ਨਵਾਂ ਸ਼ਹਿਰ, 11 ਸਤੰਬਰ 2019: ਜ਼ਿਲ੍ਹੇ ਦੇ ਪੀ ਸੀ ਐਸ ਅਫ਼ਸਰਾਂ ਅਤੇ ਮਾਲ ਅਫ਼ਸਰਾਂ ਵੱਲੋਂ ਗੁਰਦਾਸਪੁਰ ਅਤੇ ਫ਼ਿਰੋਜ਼ਪੁਰ ’ਚ ਸੀਨੀਅਰ ਅਧਿਕਾਰੀਆਂ ਨਾਲ ਹੋਏ ਦੁਰਵਿਵਹਾਰ ਦੇ ਵਿਰੋਧ ਵਜੋਂ ਅੱਜ ਕਾਲੇ ਬਿੱਲੇ ਲਾਏ ਗਏ।
ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਦੀ ਅਗਵਾਈ ’ਚ ਪੰਜਾਬ ਸਿਵਲ ਸਰਵਿਸਜ਼ ਐਸੋਸੀਏਸ਼ਨ ਅਤੇ ਪੰਜਾਬ ਰੈਵੇਨਿਊ ਆਫ਼ੀਸਰਜ਼ ਐਸੋਸੀਏਸ਼ਨ ਦੇ ਸੱਦੇ ’ਤੇ ਪ੍ਰਗਟਾਏ ਗਏ ਰੋਸ ’ਚ ਸ਼ਾਮਿਲ ਹੋਣ ਵਾਲੇ ਅਧਿਕਾਰੀਆਂ ਐਸ ਡੀ ਐਮ ਬਲਾਚੌਰ ਜਸਬੀਰ ਸਿੰਘ, ਸਹਾਇਕ ਕਮਿਸ਼ਨਰ (ਜ) ਸ਼ਿਵ ਕੁਮਾਰ, ਡੀ ਆਰ ਓ ਵਿਪਨ ਭੰਡਾਰੀ, ਤਹਿਸੀਲਦਾਰ ਨਵਾਂਸ਼ਹਿਰ ਅਦਿਤਿਆ ਗੁਪਤਾ, ਬਲਾਚੌਰ ਚੇਤਨ ਬੰਗੜ, ਬੰਗਾ ਅਜੀਤ ਪਾਲ ਅਤੇ ਨਾਇਬ ਤਹਿਸੀਲਦਾਰ ਨਵਾਂਸ਼ਹਿਰ ਕੁਲਵੰਤ ਸਿੰਘ ਸਿੱਧੂ ਸ਼ਾਮਿਲ ਹੋਏ। ਇਨ੍ਹਾਂ ਅਧਿਕਾਰੀਆਂ ਦਾ ਕਹਿਣਾ ਸੀ ਕਿ ਸਰਕਾਰੀ ਡਿਊਟੀ ’ਤੇ ਤਾਇਨਾਤ ਆਹਲਾ ਅਧਿਕਾਰੀਆਂ ਨਾਲ ਜਿਸ ਤਰ੍ਹਾਂ ਗੁਰਦਾਸਪੁਰ ਅਤੇ ਫ਼ਿਰੋਜ਼ਪੁਰ ’ਚ ਵਾਪਰੀਆਂ ਤਾਜ਼ਾਂ ਘਟਨਾਵਾਂ ਅਤੇ ਪਿਛਲੇ ਸਮੇਂ ’ਚ ਧੂਰੀ, ਨਿਹਾਲ ਸਿੰਘ ਵਾਲਾ, ਮੋਗਾ, ਲੁਧਿਆਣਾ ਅਤੇ ਜੀਰਾ ਵਿਖੇ ਅਧਿਕਾਰੀਆਂ ਦੁਰਵਿਹਾਰ ਕੀਤਾ ਗਿਆ ਹੈ, ਉਸ ਤੋਂ ਅਧਿਕਾਰੀਆਂ ਦੇ ਆਪਣੀ ਡਿਊਟੀ ਆਜ਼ਾਦਾਨਾ ਢੰਗ ਨਾਲ ਨਿਭਾਉਣ ’ਤੇ ਖਤਰਾ ਖੜਾ ਹੋ ਗਿਆ ਹੈ।
ਉਨ੍ਹਾਂ ਕਿਹਾ ਕਿ ਜੇਕਰ ਆਹਲਾ ਅਧਿਕਾਰੀਆਂ ਦਾ ਮਾਣ-ਸਤਿਕਾਰ ਹੀ ਖਤਰੇ ’ਚ ਹੈ ਤਾਂ ਫ਼ੀਲਡ ’ਚ ਕੰਮ ਕਰਨ ਵਾਲੇ ਛੋਟੇ ਅਧਿਕਾਰੀਆਂ/ਕਰਮਚਾਰੀਆਂ ਦਾ ਹੌਂਸਲਾ ਵੀ ਪਸਤ ਹੋਵੇਗਾ।
ਇਨ੍ਹਾਂ ਅਧਿਕਾਰੀਆਂ ਨੇ ਇਸ ਤੋਂ ਇਲਾਵਾ ਨਵੇਂ ਅਧਿਕਾਰੀਆਂ ਨੂੰ ਮਹਿਜ਼ 15600 ਰੁਪਏ ਦੀ ਮੁਢੀ ਤਨਖਾਹ ਦੇਣ, ਲੋੜੀਂਦਾ ਸਟਾਫ਼ ਤੇ ਸਹੂਲਤਾਂ ਨਾ ਦੇਣ ਅਤੇ ਕੇਡਰ ਅਸਾਮੀਆਂ ’ਤੇ ਨਿਯੁਕਤੀਆਂ ਨਾ ਕਰਨ ਪ੍ਰਤੀ ਵੀ ਰੋਸ ਪ੍ਰਗਟਾਇਆ।
ਦੋਵਾਂ ਐਸੋਸੀਏਸ਼ਨਾਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਉਹ 15 ਦਿਨਾਂ ਦੇ ਵਿੱਚ-ਵਿੱਚ ਲੋੜੀਂਦੀ ਕਾਰਵਾਈ ਕਰਨ ਅਤੇ ਉਨ੍ਹਾਂ ਦਾ ਮਾਣ-ਸਨਮਾਨ ਬਹਾਲ ਕਰਨ।