ਚੰਡੀਗੜ੍ਹ, 24 ਅਗਸਤ 2019 - ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਸੂਬਾ ਪ੍ਰਧਾਨ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਅਤੇ ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਨੇ ਪ੍ਰੈੱਸ ਬਿਆਨ ਰਾਹੀਂ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਪ੍ਧਾਨ ਅਕਾਲੀ ਦਲ-1920 ਵੱਲੋਂ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਪੰਜ ਲੱਖ ਰੁਪਏ ਰਾਹਤ ਰਾਸ਼ੀ ਦੇਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਦਾਰ ਰਵੀਇੰਦਰ ਸਿੰਘ ਹੋਰਾਂ ਨੇ ਬਹੁਤ ਹੀ ਚੰਗੀ ਸ਼ੁਰੂਆਤ ਕੀਤੀ ਹੈ।
ਉਨ੍ਹਾਂ ਕਿਹਾ ਕਿ ਹੁਣ ਹੋਰ ਧਨਾਢ ਕੰਪਨੀਆਂ ਦੇ ਮਾਲਕ ਬਾਦਲ ਪਰਿਵਾਰ, ਟਰਾਈਡੈਂਟ ਗਰੁੱਪ ਦੇ ਮਾਲਕ ਰਾਜਿੰਦਰ ਗੁਪਤਾ,ਸੋਨਾਲੀਕਾ ਟਰੈਕਟਰਜ਼ ਦੇ ਮਾਲਕ ਅੰਮ੍ਰਿਤ ਸਾਗਰ ਮਿੱਤਲ ਅਤੇ ਖਾਸ ਕਰ ਮਾਈਨਿੰਗ ਕਾਰੋਬਾਰ ਕਰਨ ਵਾਲ਼ਾ ਭਾਈਚਾਰਾ ਵੀ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਰਾਹਤ ਕਾਰਜਾਂ ਲਈ ਯੋਗਦਾਨ ਪਾਵੇ ਜਿਹਨਾਂ ਦੇ ਕਾਰਨ ਹੜ੍ਹਾਂ ਦੀ ਮਾਰ ਵਧਣ ਨਾਲ ਨੁਕਸਾਨ ਵਿੱਚ ਵਾਧਾ ਹੋਇਐ ।
ਬਡਹੇੜੀ ਨੇ ਆਖਿਆ ਕਿ ਸਰਦਾਰ ਰਵੀਇੰਦਰ ਸਿੰਘ ਹੋਰਾਂ ਨੇ 1988 ਸਮੇਂ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਪੰਜ ਲੱਖ ਰੁਪਏ ਰਾਹਤ ਪੰਜਾਬ ਰਾਜਪਾਲ ਰਾਹਤ ਫੰਡ ਲਈ ਦਿੱਤੇ ਸਨ ਅਤੇ ਹਰਿਆਣਾ ਮੁੱਖ ਮੰਤਰੀ ਰਾਹਤ ਫੰਡ ਵਿੱਚ ਵੀ ਢਾਈ ਲੱਖ ਰੁਪਏ ਯੋਗਦਾਨ ਪਾਇਆ ਸੀ ਅਤੇ ਜਦੋਂ 1993 ਵਿੱਚ ਪੰਜਾਬ ਵਿੱਚ ਹੜ੍ਹਾਂ ਕਾਰਨ ਹੋਏ ਨੁਕਸਾਨ ਲਈ ਰੋਪੜ ਜ਼ਿਲੇ ਦੇ ਪਿੰਡਾਂ ਲਈ ਸਾਢੇ ਨੌਂ ਲੱਖ ਰੁਪਏ ਰਾਹਤ ਕਾਰਜਾਂ ਲਈ ਖਰਚ ਕੀਤੇ ਸਨ ।
ਬਡਹੇੜੀ ਨੇ ਆਖਿਆ ਕਿ ਜਿਹੜੇ ਦਾਨ ਦੇਣ ਦੇ ਸਮਰੱਥ ਹਨ ਉਹ ਰਾਹਤ ਕਾਰਜਾਂ ਲਈ ਮਾਲੀ ਮਦਦ ਲਈ ਅੱਗੇ ਆਉਣ ਤਾਂ ਜੋ ਪਰਭਾਵਿਤ ਲੋਕਾਂ ਨੂੰ ਰਾਹਤ ਮਿਲ ਸਕੇ । ਬਡਹੇੜੀ ਨੇ ਆਖਿਆ ਕਿ ਕਿ ਮੋਦੀ ਸਰਕਾਰ ਰਾਹਤ ਕਾਰਜਾਂ ਲਈ ਵਿਸ਼ੇਸ਼ ਫੰਡ ਜਾਰੀ ਕਰਨ ਲਈ ਤੁਰੰਤ ਫੈਸਲਾ ਲਵੇ ਤਾਂ ਜੋ ਪਰਭਾਵਿਤ ਲੋਕਾਂ ਨੂੰ ਰਾਹਤ ਮਿਲ ਸਕੇ ।