ਗੁਰਨਾਮ ਸਿੱਧੂ
ਫ਼ਿਰੋਜ਼ਪੁਰ 17 ਅਗਸਤ : ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਨਗਰ ਕੌਂਸਲ ਫ਼ਿਰੋਜ਼ਪੁਰ ਸ਼ਹਿਰ ਵੱਲੋਂ ਤਟ ਫੱਟ ਵਿੱਚ ਕੀਤੀ ਸਮਾਗਮ ਸਥਾਨ ਨੂੰ ਜਾਂਦੀ ਮੁੱਖ ਸੜਕ ਤੇ ਮੁੱਖ ਮਹਿਮਾਨ ਦੇ ਲੰਘਣ ਵਾਲੇ ਰਸਤੇ ਵਿੱਚ ਆਉਂਦੀਆਂ ਸਟੇਡੀਅਮ ਦੇ ਨੇੜਲੀਆਂ ਸੜਕਾਂ ਦੀ ਲਿਪਾ ਪੋਚੀ 90ਵੇਂ ਦਹਾਕੇ ਵਿੱਚ ਸਰਕਾਰੀ ਤੇ ਪ੍ਰਸ਼ਾਸਨਿਕ ਤੰਤਰ 'ਤੇ ਚੋਟ ਕਰਦੇ ਭਾਜੀ ਗੁਰਸ਼ਰਨ ਸਿੰਘ ਦੇ ਬਹੁ ਚਰਚਿਤ ਰਹੇ ਨਾਟਕ ਟੋਆ ਨੂੰ ਇੱਕ ਵਾਰ ਫਿਰ ਜਿੰਦਾ ਕਰ ਗਈ। ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ ਵਿੱਚ ਮਨਾਏ ਜਾਣ ਵਾਲੇ ਆਜ਼ਾਦੀ ਦਿਹਾੜੇ ਦੇ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਲੈ ਕੇ ਨਗਰ ਕੌਂਸਲ ਫ਼ਿਰੋਜ਼ਪੁਰ ਵੱਲੋਂ ਇੱਕ ਦਿਨ ਪਹਿਲਾਂ ਮੁੱਖ ਮਹਿਮਾਨ ਦੇ ਲੰਘਣ ਵਾਲੇ ਰਸਤੇ ਅਤੇ ਸਮਾਗਮ ਸਥਾਨ ਨੂੰ ਜਾਂਦੀਆਂ ਸੜਕਾਂ ਦੀ ਜੰਗੀ ਪੱਧਰ 'ਤੇ ਮੁਰੰਮਤ ਦੇ ਨਾਂ 'ਤੇ ਕੇਰੀ ਨੁਮਾ ਮਿੱਟੀ ਨਾਲ ਲਿਪਾ ਪੋਚੀ ਕਰ ਦਿੱਤੀ ਗਈ।
ਨਾਟਕ ਦੇ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇ ਕਲਾਈਮੈਕਸ ਵਾਂਗ ਹੀ ਇੱਥੇ ਵੀ ਸਾਰਾ ਕੁਝ ਉਸੇ ਤਰ੍ਹਾਂ ਵਾਪਰਿਆ ਜਦੋਂ ਬਰਸਾਤੀ ਦਿਨਾਂ ਦੇ ਚੱਲਦਿਆਂ ਪੂਰਵ ਅਨੁਮਾਨਾਂ ਨੂੰ ਲੈ ਕੇ ਚਿੰਤਤ ਰਹੇ ਕੌਂਸਲ ਅਧਿਕਾਰੀਆਂ ਸਮਾਗਮ ਦੇ ਸ਼ਾਂਤੀ ਪੂਰਵਕ ਨੇਪਰੇ ਚੜ੍ਹ ਜਾਣ 'ਤੇ ਸੁੱਖ ਦਾ ਸਾਹ ਲਿਆ। ਇੱਥੇ ਹੀ ਬੱਸ ਨਹੀਂ ਸ਼ਹਿਰ ਦੀ ਸਾਫ਼ ਸਫ਼ਾਈ ਦੇ ਇਵਜ਼ ਵਿੱਚ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਸਮੁੱਚੀ ਟੀਮ 'ਉੱਤਮ ਕਾਰਜ' ਬਦਲੇ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਮੁੱਖ ਮਹਿਮਾਨ ਪਾਸੋਂ ਸਨਮਾਨ ਹਾਸਲ ਕਰਨ ਵਿੱਚ ਵੀ ਸਫਲ ਰਹੀ।
ਨਗਰ ਕੌਂਸਲ ਦੇ 'ਇਸ ਨਾਟਕ' ਦਾ ਅੰਤ ਵੀ ਭਾਈ ਮੰਨਾ ਸਿੰਘ ਦੇ ਨਾਟਕ ਟੋਆ ਵਾਲਾ ਹੀ ਹੋਇਆ ਜਦੋਂ ਸਮਾਗਮਾਂ ਤੋਂ ਬਾਅਦ ਸ਼ਾਮ ਨੂੰ ਪਏ ਮੀਂਹ ਨੇ ਕੌਂਸਲ ਦੇ ਕੀਤੇ ਕਾਰਜਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਅਤੇ ਟੋਇਆਂ ਵਿੱਚ ਭਰੀ ਮਿੱਟੀ ਟੋਇਆਂ ਵਿੱਚੋਂ ਨਿਕਲ ਕੇ ਬਾਹਰ ਸੜਕਾਂ 'ਤੇ ਆ ਗਈ ਜੋ ਅੱਜ ਸੁਕਣ ਉਪਰੰਤ ਰਾਹਗੀਰਾਂ ਦਾ ਅਕਸ ਧੁੰਦਲਾ ਕਰ ਰਹੀ ਹੈ। ਇਸ ਸਬੰਧੀ ਨਗਰ ਕੌਂਸਲ ਫ਼ਿਰੋਜ਼ਪੁਰ ਦੇ ਕਾਰਜ ਸਾਧਕ ਅਫ਼ਸਰ ਚਰਨਜੀਤ ਸਿੰਘ ਦਾ ਕਹਿਣਾ ਹੈ ਕਿ ਇਹ ਤਾਂ 15 ਅਗਸਤ ਕਰਕੇ ਆਰਜ਼ੀ ਤੌਰ 'ਤੇ ਟੋਇਆ ਦੀ ਭਰਾਈ ਕੀਤੀ ਗਈ ਸੀ, ਬਾਕੀ ਟੈਂਡਰ ਹੋਣ ਉਪਰੰਤ ਹੀ ਪੱਕਾ ਕੰਮ ਕੀਤਾ ਜਾਵੇਗਾ।