ਪਿੱਛੇ ਜਿਹੇ ਪੰਜਾਬ ਤੋਂ ਬਾਹਰ ਸਾਂ ਸਾਊਥ ਵੱਲ। ਇਕ ਦਾਨਿਸ਼ਵਰ ਨੇ ਸਹਿਜ ਸੁਭਾਅ ਹੀ ਪੁੱਛਿਆ ਕਿ ਪੰਜਾਬ ਕਾ ਕਿਆ ਹਾਲ ਹੈ ਭਾਈ? ਕੀ ਦੱਸਾਂ, ਇੱਕੋ ਹੀ ਘਟਨਾ ਬਹੁਤ ਹੈ, ਅੰਦਾਜ਼ਾ ਤੁਸੀਂ ਆਪੇ ਲਗਾ ਲੈਣਾ। ਇਹ ਆਖ ਕੇ ਮੈਂ ਉਸਨੂੰ ਘਟਨਾ ਸੁਣਾਈ। ਘਟਨਾ ਸੁਣ ਕੇ ਉਸਦੀਆਂ ਅੱਖਾਂ ਨਮ ਹੋ ਗਈਆਂ। ਘਟਨਾ ਇਉਂ ਸੀ: ਮੁਕਤਸਰ ਜਿਲੇ ਦੇ ਇੱਕ ਪਿੰਡ ਵਿਚ ਇਕ ਆਮ ਕਿਰਸਾਨ ਦਾ ਮੁੰਡਾ ਚਿੱਟਾ (ਸਮੈਕ) ਲੈਣ ਲਗ ਗਿਆ। ਜ਼ਮੀਨ ਵੀ ਥੋੜ੍ਹੀ। ਥੁੜਾਂ ਤੇ ਕਰਜ਼ੇ ਮਾਰੇ ਪਿਓ ਨੇ ਮੁੰਡੇ ਨੂੰ ਸਿੱਧੇ ਰਾਹੇ ਪਾਉਣ ਲਈ ਬੜੇ ਯਤਨ ਕੀਤੇ ਪਰ ਸਿੱਟਾ ਇਹ ਨਿਕਲਿਆਂ ਕਿ ਮੁੰਡੇ ਨੇ ਆਪਣਾ ਪਿਓ ਵੀ ਚਿੱਟੇ ਉਤੇ ਲਗਾ ਲਿਆ। ਦੋਵੇਂ ਪਿਓ ਪੁੱਤ ਚਿੱਟੇ ਨੇ ਨਚੋੜ ਲਏ। ਨਸ਼ੇ ਦੀ ਪੂਰਤੀ ਲਈ ਪੈਸੇ ਨਾ ਮਿਲਣ ਕਾਰਨ ਜ਼ਮੀਨ ਵੇਚਣ ਲੱਗੇ ਤਾਂ ਨੂੰਹ ਤੇ ਸੱਸ ਨੇ ਏਕਤਾ ਕਰ ਲਈ ਤੇ ਕੋਰਟ ਵਿਚੋਂ ਜਾ ਕੇ ਸਟੇਅ ਲੈ ਲਿਆ। ਗੁੱਸੇ ਵਿਚ ਆਏ ਪਿਓ ਪੁੱਤਾਂ ਨੇ ਦੋਵੇਂ ਜਨਾਨੀਆਂ ਮਾਰਨੀਆਂ ਚਾਹੀਆਂ। ਕਿਵੇਂ ਨਾ ਕਿਵੇਂ ਮਾਂ ਤਾਂ ਬਚ ਗਈ ਪਰ ਮੁੰਡੇ ਨੇ ਵਿਹੜੇ ਵਿਚ ਬੈਠੀ ਕੱਪੜੇ ਧੋ ਰਹੀ ਪਤਨੀ ਦੇ ਸਿਰ ਵਿਚ ਕਹੀ ਮਾਰ ਉਸਨੂੰ ਮੁਕਾ ਦਿੱਤਾ। ਪਿਓ ਪੁੱਤ ਜੇਲ ਵਿਚ ਹਨ ਤੇ ਘਰ ਵਿਚ ਦੁੱਖਾਂ ਮਾਰੀ ਇਕੱਲੀ ਔਰਤ ਰਹਿ ਗਈ ਹੈ। ਉਹ ਕੀ ਕਰੇ? ਜਿਊਂਦੀ ਮਰਿਆਂ ਵਰਗੀ ਹੈ।
