ਪ੍ਰਸ਼ਾਸਨ ਵੱਲੋਂ ਪਸ਼ੂਆਂ ਦੇ ਇਲਾਜ ਲਈ ਕੀਤੇ ਜਾ ਰਹੇ ਪ੍ਰਬੰਧਾਂ ਦਾ ਇੱਕ ਦ੍ਰਿਸ਼
ਦਰਿਆ ਵਿੱਚ ਜਾਨਵਰਾਂ ਦਾ ਖ਼ੂਨ ਤੇ ਪਿੰਜਰ ਆਉਣ ਦਾ ਕੋਈ ਪ੍ਰਮਾਣ ਨਹੀਂ ਮਿਲਿਆ
ਜਗਦੀਸ਼ ਥਿੰਦ
ਫ਼ਾਜ਼ਿਲਕਾ, 24 ਅਗਸਤ:
ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਅੱਜ ਇੱਥੇ ਦੱਸਿਆ ਕਿ ਫ਼ਾਜ਼ਿਲਕਾ ਦੇ ਹੜ੍ਹ ਪ੍ਰਭਾਵਤ 18 ਪਿੰਡਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਰੰਤਰ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਿਹਤ, ਪਸ਼ੂ ਪਾਲਣ, ਜਲ ਸਪਲਾਈ, ਡਰੇਨੇਜ ਤੇ ਨਹਿਰੀ, ਬਿਜਲੀ, ਪੁਲਿਸ, ਖੁਰਾਕ ਤੇ ਸਿਵਲ ਸਪਲਾਈ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀਆਂ ਟੀਮਾਂ ਇਲਾਕੇ ਵਿੱਚ ਲਗਾਤਾਰ ਗਸ਼ਤ ਕਰ ਰਹੀਆਂ ਹਨ।
ਇੱਥੇ ਜਾਰੀ ਬਿਆਨ ਵਿੱਚ ਸ. ਛੱਤਵਾਲ ਨੇ ਦੱਸਿਆ ਕਿ ਫ਼ਾਜ਼ਿਲਕਾ ਅਤੇ ਜਲਾਲਾਬਾਦ ਸਬ ਡਿਵੀਜ਼ਨਾਂ ਦੇ ਹੜ੍ਹਾਂ ਨਾਲ ਪ੍ਰਭਾਵਤ ਹੋਏ 18 ਪਿੰਡਾਂ ਦੇ 5930 ਏਕੜ ਰਕਬੇ ਦੀ ਅਨੁਮਾਨਿਤ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ ਗਈ ਹੈ।
ਉਨ੍ਹਾਂ ਦੱਸਿਆ ਕਿ ਫਾਜ਼ਿਲਕਾ ਸਬ ਡਿਵੀਜ਼ਨ ਦੇ ਪਿੰਡ ਹਸਤਾ ਕਲਾਂ ਦੀ 1000 ਏਕੜ, ਘੂਕਕਾ ਦੀ 1200 ਏਕੜ, ਵਲ੍ਹੇਸ਼ਾਹ ਹਿਠਾੜ ਦੀ 400 ਏਕੜ, ਵਲ੍ਹੇਸ਼ਾਹ ਉਤਾੜ ਦੀ 250 ਏਕੜ, ਦੋਨਾ ਸਿਕੰਦਰੀ ਦੀ 210 ਏਕੜ, ਚੱਕ ਰੁਹੇਲਾ ਦੀ 260 ਏਕੜ, ਰੁਹੇਲੇ ਤੇਜੇ ਕਾ ਦੀ 350 ਏਕੜ, ਮਹਾਤਮ ਨਗਰ ਦੀ 300 ਏਕੜ, ਸ਼ਿਕਾਰਪੁਰ (ਕਾਵਾਂਵਾਲੀ) ਦੀ 80 ਏਕੜ ਅਤੇ ਮੁਹਾਰ ਜਮਸ਼ੇਰ ਦੀ 250 ਏਕੜ ਜ਼ਮੀਨ ਹੜ੍ਹਾਂ ਨਾਲ ਪ੍ਰਭਾਵਤ ਹੋਣ ਦਾ ਅਨੁਮਾਨ ਹੈ।
ਇਸੇ ਤਰ੍ਹਾਂ ਜਲਾਲਾਬਾਦ ਸਬ ਡਿਵੀਜ਼ਨ ਦੇ ਪਿੰਡ ਪ੍ਰਭਾਤ ਸਿੰਘ ਵਾਲਾ ਹਿਠਾੜ ਦੀ 200 ਏਕੜ, ਸੰਤੋਖ ਸਿੰਘ ਵਾਲਾ ਦੀ 35 ਏਕੜ, ਬੱਘੇ ਕੇ ਹਿਠਾੜ ਦੀ 55 ਏਕੜ, ਢੰਡੀ ਕਦੀਮ ਦੀ 800 ਏਕੜ, ਢੰਡੀ ਖੁਰਦ ਦੀ 400 ਏਕੜ, ਪੀਰੇ ਕੇ ਹਿਠਾੜ ਦੀ 20 ਏਕੜ, ਬੋਦਲੇ ਪੀਰੇ ਕੇ ਦੀ 100 ਏਕੜ ਅਤੇ ਪੀਰੇ ਕੇ ਉਤਾੜ ਦੀ 20 ਏਕੜ ਜ਼ਮੀਨ ਹੜ੍ਹਾਂ ਕਾਰਨ ਪ੍ਰਭਾਵਤ ਹੋਣ ਦੀ ਰਿਪੋਰਟ ਹੈ। ਉਨ੍ਹਾਂ ਕਿਹਾ ਕਿ ਪਾਣੀ ਉਤਰਨ ਪਿੱਛੋਂ ਗਿਰਦਾਵਰੀ ਕਰਕੇ ਰਕਬੇ ਦੇ ਨੁਕਸਾਨ ਦੀ ਅਸਲ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ।
ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਪਾਕਿਸਤਾਨ ਤੋਂ ਚਮੜੇ ਦੇ ਕਾਰਖਾਨਿਆਂ ਵਿੱਚੋਂ ਖ਼ੂਨ ਅਤੇ ਜਾਨਵਰਾਂ ਦੇ ਪਿੰਜਰ ਦਰਿਆ ਵਿੱਚ ਹੜ੍ਹ ਕੇ ਭਾਰਤ ਵਾਲੇ ਪਾਸੇ ਆਉਣ ਦੀਆਂ ਖ਼ਬਰਾਂ ਦਾ ਸਖ਼ਤ ਨੋਟਿਸ ਲੈਂਦਿਆਂ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਡਰੇਨੇਜ ਵਿਭਾਗ ਨੂੰ ਜਾਂਚ ਲਈ ਕਿਹਾ ਗਿਆ ਸੀ। ਇਸ ਪਿੱਛੋਂ ਅੱਜ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਐਕਸੀਅਨ ਸ੍ਰੀ ਐਸ.ਐਸ. ਧਾਲੀਵਾਲ, ਐਸ.ਡੀ.ਓ. ਸ੍ਰੀ ਰੋਹਿਤ ਸਿੰਗਲਾ ਅਤੇ ਐਸ.ਡੀ.ਓ. ਸ੍ਰੀ ਰਾਜਪਾਲ ਗਿੱਲ ਦੀ ਅਗਵਾਈ ਵਾਲੀ ਟੀਮ ਨੇ ਤਿੰਨ ਥਾਵਾਂ, ਪਿੰਡ ਟਿੰਡੇਵਾਲਾ (ਫ਼ਿਰੋਜ਼ਪੁਰ), ਹੁਸੈਨੀਵਾਲਾ ਹੈੱਡ ਵਰਕਸ ਅਤੇ ਗੰਗ ਕੈਨਾਲ (ਹੁਸੈਨੀਵਾਲਾ ਹੈੱਡ ਵਰਕਸ ਤੋਂ ਨੀਵੇਂ ਵਾਲੇ ਪਾਸੇ) ਤੋਂ ਪਾਣੀ ਦੇ ਨਮੂਨੇ ਲਏ ਗਏ। ਉਨ੍ਹਾਂ ਦੱਸਿਆ ਕਿ ਪਾਣੀ ਦੇ ਤੇਜ਼ ਵਹਾਅ ਵਾਲੇ ਸਤਲੁਜ ਦਰਿਆ ਦੀਆਂ ਤਿੰਨੇ ਥਾਵਾਂ ਤੋਂ ਪਹਿਲੇ ਨਜ਼ਰੇ ਜਾਨਵਰਾਂ ਦੇ ਖ਼ੂਨ ਤੇ ਪਿੰਜਰ ਦਾ ਕੋਈ ਪ੍ਰਮਾਣ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਪਾਣੀ ਦੇ ਨਮੂਨੇ ਜਾਂਚ ਲਈ ਪਟਿਆਲਾ ਵਿਖੇ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਲੈਬਾਰਟਰੀ ਵਿੱਚ ਭੇਜੇ ਗਏ ਹਨ, ਜਿਸ ਦੀ ਰਿਪੋਰਟ ਅਗਲੇ ਹਫ਼ਤੇ ਤੱਕ ਆਉਣ ਦੀ ਉਮੀਦ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੱਲ੍ਹ ਸਤਲੁਜ ਦਰਿਆ ਵਿੱਚ ਡੁੱਬੇ ਪਿੰਡ ਢੰਡੀ ਕਦੀਮ ਦੇ ਬੱਚੇ ਦੀ ਲਾਸ਼ ਅੱਜ ਬਰਾਮਦ ਹੋਣ ਪਿੱਛੋਂ ਸਿਹਤ ਵਿਭਾਗ ਦੀ ਟੀਮ ਨੇ ਪੋਸਟ ਮਾਰਟਮ ਕਰ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪਰਿਵਾਰ ਨੂੰ ਬਣਦੇ ਮੁਆਵਜ਼ੇ ਲਈ ਪੰਜਾਬ ਸਰਕਾਰ ਨੂੰ ਲਿਖਿਆ ਗਿਆ ਹੈ।
ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸਿਰਫ਼ ਦਰਿਆਵਾਂ ਤੇ ਦਰਿਆਵਾਂ ਲਾਗਲੇ ਖੇਤਾਂ, ਨਹਿਰਾਂ ਅਤੇ ਹੋਰਨਾਂ ਜਲ ਸਰੋਤਾਂ ਵਿੱਚ ਹੀ ਜ਼ਿਆਦਾ ਪਾਣੀ ਹੈ, ਜਦ ਕਿ ਆਬਾਦੀ ਵਾਲੇ ਖੇਤਰ ਹੜ੍ਹ ਵਾਲੇ ਪਾਣੀ ਤੋਂ ਸੁਰੱਖਿਅਤ ਹਨ। ਇਸ ਦੇ ਨਾਲ ਉਨ੍ਹਾਂ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਪਾਣੀ ਨਾਲ ਭਰੇ ਦਰਿਆਵਾਂ, ਨਹਿਰਾਂ ਅਤੇ ਹੋਰਨਾਂ ਜਲ ਸਰੋਤਾਂ ਦੇ ਨੇੜੇ ਨਾ ਜਾਣ ਕਿਉਂਕਿ ਇਸ ਤਰ੍ਹਾਂ ਜਾਨੀ ਦਾ ਖ਼ਤਰਾ ਹੋ ਸਕਦਾ ਹੈ।
ਜ਼ਿਲ੍ਹੇ ਵਿੱਚ ਹੜ੍ਹ ਪ੍ਰਭਾਵਤ ਖੇਤਰਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿੱਢੇ ਰਾਹਤ ਕਾਰਜਾਂ ਦਾ ਵੇਰਵਾ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਮਨਪ੍ਰੀਤ ਸਿੰਘ ਛੱਤਵਾਲ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਹੜ੍ਹ ਪ੍ਰਭਾਵਤ ਪਿੰਡਾਂ ਵਿੱਚ ਨਿਰੰਤਰ ਮੈਡੀਕਲ ਕੈਂਪ ਲਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਅੱਜ ਸਹਾਇਕ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਭੁੱਕਲ ਦੀ ਅਗਵਾਈ ਹੇਠ ਢਾਣੀ ਫੂਲਾ ਸਿੰਘ, ਢਾਣੀ ਨੱਥਾ ਸਿੰਘ, ਪ੍ਰਭਾਤ ਸਿੰਘ ਵਾਲਾ, ਸੰਤੋਖ ਸਿੰਘ ਵਾਲਾ, ਆਤੂ ਵਾਲਾ, ਮੁਹਾਰ ਜਮਸ਼ੇਰ, ਮੁਹਾਰ ਖੀਵਾ, ਮਹਾਤਮ ਨਗਰ, ਚੱਕ ਰੁਹੇਲਾ, ਝੰਗੜ ਭੈਣੀ, ਦੋਨਾ ਸਿਕੰਦਰੀ, ਰੇਤੇ ਵਾਲੀ ਭੈਣੀ, ਭੈਣੀ ਰਾਮ ਸਿੰਘ, ਗੱਟੀ ਨੰਬਰ 1 ਅਤੇ ਗੁਲਾਮ ਰਸੂਲ ਵਿੱਚ ਡਾਕਟਰੀ ਜਾਂਚ ਕੈਂਪ ਲਾਏ ਗਏ ਹਨ ਅਤੇ ਲੋੜਵੰਦਾਂ ਨੂੰ ਦਵਾਈਆਂ ਦਿੱਤੀਆਂ ਗਈਆਂ।
