ਲੁਧਿਆਣਾ 16 ਅਗਸਤ 2019: ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਆਯੋਜਿਤ ਸ. ਜਸਵੰਤ ਸਿੰਘ ਕੰਵਲ ਰਾਸ਼ਟਰੀ ਸ਼ਤਾਬਦੀ ਸੈਮੀਨਾਰ ਦਾ ਉਦਘਾਟਨੀ ਸੈਸ਼ਨ ਅੱਜ 16 ਅਗਸਤ ਨੂੰ ਪੰਜਾਬੀ ਭਵਨ ਵਿਖੇ ਆਰੰਭ ਹੋਇਆ। ਇਸ ਦੇ ਆਰੰਭ ਵਿਚ ਡਾ. ਗੁਰਇਕਬਾਲ ਸਿੰਘ ਨੇ ਆਏ ਡੈਲੀਗੇਟਾਂ ਦਾ ਸਵਾਗਤ ਕੀਤਾ। ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਸੈਮੀਨਾਰ ਦੇ ਵਿਸ਼ੇ ਅਤੇ ਸ. ਜਸਵੰਤ ਸਿੰਘ ਕੰਵਲ ਬਾਰੇ ਮੁੱਢਲੇ ਸ਼ਬਦ ਕਹੇ। ਸੈਮੀਨਾਰ ਦਾ ਮੁਖ ਸੁਰ ਭਾਸ਼ਣ ਡਾ. ਬਲਦੇਵ ਸਿੰਘ ਧਾਲੀਵਾਲ ਨੇ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਤਕ ਦੀ ਪੰਜਾਬੀ ਆਲੋਚਨਾ ਅਪਵਾਦਾਂ ਨੂੰ ਛੱਡ ਕੇ ਜਸਵੰਤ ਸਿੰਘ ਕੰਵਲ ਦੀ ਗਲਪ ਕਲਾ ਨਾਲ ਇਨਸਾਫ਼ ਨਹੀਂ ਕਰਦੀ। ਇਹ ਆਲੋਚਨਾ ਜਾਂ ਨਿਸ਼ਚਿਤ ਵਿਚਾਰਧਾਰਾਈ ਨੁਕਤੇ ਤੋਂ ਕੀਤੀ ਗਈ ਹੈ ਅਤੇ ਕੰਵਲ ਦੀ ਗਲਪ ਕਲਾ ਨੂੰ ਨਜ਼ਰ ਅੰਦਾਜ਼ ਕਰਦੀ ਹੈ ਤੇ ਜਾਂ ਫਿਰ ਕੰਵਲ ਦੀ ਲੇਖਣੀ ਦੀ ਥਾਂ ਕੰਵਲ ਦੇ ਵਿਅਕਤਿਤਵ ਦੇ ਅੰਤਰ-ਵਿਰੋਧਾਂ ਵਲ ਸੇਧਿਤ ਹੈ। ਉਨ੍ਹਾਂ ਅਨੁਸਾਰ ਜਸਵੰਤ ਸਿੰਘ ਕੰਵਲ ਪੰਜਾਬ ਦੀ ਕਿਸਾਨੀ ਦੇ ਅਨੁਭਵ ਉਸ ਦੀ ਵਿਚਾਰਧਾਰਾ ਨੂੰ ਵਿਲੱਖਣ ਕਿਸਮ ਦੀ ਗਲਪ ਭਾਸ਼ਾ ਵਿਚ ਪ੍ਰਗਟ ਕਰਦਾ
ਕਲਾਤਮਕ ਗਲਪ ਦੀ ਸਿਰਜਣਾ ਕਰਦਾ ਹੈ।
ਸੈਮੀਨਾਰ ਦੇ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਨਾਵਲਕਾਰ ਸ. ਬਲਦੇਵ ਸਿੰਘ ਸੜਕਨਾਮਾ ਨੇ ਆਪਣੇ ਨਿੱਜੀ ਵੇਰਵੇ ਸਾਂਝੇ ਕਰਦੇ ਹੋਏ ਕਿਹਾ ਕਿ ਜਸਵੰਤ ਸਿੰਘ ਕੰਵਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਹੀ ਪ੍ਰੇਰਿਤ ਨਹੀਂ ਕੀਤਾ ਸਗੋਂ ਨਵੇਂ ਲੇਖਕਾਂ ਨੂੰ ਵੀ ਉਤਸ਼ਾਹਿਤ ਕੀਤਾ ਹੈ। ਡਾ. ਸੁਖਦੇਵ ਸਿੰਘ ਸਿਰਸਾ ਨੇ ਆਪਣੇ ਭਾਸ਼ਣ ਵਿਚ ਪੰਜਾਬ ਦੀ ਪ੍ਰਤਿਰੋਧੀ ਪਰੰਪਰਾ ਨੂੰ ਜਸਵੰਤ ਸਿੰਘ ਕੰਵਲ ਦੇ ਯੋਗਦਾਨ ਨੂੰ ਉਭਾਰਿਆ। ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ. ਜਸਵੰਤ ਸਿੰਘ ਕੰਵਲ ਇਕ ਅਜਿਹਾ ਚੌਮੁਖੀਆ ਦੀਵਾ ਹੈ ਜੋ ਪੰਜਾਬ ਨੂੰ ਰੁਸ਼ਨਾਉਣਾ ਚਾਹੁੰਦਾ ਹੈ। ਉਹ ਇਸ ਮਕਸਦ ਲਈ ਖ਼ੁਦ ਬਲਿਆ ਹੈ। ਇਸ ਲਈ ਉਸ ਨੂੰ ਸਾਹਿਤਕ ਵਿਧਾਵਾਂ ਦੇ ਚੌਖਟੇ ਵਿਚ ਬੰਨ ਕੇ ਪੂਰੀ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਨੇ ਪ੍ਰਧਾਨਗੀ ਮੰਡਲ,ਆਏ ਹੋਏ ਲੇਖਕਾਂ ਅਤੇ ਯੂਨੀਵਰਸਿਟੀਆਂ ਤੋਂ ਆਏ ਖੋਜਾਰਥੀਆਂ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਇਸ ਉਦਘਾਟਨੀ ਸੈਸ਼ਨ ਵਿਚ ਹੋਰਾਂ ਤੋਂ ਇਲਾਵਾ ਪ੍ਰਸਿੱਧ ਵਿਦਵਾਨ ਅਮਰਜੀਤ ਸਿੰਘ ਗਰੇਵਾਲ, ਸੁਮੇਲ ਸਿੰਘ ਸਿੱਧੂ ,ਡਾ. ਜਗਵਿੰਦਰ ਜੋਧਾ, ਡਾ. ਗੁਲਜ਼ਾਰ ਸਿੰਘ ਪੰਧੇਰ, ਸ. ਗੁਲਜ਼ਾਰ ਸਿੰਘ ਸ਼ੌਕੀ, ਸ. ਬਲਵਿੰਦਰ ਸਿੰਘ ਗਰੇਵਾਲ, ਡਾ. ਐਸ. ਐਨ.ਸੇਵਕ, ਸ. ਕਰਮਜੀਤ ਸਿੰਘ ਔਜਲਾ, ਅਕਾਡਮੀ ਦੇ ਸਰਪ੍ਰਸਤ ਸ. ਹਕੀਕਤ ਸਿੰਘ ਮਾਂਗਟ ਅਤੇ ਸ. ਚਰਨਜੀਤ ਸਿੰਘ, ਕਰਨਲ ਦਲਵਿੰਦਰ ਸਿੰਘ ਗਰੇਵਾਲ, ਸੁਰਿੰਦਰ ਦੀਪ, ਅਮਨਦੀਪ ਕੌਰ, ਹਰਜਿੰਦਰ ਕੌਰ ਸੱਧਰ, ਸ. ਬਲਕੌਰ ਸਿੰਘ ਗਿੱਲ, ਡਾ. ਹਰਜੀਤ ਸਿੰਘ ਸੱਧਰ, ਗੌਰਵ ਅਰੋੜਾ, ਕਮਲਜੀਤ ਕੌਰ, ਸੁਰਿੰਦਰ ਕੌਰ ਆਦਿ ਹਾਜ਼ਰ ਸਨ।