ਲੁਧਿਆਣਾ, 17 ਅਗਸਤ 2019- ਪੰਜਾਬ ਸਰਕਾਰ ਵੱਲੋਂ ਲੁਧਿਆਣਾ ਸਮੇਤ ਸੂਬੇ ਦੇ 14 ਜ਼ਿਲਿ•ਆਂ ਵਿੱਚ ਭਾਰੀ ਮੀਂਹ ਦੇ ਕਾਰਨ ਜਾਰੀ ਕੀਤੇ ਗਏ ਹਾਈ ਅਲਰਟ ਸੰਬੰਧੀ ਐਕਸੀਅਨ ਡਰੇਨੇਜ਼ ਲੁਧਿਆਣਾ ਸ੍ਰ. ਹਰਜੋਤ ਸਿੰਘ ਵਾਲੀਆ ਨੇ ਸਥਿਤੀ ਸਪੱਸ਼ਟ ਕੀਤੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਫ਼ਿਲਹਾਲ ਹਰ ਤਰ੍ਹਾਂ ਦੀ ਸਥਿਤੀ ਕਾਬੂ ਹੇਠ ਹੈ। ਸਤਲੁੱਜ ਦਰਿਆ ਵਿੱਚ ਉਸਦੀ ਸਮਰੱਥਾ ਤੋਂ ਘੱਟ ਪਾਣੀ ਚੱਲ ਰਿਹਾ। ਜ਼ਿਲ੍ਹਾ ਲੁਧਿਆਣਾ ਅਧੀਨ ਪੈਂਦੀਆਂ ਸਾਰੀਆਂ ਡਰੇਨਾਂ ਮੀਂਹ ਦੇ ਪਾਣੀ ਨੂੰ ਸੰਭਾਲਣ ਦੇ ਸਮਰੱਥ ਹਨ। ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਨਾਲ ਨਿਪਟਣ ਦੇ ਪੂਰੇ ਪ੍ਰਬੰਧ ਕੀਤੇ ਹੋਏ ਹਨ। ਸਥਿਤੀ 'ਤੇ ਡਿਪਟੀ ਕਮਿਸ਼ਨਰ, ਸਮੂਹ ਐੱਸ. ਡੀ. ਐੱਮਜ਼ ਅਤੇ ਸਾਰੇ ਵਿਭਾਗਾਂ ਦੇ ਜ਼ਿਲ੍ਹਾ ਪੱਧਰੀ ਅਧਿਕਾਰੀ ਨਿੱਜੀ ਤੌਰ 'ਤੇ ਨਜ਼ਰ ਰੱਖ ਰਹੇ ਹਨ।
ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਸ੍ਰ. ਵਾਲੀਆ ਨੇ ਦੱਸਿਆ ਕਿ ਸ਼ਹਿਰ ਦੇ ਨਾਲ ਦੀ ਲੰਘਦੇ ਸਤਲੁੱਜ ਦਰਿਆ ਵਿੱਚ ਅੱਜ ਦੁਪਹਿਰ 3 ਵਜੇ 37994 ਕਿਊਸਿਕ ਪਾਣੀ ਚੱਲ ਰਿਹਾ ਸੀ, ਜਦਕਿ ਇਹ ਅੰਕੜਾ ਦੁਪਹਿਰ 12 ਵਜੇ 38724 ਕਿਊਸਿਕ ਸੀ। ਜਿਸ ਤੋਂ ਇਹ ਸਪੱਸ਼ਟ ਹੈ ਕਿ ਹੜ• ਵਰਗੀ ਸਥਿਤੀ ਪੈਦਾ ਹੋਣ ਦਾ ਕੋਈ ਖ਼ਤਰਾ ਨਹੀਂ। ਉਨ੍ਹਾਂ ਕਿਹਾ ਕਿ ਸਤਲੁੱਜ ਦਰਿਆ ਦੀ ਸਮਰੱਥਾ 58 ਹਜ਼ਾਰ ਕਿਊਸਿਕ ਤੋਂ ਵੀ ਜਿਆਦਾ ਪਾਣੀ ਦੀ ਸਮਰੱਥਾ ਹੈ। ਹਾਲੇ 20 ਦਿਨ ਪਹਿਲਾਂ ਹੀ 58 ਹਜ਼ਾਰ ਕਿਊਸਿਕ ਤੋਂ ਜਿਆਦਾ ਪਾਣੀ ਇਥੋਂ ਕਰਾਸ ਕਰਕੇ ਗਿਆ ਹੈ। ਜਿਸ ਨਾਲ ਕਿਸੇ ਵੀ ਹਿੱਸੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ।
ਉਨ੍ਹਾਂ ਦੱਸਿਆ ਕਿ ਹੜ੍ਹ ਵਰਗੀ ਸਥਿਤੀ ਤੋਂ ਬਚਣ ਲਈ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦੀਆਂ ਸਾਰੀਆਂ ਡਰੇਨਾਂ ਦੀ ਸਫਾਈ ਕੀਤੀ ਜਾ ਚੁੱਕੀ ਹੈ, ਸਾਰੀਆਂ ਡਰੇਨਾਂ ਪੂਰੀ ਤਰ੍ਹਾਂ ਕਲੀਅਰ ਹਨ ਅਤੇ ਵੱਧ ਤੋਂ ਵੱਧ ਪਾਣੀ ਨੂੰ ਸੰਭਾਲਣ ਦੇ ਸਮਰੱਥ ਹਨ। ਇਸੇ ਤਰ੍ਹਾਂ ਬੁੱਢਾ ਨਾਲਾ ਵੀ ਸਾਫ਼ ਚੱਲ ਰਿਹਾ ਹੈ। ਕਿਸੇ ਵੀ ਸਥਿਤੀ ਦਾ ਟਾਕਰਾ ਕਰਨ ਲਈ ਵਿਭਾਗ ਵੱਲੋਂ ਬੁੱਢੇ ਨਾਲੇ ਦੇ ਨਾਲ-ਨਾਲ ਮਸ਼ੀਨਾਂ ਖੜ੍ਹਾ ਦਿੱਤੀਆਂ ਗਈਆਂ ਹਨ। ਜਿੱਥੇ ਕਿਤੇ ਵੀ ਪਾਣੀ ਰੁਕੇਗਾ ਉਥੇ ਦੀ ਤੁਰੰਤ ਸਫਾਈ ਕਰਵਾ ਦਿੱਤੀ ਜਾਵੇਗੀ।
ਸ੍ਰ. ਵਾਲੀਆ ਨੇ ਦੱਸਿਆ ਕਿ ਭਾਖੜਾ ਡੈਮ ਦਾ ਅੱਜ ਪੱਧਰ 1674.61 ਫੁੱਟ ਹੈ। ਮਿਤੀ 16 ਅਗਸਤ ਨੂੰ ਸਵੇਰੇ ਇਸ ਵਿੱਚੋਂ 36 ਹਜ਼ਾਰ ਕਿਊਸਿਕ ਪਾਣੀ ਚੱਲ ਰਿਹਾ ਸੀ। ਬਰਸਾਤ ਦੇ ਮੱਦੇਨਜ਼ਰ ਕੱਲ੍ਹ ਸ਼ਾਮ ਨੂੰ 6 ਵਜੇ 50 ਹਜ਼ਾਰ ਕਿਊਸਿਕ ਪਾਣੀ ਕਰ ਦਿੱਤਾ ਗਿਆ ਸੀ। ਰਾਤ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਹ ਫਲੋਅ 55 ਹਜ਼ਾਰ ਕਰ ਦਿੱਤਾ ਗਿਆ ਸੀ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਸਥਿਤੀ ਪੈਦਾ ਹੋ ਸਕੇ। ਉਨ੍ਹਾਂ ਕਿਹਾ ਕਿ ਕੱਲ੍ਹ ਸਵੇਰੇ ਤੋਂ ਹਣ ਤੱਕ ਸਿਰਫ਼ 19 ਹਜ਼ਾਰ ਕਿਊਸਿਕ ਪਾਣੀ ਹੀ ਵਧਾਇਆ ਗਿਆ ਹੈ, ਜਿਸ ਨਾਲ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।
ਸ੍ਰ. ਵਾਲੀਆ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਵਿੱਚ ਨਾ ਆਉਣ। ਜ਼ਿਲ੍ਹਾ ਪ੍ਰਸਾਸ਼ਨ ਦੀ ਅਗਵਾਈ ਵਿੱਚ ਵਿਭਾਗ ਕਿਸੇ ਵੀ ਸਥਿਤੀ ਦਾ ਸਾਹਮਣਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਇਲਾਕੇ ਵਿੱਚ ਕੋਈ ਅਣਸੁਖਾਵੀਂ ਸਥਿਤੀ ਪੈਦਾ ਹੁੰਦੀ ਹੈ ਤਾਂ ਉਹ ਤੁਰੰਤ ਜ਼ਿਲ੍ਹਾ ਪ੍ਰਸਾਸ਼ਨ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ।