ਬਟਾਲਾ, 18 ਜੁਲਾਈ 2019- ਭਾਰਤ-ਪਾਕਿਸਤਾਨ ਸਰਹੱਦ ਨੇੜੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨੜਾਂਵਾਲੀ ਦੇ ਸਰਕਾਰੀ ਸਕੂਲ ਨੂੰ ਦੇਖ ਕੇ ਸਾਰੇ ਲੋਕ ਦੰਗ ਰਹਿ ਜਾਂਦੇ ਹਨ। ਇਸ ਸਕੂਲ ਦੀ ਇਮਾਰਤ ਏਨੀ ਖੂਬਸੂਰਤ ਹੈ ਕਿ ਵੱਡੇ ਤੋਂ ਵੱਡੇ ਨਿੱਜੀ ਸਕੂਲ ਵੀ ਇਸ ਸਾਹਮਣੇ ਫਿੱਕੇ ਪੈਂਦੇ ਦਿਖਾਈ ਦਿੰਦੇ ਹਨ। ਕੁਝ ਸਾਲ ਪਹਿਲਾਂ ਇਹ ਸਕੂਲ ਏਨੀ ਖੂਬਸੂਰਤ ਨਹੀਂ ਸੀ ਅਤੇ ਇਹ ਇਮਾਰਤ ਖੰਡਰ ਵਿੱਚ ਤਬਦੀਲ ਹੋ ਚੁੱਕੀ ਸੀ। ਇਸ ਸਕੂਲ ਵਿਚੋਂ ਪੜ੍ਹੇ ਪਿੰਡ ਨੜਾਂਵਾਲੀ ਦੇ ਸਪੂਤ ਕੁਲਜੀਤ ਸਿੰਘ ਗੌਸਲ ਜੋ ਇਸ ਸਮੇਂ ਆਸਟ੍ਰੇਲੀਆ ਵਿੱਚ ਜੇਲ ਅਫ਼ਸਰ ਵਜੋਂ ਤਾਇਨਾਤ ਹਨ ਨੇ ਆਪਣੇ ਸਕੂਲ ਦੀ ਸਾਰ ਲੈਂਦਿਆਂ 80 ਲੱਖ ਰੁਪਏ ਖਰਚ ਕਰਕੇ ਇਸ ਸਕੂਲ ਦਾ ਪੂਰੀ ਤਰਾਂ ਮੁਹਾਂਦਰਾ ਹੀ ਬਦਲ ਦਿੱਤਾ ਹੈ। ਸੱਤ ਸਮੁੰਦਰੋਂ ਪਾਰ ਆਸਟ੍ਰੇਲੀਆ ਦੀ ਧਰਤੀ ਉੱਪਰ ਆਪਣੀ ਮਿਹਨਤ ਦੇ ਦਮ ’ਤੇ ਸਫਲਤਾ ਹਾਸਲ ਕਰਨ ਵਾਲੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਨੜਾਂਵਾਲੀ ਦੇ ਜੰਮਪਲ ਕੁਲਜੀਤ ਸਿੰਘ ਗੌਸਲ ਅੱਜ ਵੀ ਆਪਣੀਆਂ ਜੜ੍ਹਾਂ ਨਾਲ ਜੁੜੇ ਹੋਏ ਹਨ ਅਤੇ ਉਹ ਆਪਣੀ ਜੰਮਣ ਭੋਇੰ ਦੇ ਕਰਜ਼ ਨੂੰ ਉਤਾਰਨ ਦਾ ਯਤਨ ਕਰ ਰਹੇ ਹਨ।
ਪਿੰਡ ਨੜਾਂਵਾਲੀ ਦਾ ਸਰਕਾਰੀ ਪ੍ਰਾਇਮਰੀ ਸਕੂਲ ਅਤੇ ਮਿਡਲ ਸਕੂਲ ਜੋ ਕਿ ਇਕੋ ਕੰਪਲੈਕਸ ਵਿੱਚ ਚੱਲ ਰਹੇ ਹਨ ਦੀ ਕੁਝ ਸਾਲ ਪਹਿਲਾਂ ਇਮਾਰਤ ਪੱਖੋਂ ਹਾਲਤ ਠੀਕ ਨਹੀਂ ਸੀ। ਜਦੋਂ ਪ੍ਰਵਾਸੀ ਭਾਰਤੀ ਕੁਲਜੀਤ ਸਿੰਘ ਗੌਸਲ ਆਪਣੇ ਪਿੰਡ ਆਇਆ ਤਾਂ ਉਸਨੇ ਸਕੂਲ ਦੀ ਹਾਲਤ ਸੁਧਾਰਨ ਦਾ ਨਿਛਚਾ ਕਰ ਲਿਆ। ਕੁਲਜੀਤ ਸਿੰਘ 1973 ਵਿੱਚ ਇਸ ਸਕੂਲ ਤੋਂ ਪ੍ਰਾਇਮਰੀ ਜਮਾਤਾਂ ਪੜ੍ਹਿਆ ਸੀ। ਇਸ ਸਕੂਲ ਤੋਂ ਆਪਣੀ ਤਾਲੀਮ ਦਾ ਮੁੱਢ ਬੰਨਣ ਵਾਲੇ ਕੁਲਜੀਤ ਸਿੰਘ ਨੇ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਸਿਡਨੀ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਦੇ ਨਾਲ ਸਾਇੰਸ ਦੇ ਖੇਤਰ ਵਿੱਚ ਪੀ.ਐੱਚ.ਡੀ. ਦੀ ਡਿਗਰੀ ਹਾਸਲ ਕੀਤੀ ਹੈ। ਇਸ ਸਮੇਂ ਉਹ ਆਸਟ੍ਰੇਲੀਆ ਵਿਖੇ ਜੇਲ ਅਫ਼ਸਰ ਅਤੇ ਸੀਨੀਅਰ ਵਕੀਲ ਵਜੋਂ ਸੇਵਾਵਾਂ ਨਿਭਾ ਰਹੇ ਹਨ।
ਕੁਲਜੀਤ ਸਿੰਘ ਗੌਸਲ ਆਪਣੇ ਬਚਪਨ ਦੇ ਦਿਨ੍ਹਾਂ ਨੂੰ ਅੱਜ ਵੀ ਯਾਦ ਕਰਦੇ ਹਨ। ਪਿੰਡ ਨੜਾਂਵਾਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਗ੍ਰਹਿਣ ਕੀਤੀ ਸਿੱਖਿਆ ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਅਜਿਹਾ ਮੁੱਢ ਬੰਨਿਆ ਸੀ ਕਿ ਉਨ੍ਹਾਂ ਨੇ ਪੜ੍ਹਾਈ ਦੇ ਖੇਤਰ ਵਿੱਚ ਫਿਰ ਪਿਛੇ ਮੁੜ ਕੇ ਨਹੀਂ ਦੇਖਿਆ। ਆਪਣੇ ਸਕੂਲ ਨੂੰ ਬੁਨਿਆਦੀ ਢਾਂਚੇ ਦੇ ਪੱਖ ਤੋਂ ਵਿਸ਼ਵ ਪੱਧਰ ਦਾ ਬਣਾਉਣ ਦਾ ਸੁਪਨਾ ਲੈਣ ਵਾਲੇ ਪ੍ਰਵਾਸੀ ਭਾਰਤੀ ਗੌਸਲ ਨੇ 18 ਨਵੰਬਰ 2017 ਨੂੰ ਸਰਕਾਰੀ ਮਨਜ਼ੂਰੀ ਲੈ ਕੇ ਇਸ ਸਕੂਲ ਦੀ ਇਮਾਰਤ ਨੂੰ ਨਵੇਂ ਸਿਰੇ ਤੋਂ ਬਣਾਉਣਾ ਸ਼ੁਰੂ ਕਰ ਦਿੱਤਾ। ਕੁਲਜੀਤ ਸਿੰਘ ਗੌਸਲ ਵਲੋਂ 80 ਲੱਖ ਰੁਪਏ ਖਰਚ ਕੇ 5 ਮਹੀਨਿਆਂ ਵਿੱਚ ਸਕੂਲ ਦੀ ਦੋ ਮੰਜ਼ਿਲਾ ਆਲੀਸ਼ਾਨ ਇਮਾਰਤ ਤਿਆਰ ਕਰ ਦਿੱਤੀ ਗਈ। ਪ੍ਰਾਇਮਰੀ ਸਕੂਲ ਦੀ ਸਾਰੀ ਇਮਾਰਤ ਹੀ ਨਵੇਂ ਸਿਰੇ ਤੋਂ ਬਣਾਈ ਗਈ ਜਦਕਿ ਮਿਡਲ ਸਕੂਲ ਦੀ ਇਮਾਰਤ ਦੀ ਪੂਰੀ ਤਰਾਂ ਮੁਰੰਮਤ ਕਰਕੇ ਉਸਨੂੰ ਵੀ ਨਵੀਂ ਦਿੱਖ ਦੇ ਦਿੱਤੀ ਗਈ। ਇਸ ਸਕੂਲ ਦਾ ਉਦਘਾਟਨ 28 ਫਰਵਰੀ 2019 ਨੂੰ ਕੀਤਾ ਗਿਆ ਹੈ। ਕੁਲਜੀਤ ਸਿੰਘ ਗੌਸਲ ਨੇ ਇਸ ਸਕੂਲ ਦੀ ਇਮਾਰਤ ਦਾ ਨੀਂਹ ਪੱਥਰ ਪਿੰਡ ਦੀ ਸਭ ਤੋਂ ਬਜ਼ੁਰਗ ਔਰਤ ਕੋਲੋਂ ਰਖਾਇਆ ਸੀ ਅਤੇ ਉਦਘਾਟਨ ਵੀ ਪਿੰਡ ਦੇ ਇੱਕ ਬਜ਼ੁਰਗ ਵਿਅਕਤੀ ਕੋਲੋਂ ਕਰਾਇਆ ਗਿਆ।
ਇਸ ਸਕੂਲ ਦੇ ਸਾਰੇ ਹੀ ਕਮਰੇ ਸਮਾਰਟ ਕਲਾਸ ਰੂਮ ਹਨ ਅਤੇ ਬੱਚਿਆਂ ਦੇ ਬੈਠਣ ਲਈ ਫਰਨੀਚਰ ਆਦਿ ਪਹਿਲੇ ਦਰਜੇ ਦਾ ਹੈ। ਸਕੂਲ ਦੀ ਅਧੁਨਿਕ ਇਮਾਰਤ ਅਤੇ ਹੋਰ ਸਹੂਲਤਾਂ ਦੇ ਪੱਖ ਤੋਂ ਇਹ ਸਕੂਲ ਸੂਬੇ ਦਾ ਸਭ ਤੋਂ ਖੂਬਸੂਰਤ ਸਰਕਾਰੀ ਸਕੂਲ ਹੋਣ ਦਾ ਮਾਣ ਰੱਖਦਾ ਹੈ। ਪਿਛਲੇ ਸਾਲ ਇਸ ਸਕੂਲ ਵਿੱਚ 50 ਦੇ ਕਰੀਬ ਬੱਚੇ ਪੜ੍ਹਦੇ ਹਨ ਜਦਕਿ ਇਸ ਸਾਲ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ ਅਤੇ 78 ਬੱਚੇ ਇਥੋਂ ਤਾਲੀਮ ਹਾਸਲ ਕਰ ਰਹੇ ਹਨ। ਪਿੰਡ ਦੇ ਲੋਕ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੀ ਬਦਲੀ ਨੁਹਾਰ ਤੋਂ ਬੇਹੱਦ ਖੁਸ਼ ਹਨ ਅਤੇ ਲੋਕ ਹੁਣ ਇਸ ਸਕੂਲ ਤੋਂ ਆਪਣੇ ਬੱਚਿਆਂ ਨੂੰ ਪੜ੍ਹਾਉਣ ਵਿਚ ਤਰਜੀਹ ਦੇਣ ਲੱਗੇ ਹਨ।
ਕੁਲਜੀਤ ਸਿੰਘ ਗੌਸਲ ਨੇ ਕਿਹਾ ਕਿ ਉਹ ਆਪਣੀ ਜੰਮਣ ਭੋਇੰ ਦਾ ਕਰਜ਼ਦਾਰ ਹੈ ਅਤੇ ਇਸ ਉਸ ਵਲੋਂ ਇੱਕ ਨਿਮਾਣੀ ਜਿਹੀ ਕੋਸ਼ਿਸ਼ ਕੀਤੀ ਗਈ ਹੈ। ਉਸਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਪਿੰਡ ਦੇ ਬੱਚੇ ਵਧੀਆ ਸਿੱਖਿਆ ਹਾਸਲ ਕਰਕੇ ਜ਼ਿੰਦਗੀ ਵਿੱਚ ਕਾਮਯਾਬ ਹੋਣ ਅਤੇ ਆਪਣੇ ਪਿੰਡ ਤੇ ਸੂਬੇ ਦਾ ਨਾਮ ਰੌਸ਼ਨ ਕਰਨ। ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਆਪਣੇ ਪਿੰਡ ਦੀ ਬਿਹਤਰੀ ਲਈ ਜੋ ਵੀ ਹੋਇਆ ਉਹ ਕਰਦੇ ਰਹਿਣਗੇ।
ਕੁਲਜੀਤ ਸਿੰਘ ਗੌਸਲ ਆਸਟ੍ਰੇਲੀਆ