ਅਜਿਹੀਆਂ ਘਟਨਾਵਾਂ ਹੁਣ ਪੰਜਾਬ ਵਿਚ ਆਮ ਹੋ ਗਈਆਂ ਨੇ। ਸਵਾਲ ਮੂੰਹ ਅੱਡੀ ਖ਼ਲੋਤਾ ਹੈ ਕਿ ਇਹ ਉਹੀ ਪੰਜਾਬ ਹੈ, ਜਿਸਦੀ ਤਸਵੀਰ ਦੇਖਦਿਆਂ ਹੁਣ ਡਰ ਆਣ ਲੱਗਿਆ ਹੈ। ਮੇਰੇ ਗੁਰੂਆਂ ਪੀਰਾਂ, ਰਿਸ਼ੀਆਂ-ਮੁਨੀਆਂ, ਕਵੀਆਂ-ਕਲਾਕਾਰਾਂ, ਯੋਧਿਆਂ, ਸੂਰਬੀਰਾਂ ਤੇ ਦੇਸ਼ ਭਗਤਾਂ ਦਾ ਪੰਜਾਬ? ਕਿਸ ਨੇ ਸਿਰਜੀ ਹੈ ਲਹੂ ਵਿਚ ਭਿੱਜੀ ਹੋਈ ਅਜਿਹੀ ਤਸਵੀਰ ਮੇਰੇ ਪੰਜਾਬ ਦੀ? ਲਗਦਾ ਹੈ ਕਿ ਪੰਜਾਬ ਦੀ ਤਸਵੀਰ ਨੂੰ ਖੂਨ ਦੇ ਨਾਲ ਨਾਲ ਨਸ਼ਾ ਵੀ ਲੱਗ ਗਿਆ ਹੈ ਚਿੱਟੇ ਦਾ, ਜੋ ਕਦੇ ਇਹਦੇ ਉਤੋਂ ਲੱਥਣਾ ਨਹੀਂ। ਧੁੰਦਲੀ-ਧੁਆਂਖੀ ਤੇ ਉਦਾਸੀ ਮਾਰੀ ਮੇਰੇ ਪੰਜਾਬ ਦੀ ਤਸਵੀਰ ਵੇਖਣ ਵਾਲਿਓ, ਕਿੰਨਾ ਕੁ ਚਿਰ ਵੇਖੀ ਜਾਓਗੇ ਏਸ ਨੂੰ? ਸੋਚੀ ਜਾਓਗੇ ਤੇ ਕੋਸੀ ਜਾਓਗੇ ਆਪਣੇ ਆਪ ਉਤੇ? ਤਸਵੀਰ ਹੱਥਾਂ ਵਿਚ ਹੈ ਮੇਰੇ, ਅਨੇਕਾਂ ਸਵਾਲ ਮਨ ਮਸਤਕ ਵਿਚ ਸ਼ੋਰ ਪਾ ਰਹੇ ਨੇ। ਅਜੀਬ ਅਵਸਥਾ ਹੈ। ਰੰਗਲੇ ਪੰਜਾਬ ਦੀ ਮਹਿਮਾਂ ਗਾਉਣ ਵਾਲੇ ਗਵੱਈਏ ਗੂੰਗੇ ਹੋ ਗਏ ਨੇ ਤੇ ਕਹਿੰਦੇ ਨੇ ਪੰਜਾਬ ਰੰਗਲਾ ਨਹੀਂ, ਸਗੋਂ ਕੰਗਲਾ ਬਣ ਕੇ ਰਹਿ ਗਿਆ ਹੈ ਤੇ ਸਾਡੇ ਕੋਲੋਂ ਝੂਠੇ ਮੂਠੇ ਗੀਤ ਰਚ ਕੇ ਨਹੀਂ ਗਾਏ ਜਾਣੇ। ਪੰਜਾਬ ਦੀਆਂ ਸਿਫਤਾਂ ਸੁਣਾਉਣ ਤੇ ਗਾਉਣ ਵਾਲਿਆਂ ਦੇ ਮੂੰਹਾਂ ਨੂੰ ਜਿੰਦਰੇ ਵੱਜ ਗਏ ਨੇ। ਆਪਣਾ 'ਡਾਇਰੀ ਨਾਮਾ' ਲਿਖਦਿਆਂ ਕਲੇਜੇ ਧੂਹ ਪੈ ਰਹੀ ਹੈ ਪਰ ਜੇ ਕਰ ਇਹ ਗੱਲਾਂ ਅਸਾਂ ਨਹੀਂ ਕਰਨੀਆਂ ਤਾਂ ਹੋਰ ਕਿਸ ਨੇ ਕਰਨੀਆਂ?
ਕੋਈ ਵੇਲਾ ਹੁੰਦਾ ਸੀ, ਸ਼ਾਮ ਪੈਣ ਵੇਲੇ ਜੇ ਲਾਲ ਹਨੇਰੀ ਚੜ੍ਹਨੀ ਤਾਂ ਬਜੁਰਗਾਂ ਨੇ ਆਖਣਾ ਕਿ ਅੱਜ ਖੈਰ ਸੁਖ ਨਹੀਂ ਹੈ, ਜਰੂਰ ਕਿਸੇ ਨੌਜੁਆਨ ਗੱਭਰੂ ਦਾ ਕਤਲ ਹੋ ਗਿਆ ਹੈ। ਤੇ ਹੁਣ ਬਿਨਾਂ ਲਾਲ ਹਨੇਰੀ ਚੜ੍ਹੇ ਤੋਂ ਹੀ ਚਿੱਟੇ ਦਿਨ ਪੰਜਾਬ ਵਿਚ ਗੁੱਭਰੂਆਂ ਦੇ ਅੰਨੇਵਾਹ ਕਤਲ ਹੋ ਰਹੇ ਨੇ ਤੇ ਲਾਸ਼ਾ ਦੇ ਢੇਰ ਲੱਗ ਰਹੇ ਨੇ। ਕੋਈ ਮਾਂ ਨੂੰ ਵੱਢ ਰਿਹੈ। ਕੋਈ ਪਤਨੀ ਨੂੰ, ਕੋਈ ਪੁੱਤ ਨੂੰ, ਕੋਈ ਧੀ ਨੂੰ ਤੇ ਕੋਈ ਜਾਲਿਮ ਪੁੱਤ ਪਿਓ ਨੂੰ ਟੁਕੜੇ ਟੁਕੜੇ ਕਰ ਰਿਹਾ ਹੈ। ਬੀਤੇ ਦਿਨ ਮੋਗਾ ਦੇ ਪਿੰਡ ਨੱਥੂਵਾਲ ਗਰਬੀ ਵਿਚ ਇਕੋ ਪਰਿਵਾਰ ਦੇ ਜੀਆਂ ਦੇ ਇੱਕਠੇ ਕਤਲ ਨੇ ਪੰਜਾਬੀਆਂ ਦੇ ਸੀਨੇ ਸੱਲ ਦਿੱਤੇ। ਇਸ ਤੋਂ ਪਹਿਲਾਂ ਮਜੀਠਾ ਜਿਲੇ ਵਿਚ ਇਸ਼ਕ ਵਿਚ ਅੰਨੇ ਇੱਕ ਬੰਦੇ ਨੇ ਘਰ ਦੇ ਸਾਰੇ ਜੀਅ ਨਹਿਰ ਵਿਚ ਰੋੜ੍ਹ ਦਿੱਤੇ। ਬੋਰੀਆਂ ਵਿਚੋ ਲਾਸ਼ਾਂ ਮਿਲੀਆਂ। ਐ ਪੰਜਾਬ, ਕਿਹੋ ਜਿਹੀ ਮਾਨਸਿਕਤਾ ਹੋ ਗਈ ਹੈ ਤੇਰੇ ਪੁੱਤਾਂ ਦੀ?
ਚਿੱਟਾ ਚੰਦਰਾ ਜੜਾਂ 'ਚ ਬਹਿ ਗਿਆ
ਇਹ ਚਿੱਟਾ ਚੰਦਰਾ ਪਤਾ ਨਹੀਂ ਕੀ ਸ਼ੈਅ ਹੈ? ਚਿੱਟਾ ਚਿੱਟਾ ਹੋਈ ਜਾ ਰਹੀ ਹੈ ਚਾਰੇ ਪਾਸੇ। ਚਿੱਟਾ ਚੱਟ ਗਿਆ ਹੈ ਪੰਜਾਬ ਦੇ ਪੁੱਤਾਂ ਨੂੰ ਤੇ ਹੁਣ ਧੀਆਂ ਨੂੰ ਨਿਗਲਣ ਲੱਗ ਗਿਆ ਹੈ। ਘਰਾਂ ਦੇ ਘਰ ਫਨਾਹ ਕਰ ਸੁੱਟੇ ਨੇ ਚਿੱਟੇ ਨੇ। ਮਾਵਾਂ ਨੇ ਸਿਰਾਂ ਉਤੇ ਚਿੱਟੀਆਂ ਚੁੰਨੀਆਂ ਓਹੜ ਲੋਈਆਂ ਤੇ ਪੱਲੇ ਸਾਰੀ ਉਮਰਾਂ ਦਾ ਰੋਣਾ ਪੈ ਗਿਐ। ਚਿੱਟੇ ਦੀ ਓਵਰਡੋਜ਼ ਨਾਲ ਮਰਦੇ ਮੁੰਡਿਆਂ ਦੀਆਂ ਵੀਡੀਓਜ਼ ਦੇਖਦਿਆਂ ਦਿਲ ਨੂੰ ਹੌਲ ਪੈਂਦੇ ਨੇ। ਕੋਈ ਦਿਨ ਸੁੱਕਾ ਨਹੀਂ ਜਾਂਦਾ, ਜਦ ਨਸ਼ੇ ਦੀ ਓਵਰਡੋਜ਼ ਨਾਲ ਮੁੰਡਿਆਂ ਦੇ ਮਰਨ ਦੀਆਂ ਖਬਰਾਂ ਨਾ ਆਉਂਦੀਆਂ ਹੋਣ! ਚਿੱਟੇ ਦੇ ਉਜਾੜੇ ਟੱਬਰਾਂ ਦੇ ਦਿਲਾਂ ਦੀਆਂ ਸੁਣੋਂ, ਹਾਲ ਜਾਣੋ, ਤਾਂ ਰੌਂਗਟੇ ਖੜ੍ਹੇ ਹੋ ਜਾਂਦੇ ਨੇ।ਮੁੰਡਿਆਂ ਦੇ ਮੁੰਡੇ ਤੁਰ ਗਏ ਜਹਾਨੋ ਤੁਰੀ ਜਾ ਰਹੇ ਨੇ। ਕਾਰਾਂ,ਨਾਰਾਂ, ਹਵੇਲੀਆਂ ਤੇ ਜ਼ਮੀਨਾਂ ਪਿੱਛੇ ਲਾਵਾਰਿਸ ਰਹਿ ਗਈਆਂ ਨੇ। ਐ ਪੰਜਾਬ ਪਿਆਰੇ! ਤੈਂ ਕਦੇ ਇਹ ਸੋਚਿਆ ਸੀ ਕਿ ਨੌਬਤ ਇੱਥੋਂ ਤੱਕ ਆ ਜਾਵੇਗੀ? ਮੈਂ ਸਪੱਸ਼ਟ ਕਹਿੰਦਾ ਕਿ ਚਿੱਟੇ ਦੇ ਸੌਦਾਗਰਾਂ ਨੂੰ ਨਾ ਅਜੇ ਨੱਥ ਪਈ ਹੈ ਤੇ ਨਾ ਪੈਂਦੀ ਦਿਖਦੀ ਹੈ।
