਕ, ਸਭਿਆਚਾਰਕ ਗੀਤ ਜਾਂ ਹਲਕਾ ਸੰਗੀਤ ਚੱਲੇਗਾ, ਜੋ ਸੈਰ ਕਰਨ ਵਾਲਿਆਂ ਦੇ ਦਿਮਾਗ ਨੂੰ ਤਾਜ਼ਗੀ ਪ੍ਰਦਾਨ ਕਰੇਗਾ।
ਉਨ੍ਹਾਂ ਦੱਸਿਆ ਕਿ ਇਸ ਪਾਰਕ ਵਿੱਚ ਹਰ ਪਾਸੇ ਹਰਿਆਲੀ ਹੀ ਹਰਿਆਲੀ ਹੈ, ਜਿੱਥੇ ਫੱਲਦਾਰ ਰੁੱਖ ਅਤੇ ਫੁੱਲਦਾਰ ਪੌਦਿਆਂ ਦਾ ਸੁਹੱਪਣ ਦੇਖਦਿਆਂ ਹੀ ਬਣਦਾ ਹੈ। ਉਨ੍ਹਾਂ ਦੱਸਿਆ ਕਿ ਪਾਰਕ ਵਿੱਚ ਹਰਿਆਲੀ ਨੂੰ ਹੋਰ ਵਧਾਉਣ ਅਤੇ ਪਾਰਕ ਨੂੰ ਹੋਰ ਖ਼ੂਬਸੁਰਤ ਬਣਾਉਣ ਲਈ ਇਸ ਅੰਦਰ 3000 ਪੌਦੇ ਹੋਰ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਬਹੁਤ ਹੀ ਸ਼ਾਂਤੀ ਵਾਲੀ ਜਗ੍ਹਾ ਹੈ, ਜਿੱਥ੍ਰੇ ਅਸੀਂ ਯੋਗਾ ਅਤੇ ਮੈਡੀਟੇਸ਼ਨ ਆਦਿ ਵੀ ਕਰ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਇੱਥੇ ਸੈਰ ਕਰਦੇ ਸਮੇਂ ਥੱਕ ਜਾਣ ਦੌਰਾਨ ਆਰਾਮ ਕਰਨ ਲਈ ਸੀਨੀਅਰ ਸਿਟੀਜ਼ਨਾਂ ਲਈ 2 ਝੌਪੜੀਆਂ ਵੀ ਬਣਾਈਆਂ ਗਈਆਂ ਹਨ, ਜਿਨ੍ਹਾਂ ਹੇਠ ਮੇਜ਼ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਾਰਕ ਵਿੱਚ ਸੋਲਰ ਪਾਵਰ ਪਲਾਂਟ ਵੀ ਲਗਾਇਆ ਗਿਆ ਹੈ, ਜਿਸ ਵਜੋਂ ਪਾਰਕ ਵਿੱਚ ਜਿਨ੍ਹੀ ਵੀ ਬਿਜਲੀ ਖਪਤ ਹੋਵੇਗੀ, ਉਸ ਨੂੰ ਸਪਲਾਈ ਇਸ ਸੋਲਰ ਪਾਵਰ ਪਲਾਂਟ ਰਾਹੀਂ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੱਥੇ ਫੁੱਲਾਂ ਦੀ ਵੱਖੋ-ਵੱਖਰੀਆਂ ਕਿਸਮਾਂ ਦੇ ਸੋਹਣੇ-ਸੋਹਣੇ ਪੌਦੇ ਇਸ ਤਰਤੀਬ ਨਾਲ ਲਗਾਏ ਗਏ ਹਨ, ਜਿਨ੍ਹਾਂ ਨੂੰ ਵੇਖਣ ਤੋਂ ਜਾਪਦਾ ਹੈ ਕਿ ਜਿਵੇਂ ਅਸੀਂ ਫੁੱਲਾਂ ਦੀ ਕਿਸੇ ਗੁਫਾ ਵਿੱਚੋਂ ਲੰਘ ਰਹੀਏ ਹੋਈਏ। ਉਨ੍ਹਾਂ ਦੱਸਿਆ ਕਿ ਪਾਰਕ ਵਿੱਚ 'ਆਈ ਲਵ ਮਾਨਸਾ' ਦਾ ਇੱਕ ਲੋਗੋ ਵੀ ਲਗਾਇਆ ਗਿਆ ਹੈ, ਜੋ ਸਾਨੂੰ ਪ੍ਰੇਰਿਤ ਕਰਦਾ ਹੈ ਕਿ ਆਓ ਅਸੀਂ ਸਾਰੇ ਰੱਲ ਕੇ ਆਪਣੇ ਜ਼ਿਲ੍ਹਾ ਮਾਨਸਾ ਨੂੰ ਸਾਫ਼-ਸੁਥਰਾ ਰੱਖੀਏ ਅਤੇ ਇਸਨੂੰ ਸੁੰਦਰ ਦਿੱਖ ਪ੍ਰਦਾਨ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਈਏ। ਉਨ੍ਹਾਂ ਦੱਸਿਆ ਕਿ ਪਾਰਕ ਨੂੰ ਸਾਫ਼-ਸੁੱਥਰਾ ਰੱਖਣ ਲਈ ਪਾਰਕ ਵਿੱਚ ਫੈਨਸੀ ਡਸਟਬਿਨ ਵੀ ਜਗ੍ਹਾ-ਜਗ੍ਹਾ 'ਤੇ ਰੱਖੇ ਗਏ ਹਨ