ਬਟਾਲਾ, 19 ਸਤੰਬਰ 2019 - ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸ਼ਹਿਜਾਦਾ ਦੇ ਨੌਜਵਾਨ ਕਿਸਾਨ ਮੰਗਲ ਸਿੰਘ ਪਿਛਲੇ 4 ਸਾਲਾਂ ਤੋਂ ਫਸਲੀ ਰਹਿੰਦ-ਖੂੰਹਦ ਨੂੰ ਬਿਨਾ ਅੱਗ ਲਗਾਏ ਫਸਲਾਂ ਦੀ ਬਿਜਾਈ ਕਰ ਰਿਹਾ ਹੈ। ਮੰਗਲ ਸਿੰਘ ਦੇ ਇਸ ਯਤਨ ਨਾਲ ਜਿਥੇ ਉਸਦੀਆਂ ਫਸਲਾਂ ਦਾ ਝਾੜ ਆਮ ਨਾਲੋਂ ਵੱਧ ਨਿਕਲ ਰਿਹਾ ਹੈ ਉਥੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਵਿੱਚ ਵੀ ਉਸ ਵਲੋਂ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ। ਮੰਗਲ ਸਿੰਘ ਨੇ ਪਿਛਲੇ ਸਾਲ 20 ਏਕੜ ਪਰਾਲੀ ਵਾਲੇ ਖੇਤਾਂ ਵਿੱਚ ਹੈਪੀਸੀਡਰ ਦੀ ਮਦਦ ਨਾਲ ਕਣਕ ਦੀ ਬਿਜਾਈ ਕੀਤੀ ਸੀ ਅਤੇ ਉਸਦੀ ਕਣਕ ਦਾ ਝਾੜ ਬਹੁਤ ਵਧੀਆ ਰਿਹਾ ਸੀ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਉੱਚ ਸਿੱਖਿਆ ਪ੍ਰਾਪਤ ਨੌਜਵਾਨ ਕਿਸਾਨ ਮੰਗਲ ਸਿੰਘ ਇਸ ਸਮੇਂ ਪੰਚਾਇਤ ਵਿਭਾਗ ਵਿੱਚ ਡੇਰਾ ਬਾਬਾ ਨਾਨਕ ਬਲਾਕ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ। ਨੌਂਕਰੀ ਦੇ ਨਾਲ-ਨਾਲ ਉਹ ਪੂਰੀ ਸਫ਼ਲਤਾ ਨਾਲ ਆਪਣੀ ਖੇਤੀ ਵੀ ਕਰ ਰਿਹਾ ਹੈ। ਕਿਸਾਨ ਮੰਗਲ ਸਿੰਘ ਨੇ ਦੱਸਿਆ ਕਿ ਵਾਤਾਵਰਨ ਵਿੱਚ ਆ ਰਹੇ ਵਿਗਾੜ ਨੂੰ ਰੋਕਣ ਲਈ ਉਸਨੇ ਆਪਣੇ ਵੱਲੋਂ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦਿਆਂ ਪਿਛਲੇ ਚਾਰ ਸਾਲਾਂ ਤੋਂ ਉਸਨੇ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਬਿਲਕੁਲ ਨਹੀਂ ਲਗਾਈ ਹੈ ਅਤੇ ਇਸ ਵਾਰ ਵੀ ਝੋਨੇ ਦੀ ਪਰਾਲੀ ਨੂੰ ਬਿਲਕੁਲ ਅੱਗ ਨਹੀਂ ਲਗਾਵੇਗਾ। ਮੰਗਲ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਉਸਨੇ ਝੋਨੇ ਦੀ ਫਸਲ ਕੰਬਾਇਨ ਨਾਲ ਵਢਾਉਣ ਤੋਂ 10 ਦਿਨ ਬਾਅਦ ਉਸਨੇ ਹੈਪੀਸੀਡਰ ਨਾਲ ਬਿਨਾਂ ਖੇਤ ਵਾਹੇ ਕਣਕ ਦੀ ਬਿਜਾਈ ਕੀਤੀ ਸੀ। ਉਸਨੇ ਕਿਹਾ ਕਿ ਅਜਿਹਾ ਕਰਨ ਨਾਲ ਜਿਥੇ ਉਸਦਾ ਖੇਤੀ ਖਰਚਾ ਘਟਿਆ ਹੈ ਉਥੇ ਅੱਗ ਨਾ ਲਗਾਉਣ ਕਾਰਨ ਵਾਤਾਵਰਨ ਪਲੀਤ ਹੋਣ ਤੋਂ ਬਚਿਆ ਹੈ ਅਤੇ ਉਸਦੇ ਖੇਤਾਂ ਦੀ ਉਪਜਾਊ ਸ਼ਕਤੀ ਵੀ ਵਧੀ ਹੈ।
ਕਿਸਾਨ ਮੰਗਲ ਸਿੰਘ ਨੇ ਦੱਸਿਆ ਕਿ ਉਸਨੇ ਪਿਛਲੇ ਸਾਲ ਚਾਰ ਏਕੜ ਵਿੱਚ ਝੋਨੇ ਦੀ ਪਰਾਲੀ ਨੂੰ ਬਿਨਾ ਅੱਗ ਲਗਾਏ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਸੀ ਅਤੇ ਇਨਾਂ ਖੇਤਾਂ ਦੀ ਕਣਕ ਦਾ ਝਾੜ ਦੂਸਰੇ ਖੇਤਾਂ ਦੇ ਮੁਕਾਬਲੇ ਵੱਧ ਨਿਕਲਿਆ ਸੀ। ਉਸਨੇ ਕਿਹਾ ਬੀਤੇ ਸਾਲ ਦੇ ਤਜ਼ਰਬੇ ਨੂੰ ਦੇਖਦੇ ਹੋਏ ਇਸ ਵਾਰ ਉਹ ਸਾਰੇ ਖੇਤਾਂ ਵਿੱਚ ਬਿਨਾਂ ਅੱਗ ਲਗਾਏ ਹੈਪੀਸੀਡਰ ਨਾਲ ਕਣਕ ਦੀ ਬਿਜਾਈ ਕਰੇਗਾ। ਮੰਗਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਅੱਗ ਨਾ ਲਗਾਉਣ ਲਈ ਬਹੁਤ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਪਿਛਲੇ ਸਮੇਂ ਵਿੱਚ ਇਸਦਾ ਅਸਰ ਵੀ ਦੇਖਣ ਨੂੰ ਮਿਲਿਆ ਹੈ। ਕਿਸਾਨ ਮੰਗਲ ਸਿੰਘ ਨੇ ਆਪਣੇ ਸਾਥੀ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾ ਕੇ ਆਪਣਾ ਅਤੇ ਵਾਤਾਵਰਨ ਦਾ ਨੁਕਸਾਨ ਬਿਲਕੁਲ ਨਾ ਕਰਨ।