ਪਟਿਆਲਾ, 6 ਸਤੰਬਰ 2019 - ਪਟਿਆਲਾ ਦੇ ਫੋਕਲ ਪੁਆਇੰਟ ਦੇ ਪਲਾਟ ਸੀ-129 ਵਿਖੇ ਸਥਿਤ ਜੇ.ਜੇ. ਕੈਮੀਕਲਜ ਫੈਕਟਰੀ 'ਚ ਅੱਜ ਸਵੇਰੇ ਅਚਾਨਕ ਲੱਗੀ ਅੱਗ 'ਤੇ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦੀ ਸੂਚਨਾ ਮਿਲਣ 'ਤੇ ਤੁਰੰਤ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਨਗਰ ਨਿਗਮ ਦੇ ਮੇਅਰ ਸ੍ਰੀ ਸੰਜੀਵ ਸ਼ਰਮਾ ਬਿੱਟੂ, ਸੀਨੀਅਰ ਡਿਪਟੀ ਮੇਅਰ ਸ. ਯੋਗਿੰਦਰ ਸਿੰਘ ਯੋਗੀ, ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਸ਼ੌਕਤ ਅਹਿਮਦ ਪਰੈ, ਨਗਰ ਨਿਗਮ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਅਤੇ ਐਸ.ਡੀ.ਐਮ. ਸ. ਰਵਿੰਦਰ ਸਿੰਘ ਅਰੋੜਾ ਘਟਨਾ ਸਥਾਨ 'ਤੇ ਪੁੱਜ ਗਏ ਅਤੇ ਅੱਗ ਬੁਝਾਊ ਕਾਰਜਾਂ ਦੀ ਖ਼ੁਦ ਨਿਗਰਾਨੀ ਕੀਤੀ।
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਜੋ ਕਿ ਅੱਗ ਬੁਝਾਊ ਕਾਰਜਾਂ ਦੀ ਖ਼ੁਦ ਨਿਗਰਾਨੀ ਕਰ ਰਹੇ ਸਨ, ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਨੇ ਤੁਰੰਤ ਹਰਕਤ 'ਚ ਆਉਂਦਿਆਂ ਪਟਿਆਲਾ ਸਮੇਤ ਰਾਜਪੁਰਾ, ਨਾਭਾ ਅਤੇ ਸਮਾਣਾ ਤੋਂ ਅੱਗ ਬੁਝਾਊ ਗੱਡੀਆਂ ਬੁਲਾਈਆਂ ਅਤੇ ਅੱਗ ਬੁਝਾਊ ਦਸਤੇ ਨੇ ਸਖ਼ਤ ਮਿਹਨਤ ਕਰਦਿਆਂ ਅੱਗ 'ਤੇ ਕਾਬੂ ਪਾ ਲਿਆ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਫੈਕਟਰੀ 'ਚ ਮਜ਼ਦੂਰਾਂ ਦੇ ਨਾ ਹੋਣ ਕਾਰਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰੰਤੂ ਫੈਕਟਰੀ 'ਚ ਕੈਮੀਕਲ ਤੇ ਜਲਣਸ਼ੀਲ ਪਦਾਰਥ ਵੱਡੀ ਮਾਤਰਾ 'ਚ ਸਟੋਰ ਕੀਤਾ ਹੋਣ ਕਰਕੇ ਅੱਗ ਬੁਝਾਉਣ ਲਈ ਪਾਣੀ ਦੇ ਨਾਲ-ਨਾਲ ਫੋਮ, ਰੇਤਾ ਅਤੇ ਮਿੱਟੀ ਦੀ ਵੀ ਵਰਤੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹਤਿਆਤ ਵਜੋਂ ਫੈਕਟਰੀ ਦੇ ਆਲੇ ਦੁਆਲੇ ਦੀਆਂ ਫੈਕਟਰੀਆਂ 'ਚੋਂ ਸਾਜੋ-ਸਮਾਨ ਹਟਵਾ ਲਿਆ ਗਿਆ ਸੀ।
ਫੈਕਟਰੀ ਦੇ ਮਾਲਕ ਸ. ਪਰਮਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਉਹ ਡੇਅਰੀ ਇੰਡਸਟਰੀ ਨੂੰ ਦੁੱਧ ਨਿਰੀਖਣ ਕਰਨ ਲਈ ਕੈਮੀਕਲ ਸਪਲਾਈ ਕਰਦੇ ਹਨ ਅਤੇ ਫੈਕਟਰੀ 'ਚ ਡਿਸਟਲਰੀਜ ਤੋਂ ਲਿਆਂਦਾ ਗਿਆ ਫਿਊਜਲ ਆਇਲ (ਡਿਸਟਲਰੀਜ ਵੇਸਟ) ਸਟੋਰ ਕੀਤਾ ਗਿਆ ਸੀ ਪਰ ਅੱਜ ਸਵੇਰੇ ਅਚਾਨਕ ਅੱਗ ਭੜਕ ਪਈ।
ਅੱਗ ਬੁਝਾਊ ਕਾਰਜਾਂ ਦੌਰਾਨ ਫੋਕਲ ਪੁਆਇੰਟ ਇੰਡਸਟਰੀਜ ਐਸੋਸੀਏਸ਼ਨਾਂ ਦੇ ਨੁਮਾਇੰਦੇ ਨਾਇਬ ਤਹਿਸੀਲਦਾਰ ਸ੍ਰੀ ਪਰਮਜੀਤ ਜਿੰਦਲ, ਨਗਰ ਨਿਗਮ ਦੇ ਐਸ.ਈ. ਸ੍ਰੀ ਐਮ.ਐਮ. ਸਿਆਲ ਅਤੇ ਫਾਇਰ ਅਧਿਕਾਰੀਆਂ ਸਮੇਤ ਥਾਣਾ ਅਰਬਨ ਅਸਟੇਟ ਦੇ ਐਸ.ਐਚ.ਓ. ਸ੍ਰੀ ਹੈਰੀ ਬੋਪਾਰਾਏ, ਥਾਣਾ ਅਨਾਜ ਮੰਡੀ ਦੇ ਐਸ.ਐਚ.ਓ. ਸ੍ਰੀ ਗੁਰਨਾਮ ਸਿੰਘ ਅਤੇ ਹੋਰ ਅਧਿਕਾਰੀ ਮੌਕੇ 'ਤੇ ਮੌਜੂਦ ਰਹੇ।