ਪਟਿਆਲਾ 31 ਜੁਲਾਈ 2019 - ਪੰਜਾਬ ਸਰਕਾਰ ਵੱਲੋਂ ਪੰਜਾਬ 'ਚ ਬਣਾਈ ਜਾ ਰਹੀ ਖੇਡ ਯੂਨੀਵਰਸਿਟੀ ਦਾ ਨਾਂਅ ਕੈਪਟਨ ਅਮਰਿੰਦਰ ਸਿੰਘ ਦੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਦੇ ਨਾਮ 'ਤੇ ਰੱਖਣ ਦੇ ਫੈਸਲਾ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਲੰਘੇ ਦਿਨ ਪੰਜਾਬ ਕੈਬਿਨੇਟ ਨੇ ਯੂਨੀਵਰਸਿਟੀ ਦਾ ਨਾਮ ਮਹਾਰਾਜਾ ਭੁਪਿੰਦਰ ਸਿੰਘ ਦੇ ਨਾਮ 'ਤੇ ਰੱਖਣ ਦਾ ਫੈਸਲਾ ਲਿਆ ਸੀ, ਪਰ ਉਸ ਤੋਂ ਤੁਰੰਤ ਬਾਅਦ ਹੀ ਇਸ ਫੈਸਲੇ 'ਤੇ ਸਵਾਲ ਚੁੱਕੇ ਗਏ ਨੇ ਕਿ ਪੰਜਾਬ ਸਰਕਾਰ ਨੂੰ ਖੇਡ ਯੂਨੀਵਰਸਿਟੀ ਦਾ ਨਾਂਅ ਕੇਵਲ ਪੰਜਾਬ ਖੇਡ ਯੂਨੀਵਰਸਿਟੀ ਹੀ ਰੱਖਣਾ ਚਾਹੀਦਾ।
ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਬੀਰ ਦਵਿੰਦਰ ਸਿੰਘ ਨੇ ਇਸ ਸਬੰਧ 'ਚ ਸਰਕਾਰ ਦੇ ਫੈਸਲੇ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਜੇਕਰ ਪੰਜਾਬ ਦੀ ਖੇਡ੍ਹ ਯੂਨੀਵਰਸਿਟੀ ਦਾ ਨਾਮ ਮਾਹਰਾਜਾ ਭੁਪਿੰਦਰ ਸਿੰਘ ਦੇ ਨਾਮ ਤੇ ਰੱਖਣਾ ਹੀ ਹੈ ਤਾਂ ਘੱਟੋ-ਘੱਟ ਪਟਿਆਲੇ ਵਿੱਚੋਂ ਮਹਾਤਮਾ ਗਾਂਧੀ ਅਤੇ ਮਹਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲੇ ਦੇ ਬੁੱਤ ਤਾਂ ਹਟਵਾ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖੇਡ ਯੂਨੀਵਰਸਿਟੀ ਦਾ ਨਾਮ ਕੇਵਲ ਖੇਡ ਯੂਨੀਵਰਸਿਟੀ ਹੀ ਹੋਣਾ ਚਾਹੀਦਾ ਹੈ ਨਾ ਕਿ ਮਹਾਰਾਜਿਆਂ ਦੇ ਨਾਮ 'ਤੇ ਹੋਣਾ ਚਾਹੀਦਾ ਹੈ।