ਸ. ਛੱਤਵਾਲ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਵਿੱਚ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਾਜਿੰਦਰ ਬਾਂਸਲ ਦੀ ਅਗਵਾਈ ਵਿੱਚ ਵਿਭਾਗ ਦੀਆਂ 27 ਟੀਮਾਂ ਜ਼ਿਲ੍ਹੇ ਭਰ ਵਿੱਚ ਤੈਨਾਤ ਕੀਤੀਆਂ ਗਈਆਂ ਹਨ, ਜਿਨ੍ਹਾਂ ਨੇ ਪਿੰਡ ਸਲੇਮ ਸ਼ਾਹ, ਆਸਫ਼ ਵਾਲਾ, ਮਹਾਤਮ ਨਗਰ, ਮੌਜਮ, ਸੁਖੇਰਾ ਬੋਦਲਾ, ਪ੍ਰਭਾਤ ਸਿੰਘ ਵਾਲਾ, ਬੱਗੇ ਕੇ, ਘੁਬਾਇਆ, ਮਿੱਢਾ, ਗੁੱਦੜ ਭੈਣੀ, ਵੱਲੇ ਸ਼ਾਹ ਹਿਠਾੜ, ਦੋਨਾ ਸਿਕੰਦਰੀ, ਚੱਕ ਰੁਹੇਲਾ, ਰੁਹੇਲਾ ਤੇਜੇ ਕਾ, ਰੇਤੇ ਵਾਲੀ ਭੈਣੀ ਦਾਖਲੀ ਹਸਤਾ ਕਲਾਂ, ਝੰਗੜ ਭੈਣੀ, ਭੈਣੀ ਰਾਮ ਸਿੰਘ ਵਾਲੀ, ਗੱਟੀ ਨੰਬਰ 1, ਮੁਹਾਰ ਜਮਸ਼ੇਰ, ਮੁਹਾਰ ਖੀਵਾ, ਗੁਲਾਮ ਰਸੂਲ, ਸੰਤੋਖ ਸਿੰਘ ਵਾਲਾ, ਆਤੂ ਵਾਲਾ, ਢਾਣੀ ਨੱਥਾ ਸਿੰਘ, ਬੋਦਲਾ ਪੀਰੇ ਕੇ ਅਤੇ ਪੀਰੇ ਕੇ ਉਤਾੜ ਆਦਿ ਪਿੰਡਾਂ ਵਿੱਚ ਵਿਸ਼ੇਸ਼ ਕੈਂਪ ਲਾ ਕੇ ਪਸ਼ੂਆਂ ਲਈ ਮਲੱਪਾਂ, ਹਾਜ਼ਮੇ, ਜ਼ਖ਼ਮਾਂ ਅਤੇ ਗਲ ਘੋਟੂ ਦੀ ਰੋਕਥਾਮ ਲਈ ਦਵਾਈ ਦਿੱਤੀ ਅਤੇ ਟੀਕੇ ਲਗਾਏ ਗਏ।
15 ਪਿੰਡਾਂ ਵਿੱਚ ਅੱਜ ਲੱਗਣਗੇ ਮੈਡੀਕਲ ਕੈਂਪ
ਸਹਾਇਕ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਭੁੱਕਲ ਨੇ ਅੱਜ ਦੱਸਿਆ ਕਿ 25 ਅਗਸਤ ਨੂੰ ਹੜ੍ਹ ਪ੍ਰਭਾਵਤ 15 ਪਿੰਡਾਂ ਵਿੱਚ ਮੈਡੀਕਲ ਟੀਮਾਂ ਵੱਲੋਂ ਡਾਕਟਰੀ ਜਾਂਚ ਕੈਂਪ ਲਾਏ ਜਾਣਗੇ। ਉਨ੍ਹਾਂ ਦੱਸਿਆ ਕਿ ਮਹਾਤਮ ਨਗਰ, ਰੁਹੇਲਾ ਤੇਜੇ ਕੇ, ਦੋਨਾ ਨਾਨਕਾ, ਗੱਟੀ ਨੰਬਰ 1, ਝੰਗੜ ਭੈਣੀ, ਭੈਣੀ ਰਾਮ ਸਿੰਘ, ਢਾਣੀ ਸਦਾ ਸਿੰਘ, ਮੁਹਾਰ ਜਮਸ਼ੇਰ, ਮੁਹਾਰ ਖੀਵਾ, ਰੇਤੇ ਵਾਲੀ ਭੈਣੀ, ਢਾਣੀ ਨੱਥਾ ਸਿੰਘ, ਢਾਣੀ ਫੂਲਾ ਸਿੰਘ, ਆਤੂ ਵਾਲਾ, ਸੰਤੋਖ ਸਿੰਘ ਵਾਲਾ ਅਤੇ ਪ੍ਰਭਾਤ ਸਿੰਘ ਵਾਲਾ ਵਿਖੇ ਭਲਕੇ ਕੈਂਪ ਲਾਏ ਜਾਣਗੇ ਅਤੇ ਮਰੀਜ਼ਾਂ ਨੂੰ ਦਵਾਈ ਦਿੱਤੀ ਜਾਵੇਗੀ।