← ਪਿਛੇ ਪਰਤੋ
ਮਿੱਤਰ ਸੈਨ ਸ਼ਰਮਾ
ਮਾਨਸਾ, 22 ਅਗਸਤ 2019 : ਪਿੰਡ ਮਾਨਸਾ ਖੁਰਦ ਵਾਸੀ ਇਕ ਵਿਅਕਤੀ ਦੇ ਬੈਂਕ ਖਾਤੇ 'ਚੋਂ ਕਿਸੇ ਵਿਅਕਤੀ ਵੱਲੋਂ ਏ.ਟੀ.ਐੱਮ. ਰਾਹੀਂ 50 ਹਜ਼ਾਰ ਕਢਵਾਏ ਜਾਣ ਸਬੰਧੀ ਮਿਲੀ ਸ਼ਿਕਾਇਤ 'ਤੇ ਥਾਣਾ ਸਿਟੀ–2 ਮਾਨਸਾ ਦੀ ਪੁਲਿਸ ਨੇ ਨਾ–ਮਾਲੂਮ ਵਿਅਕਤੀਆਂ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਵਾਸੀ ਪਿੰਡ ਮਾਨਸਾ ਖੁਰਦ ਬੀਤੇ ਦਿਨੀਂ ਬੈਂਕ ਆਫ਼ ਇੰਡੀਆ ਦੇ ਏ.ਟੀ.ਐੱਮ. ਰਾਹੀਂ ਆਪਣੇ ਬੈਂਕ ਖਾਤੇ 'ਚੋਂ ਜਰੂਰਤ ਅਨੁਸਾਰ ਪੈਸੇ ਕਢਵਾਉਣ ਗਿਆ ਸੀ ਪਰ ਏ.ਟੀ.ਐੱਮ. 'ਚੋਂ ਪੈਸੇ ਨਹੀਂ ਨਿੱਕਲੇ, ਇਸ ਪ੍ਰੀਕਿਰਿਆ ਦੌਰਾਨ ਉੱਥੇ 3 ਵਿਅਕਤੀ ਹੋਰ ਮੌਜ਼ੂਦ ਸਨ। ਇਸ ਉਪਰੰਤ ਸਰਬਜੀਤ ਵਾਪਿਸ ਘਰ ਆ ਗਿਆ ਅਤੇ ਸ਼ਾਮ ਸਮੇਂ ਅਤੇ ਰਾਤ ਦੇ 12 ਵਜੇ ਤੋਂ ਬਾਅਦ ਵੱਖ–ਵੱਖ 5 ਐਂਟਰੀਆਂ ਰਾਹੀਂ 50 ਹਜ਼ਾਰ ਰੁਪਏ ਕਢਵਾਏ ਜਾਣ ਦਾ ਮੈਸੇਜ਼ ਉਸ ਦੇ ਮੋਬਾਇਲ ਫੋਨ 'ਤੇ ਆਇਆ। ਇਸ ਸਬੰਧੀ ਛਾਣਬੀਣ ਕਰਨ 'ਤੇ ਪਤਾ ਚੱਲਿਆ ਕਿ ਇਹ ਰਕਮ ਅਗਰੋਹਾ ਮੌੜ (ਹਰਿਆਣਾ) ਦੇ ਮੈਡੀਕਲ ਕਾਲਜ ਸਥਿਤ ਏ.ਟੀ.ਐੱਮ. ਰਾਹੀਂ ਕੁੱਝ ਵਿਅਕਤੀਆਂ ਵੱਲੋਂ ਕਢਵਾਈ ਗਈ ਹੈ। ਏ.ਐੱਸ.ਆਈ. ਸੁਖਵੀਰ ਸਿੰਘ ਨੇ ਪੀੜ੍ਹਤ ਸਰਬਜੀਤ ਦੀ ਸ਼ਿਕਾਇਤ 'ਤੇ ਨਾ–ਮਾਲੂਮ ਵਿਅਕਤੀਆਂ 'ਤੇ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Total Responses : 936