****************
ਪੰਜਾਬ ਦੇ ਥਾਣੇ, ਕਚਹਿਰੀਆਂ, ਹਸਪਤਾਲ, ਦਫਤਰ ਤੇ ਇੱਥੋਂ ਤੱਕ ਕਿ ਸਮਸ਼ਾਨਘਾਟ ਵੀ ਨੱਕੋ ਨੱਕ ਭਰੇ ਪਏ ਦਿਸਦੇ ਨੇ। ਜਿੱਧਰ ਮਰਜ਼ੀ ਚਲੇ ਜਾਓ, ਪਿੱਟ ਸਿਆਪਾ ਹੈ, ਘੈਂਸ-ਘੈਸ ਹੈ। ਰੋਸ ਮੁਜ਼ਹਰੇ ਹਨ। ਧਰਨੇ-ਮਰਨੇ ਹਨ। ਗੋਲੀ ਚਲਾਉਣੀ ਤਾਂ ਹੁਣ ਬੜੀ ਛੋਟੀ ਜਿਹੀ ਤੇ ਆਮ ਗੱਲ ਹੋ ਗਈ ਹੋ ਗਈ ਹੈ, ਕੋਈ ਪ੍ਰਵਾਹ ਨਹੀਂ, ਜਦ ਮਰਜ਼ੀ ਤੇ ਜਿੱਥੇ ਮਰਜ਼ੀ, ਗੋਲੀ ਚਲੲਾ। ਪਾਰ ਬੁਲਾਓ। ਹੋਰ ਤਾਂ ਹੋਰ, ਹੁਣੇ ਜਿਹੇ ਦੀ ਗੱਲ, ਹੜਾਂ ਮਾਰੇ ਲੋਕਾਂ ਨੂੰ ਵਸਤਾਂ ਵੰਡਣ ਪਿੱਛੇ ਇੱਕ ਪਿੰਡ ਵਿਚ ਰੌਲਾ ਪੈ ਗਿਆ ਤੇ ਗੋਲੀ ਚਲਾ ਦਿੱਤੀ, ਕਈ ਜਖਮੀ ਕਰ ਸੁੱਟ੍ਹੇ। ਰੱਬ ਦੀ ਕਰੋਪੀ ਦਾ ਸੇਕ ਤਾਂ ਹਾਲੇ ਝੱਲ ਰਹੇ ਸਨ ਤੇ ਨਾਲ ਹੀ ਮਨੁੱਖੀ ਕਰੋਪੀ ਵੀ ਰਲ ਗਈ। ਇਸ ਗੱਲ ਨੂੰ ਸੁੱਟਿਆ ਨਹੀਂ ਜਾ ਸਕਦਾ ਕਿ ਸੜਕ ਹਾਦਸਿਆਂ ਨੇ ਪੰਜਾਬ ਵਿਚ ਘਰਾਂ ਦੇ ਘਰ ਖਾਲੀ ਕਰ ਦਿੱਤੇ ਹਨ ਤੇ ਹੋਈ ਜਾ ਰਹੇ ਨੇ। ਕੈਂਸਰ ਹਰ ਗਲੀ, ਹਰ ਮੋੜ ਤੇ ਹਰ ਘਰ ਵਿਚ ਖਲੋਤਾ ਮੂੰਹ ਅੱਡੀ ਫਿਰਦਾ ਹੈ। ਕਿਧਰੇ ਪੜਿਆ ਸੀ, ਕਿਸੇ ਸਿਆਣੇ ਨੇ ਲਿਖਿਆ ਸੀ ਕਿ ਜੇਕਰ ਬੰਦੇ ਨੂੰ ਆਪਣੇ ਘਰ ਤੋਂ ਹੀ ਭੈਅ ਆਣ ਲੱਗ ਜਾਵੇ, ਤਾਂ ਉਸ ਘਰ ਵਿਚ ਰਹਿਣਾ ਹੀ ਮੁਸ਼ਕਿਲ ਹੋ ਜਾਂਦਾ ਹੈ। ਗੱਲ ਕਰਦਾ ਹਾਂ, ਪੰਜਾਬ ਦੀ ਪੜ੍ਹੀ ਲਿਖੀ ਜਵਾਨੀ ਦੀ। ਪਲੱਸ ਟੂ ਕੀਤੀ, ਆਈਲੈਟਸ 'ਚੋਂ ਬੈਂਡ ਲਏ ਤੇ ਜਹਾਜ਼ ਫੜਿਆ, ਪਰਦੇਸ ਵੱਲ ਮੁਹਰਾਂ ਮੋੜ ਲਈਆਂ। ਪੰਜਾਬ ਦੇ ਲੱਖਾਂ ਧੀਆਂ ਤੇ ਪੁੱਤ ਪਰਦੇਸੀ ਜਦ ਬੈਠੇ। ਕਦੇ ਵਾਪਸ ਨਹੀਂ ਪਰਤਣਾ ਤੇ ਨਾ ਹੀ ਉਹ ਵਾਪਸ ਪਰਤਣ ਲਈ ਗਏ ਨੇ। ਸਾਡੇ ਸਿਆਣੇ ਕਿਹਾ ਕਰਦੇ ਸਨ ਕਿ ਦੁੱਧ ਤੇ ਪੁੱਤ ਕਦੇ ਵੇਚੀਦੇ ਨਹੀਂ ਹੁੰਦੇ। ਅਸੀਂ ਪੁੱਤਾਂ ਨਾਲ ਪੈਸੇ ਵੀ ਦਿੱਤੇ ਹਨ ਪਰਦੇਸ ਨੂੰ ਤੋਰਦਿਆਂ। ਇੱਕ ਵਿਦਿਆਰਥੀ ਪਿੱਛੇ ਘੱਟੋੋ ਘੱਟ ਪੰਦਰਾਂ ਲੱਖ ਰੁਪਏ। ਤੇ ਜੇਕਰ ਸਾਢੇ ਤਿੰਨ ਸਾਲਾਂ ਦਾ ਜੋੜੀਏ, ਤਾਂ ਚਾਰ ਲੱਖ ਤੋਂ ਵੀ ਵੱਧ ਪੰਜਾਬ ਦਾ ਬੱਚਾ ਪਰਦੇਸ ਗਿਆ ਹੈ, ਤਾਂ ਗੱਲ ਅਰਬਾਂ ਰੁਪਈਆਂ ਵਿਚ ਜਾਵੇਗੀ। ਕੀ ਹੁਣ ਪੰਜਾਬ ਦਾ ਇਹ ਗਿਆ ਪੈਸਾ ਕਦੇ ਵਾਪਸ ਆਏਗਾ? ਜੁਆਬ ਨਾਂਹ ਵਿਚ ਮਿਲਦਾ ਹੈ। ਕਿਸੇ ਵੀ ਏਅਰਪੋਰਟ ਉਤੇ ਚਲੇ ਜਾਓ, ਖਾਸ ਕਰ ਦਿੱਲੀ ਜਾਂ ਅੰਮ੍ਰਿਤਸਰ। ਵਿਦਿਆਰਥੀ ਵਿਜ਼ਿਆਂ ਉਤੇ ਜਾ ਰਹੇ ਮੁੰਡੇ ਕੁੜੀਆਂ ਦੀਆਂ ਕਤਾਰਾਂ ਏਨੀਆਂ ਲੰਬੀਆਂ ਨੇ ਕਿ ਇਮੀਗ੍ਰੇਸ਼ਨ ਚੈਕਿੰਗ ਵਾਲੇ ਮੱਥੇ ਫੜੀ ਬੈਠੇ ਖੁਦ ਦੇਖ ਆਇਆ ਹਾਂ। ਐ ਪੰਜਾਬ ਪਿਆਰੇ, ਤੇਰੇ ਕੋਲ ਕੀ ਰਹਿ ਗਿਐ, ਜਦ ਪੜੀ ਲਿਖੀ ਤੇ ਡਿਗਰੀਆਂ ਡਿਪਲੋਮਿਆਂ ਵਾਲੀ ਜੁਆਨੀ ਮੂੰਹ ਫੇਰ ਚੱਲੀ ਹੈ ਤੇਰੇ ਤੋਂ। ਕਾਲਜ ਤੇ ਯੂਨੀਵਰਸਿਟੀਆਂ ਵਿਚ ਦਾਖਲੇ ਨਹੀਂ ਹੋਏ। ਖਾਲੀ ਭਾਂ ਭਾਂ ਦੇਖ ਅਧਿਆਪਕ ਵੀ ਭੱਜਣ ਲੱਗੇ ਨੇ। ਕਿਹਾ ਕਰਦੇ ਸਨ ਕਿ ਪੰਜਾਬ ਦਾ ਕਿਰਸਾਨ ਮੁਲਕ ਦਾ ਢਿੱਡ ਭਰਦਾ ਹੈ। ਅੰਨਦਾਤਾ ਹੈ। ਰੱਜਵਾਂ ਅਨਾਜ ਪੈਦਾ ਕਰਦਾ ਹੈ। ਪਰ ਮਾਲਵੇ ਖਿੱਤੇ ਵਿਚ ਲਗਾਤਾਰ ਫਾਹੇ ਲੈ ਰਹੇ ਤੇ ਸਪਰੇਆਂ ਪੀ ਰਹੇ ਅੰਨ ਦਾਤਿਆਂ ਦੇ ਘਰਾਂ 'ਚੋਂ ਵਿਛੇ ਸੱਥਰ ਕੌਣ ਉਠਾਵੇਗਾ? ਕੋਈ ਵੀ ਨਹੀਂ। ਕਿਸਾਨਾਂ ਦੀਆਂ ਆਤਮ ਹਤਿਆਵਾਂ ਨਾ ਕੇਂਦਰ ਰੋਕ ਸਕਿਆ ਤੇ ਨਾ ਸਥਾਨਕ ਸਰਕਾਰਾਂ। ਐ ਪੰਜਾਬ ਪਿਆਰੇ, ਇਹ ਤਾਂ ਕੁਝ ਕੁ ਝਲਕਾਂ ਹੀ ਨੇ ਤੇਰੀ ਉਦਾਸੀ ਮਾਰੀ ਫਿੱਕੀ ਫੋਟੋ 'ਚੋਂ ਤੱਕੀਆਂ। ਹਰੇ ਗੁੜ੍ਹੇ ਰੰਗਾਂ ਵਾਲੀ ਟਹਿਕਦੀ ਤੇ ਸੁੰਦਰਤਾ ਭਰੀ ਤੇਰੀ ਤਸਵੀਰ ਦੇਖਣ ਦੀ ਚਾਹਤ ਲਈ ਕਾਮਨਾ ਹੀ ਕੀਤੀ ਜਾ ਸਕਦੀ ਹੈ।